ਵਿਰੋਧੀ ਧਿਰ ਦੇ ਆਗੂਆਂ ਨੇ ਫਲਸਤੀਨੀਆਂ ਨਾਲ ਇਕਜੁੱਟਤਾ ਪ੍ਰਗਟਾਈ
ਨਵੀਂ ਦਿੱਲੀ, 16 ਅਕਤੂਬਰ
ਇਜ਼ਰਾਈਲ-ਹਮਾਸ ਜੰਗ ਦਰਮਿਆਨ ਵਿਰੋਧੀ ਧਿਰਾਂ ਦੇ ਇਕ ਧੜੇ ਨੇ ਇਥੇ ਫਲਸਤੀਨੀ ਅੰਬੈਸੀ ਦਾ ਦੌਰਾ ਕਰਕੇ ਉਥੋਂ ਦੇ ਲੋਕਾਂ ਨਾਲ ਇਕਜੁੱਟਤਾ ਪ੍ਰਗਟਾਈ ਅਤੇ ਗਾਜ਼ਾ ’ਤੇ ਇਜ਼ਰਾਇਲੀ ਬੰਬਾਰੀ ਦੀ ਨਿੰਦਾ ਕਰਦਿਆਂ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਹਿੰਸਾ ਰੋਕਣ ਲਈ ਫੌਰੀ ਕਦਮ ਚੁੱਕਣੇ ਚਾਹੀਦੇ ਹਨ।
ਅੰਬੈਸੀ ਦਾ ਦੌਰਾ ਕਰਨ ਵਾਲੇ ਆਗੂਆਂ ’ਚ ਬਸਪਾ ਦੇ ਸੰਸਦ ਮੈਂਬਰ ਦਾਨਿਸ਼ ਅਲੀ, ਕਾਂਗਰਸ ਆਗੂ ਮਨੀ ਸ਼ੰਕਰ ਅਈਅਰ, ਜਨਤਾ ਦਲ (ਯੂ) ਦੇ ਕੇ ਸੀ ਤਿਆਗੀ, ਸੀਪੀਆਈ (ਐੱਮਐੱਲ) ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰਿਆ ਅਤੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਜਾਵੇਦ ਅਲੀ ਸ਼ਾਮਲ ਸਨ।
ਆਗੂਆਂ ਨੇ ਫਲਸਤੀਨੀ ਸਫ਼ੀਰ ਅਦਨਾਨ ਅਬੂ ਅਲ ਹਾਯਜ਼ਾ ਨਾਲ ਵੀ ਮੁਲਾਕਾਤ ਕੀਤੀ। ਭੱਟਾਚਾਰੀਆ ਨੇ ਕਿਹਾ ਕਿ ਉਹ ਗਾਜ਼ਾ ’ਚ ਜੰਗ ਅਤੇ ਮਾਨਵੀ ਸੰਕਟ ਦੇ ਮੱਦੇਨਜ਼ਰ ਫਲਸਤੀਨੀ ਲੋਕਾਂ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਇਥੇ ਅੰਬੈਸੀ ’ਚ ਆਏ ਹਨ। ਸੀਪੀਆਈ (ਐੱਮਐੱਲ) ਆਗੂ ਨੇ ਕਿਹਾ,‘‘ਅਸੀਂ ਦੁਨੀਆ ਦੇ ਲੋਕਾਂ ਨਾਲ ਰਲ ਕੇ ਆਪਣੀ ਆਵਾਜ਼ ਬੁਲੰਦ ਕਰ ਰਹੇ ਹਾਂ। ਸ਼ਾਂਤੀ ਦੀ ਆਵਾਜ਼ ਹੋਰ ਤੇਜ਼ ਹੋਣੀ ਚਾਹੀਦੀ ਹੈ ਕਿਉਂਕਿ ਗਾਜ਼ਾ ’ਚ ਹੁਣ ਨਾ ਸਿਰਫ਼ ਲੋਕਾਂ ਨੂੰ ਅੰਨ੍ਹੇਵਾਹ ਮਾਰਿਆ ਜਾ ਰਿਹਾ ਹੈ ਸਗੋਂ ਦੁਨੀਆ ਨੂੰ ਤੀਜੀ ਵਿਸ਼ਵ ਜੰਗ ਵੱਲ ਧੱਕਿਆ ਜਾ ਰਿਹਾ ਹੈ।’’ ਵਿਰੋਧੀ ਧਿਰਾਂ ਦੇ ਆਗੂਆਂ ਨੇ ਇਹ ਵੀ ਕਿਹਾ ਕਿ 1967 ਦੀਆਂ ਸਰਹੱਦਾਂ ਦੇ ਆਧਾਰ ’ਤੇ ਇਕ ਆਜ਼ਾਦ ਫਲਸਤੀਨੀ ਮੁਲਕ ਦੀ ਸਥਾਪਨਾ ਹੋਣੀ ਚਾਹੀਦੀ ਹੈ ਕਿਉਂਕਿ ਇਹ ਇਜ਼ਰਾਈਲ-ਫਲਸਤੀਨ ਸੰਘਰਸ਼ ਦਾ ਢੁੱਕਵਾਂ ਹੱਲ ਕੱਢਣ ਵੱਲ ਇਕ ਅਹਿਮ ਕਦਮ ਹੋਵੇਗਾ। ਵਿਰੋਧੀ ਧਿਰ ਦੇ ਆਗੂਆਂ ਨੇ ਜਿਹੜਾ ਸਾਂਝਾ ਅਹਿਦਨਾਮਾ ਜਾਰੀ ਕੀਤਾ ਹੈ, ਉਸ ’ਤੇ ਕੁੱਲ 15 ਆਗੂਆਂ ਦੇ ਦਸਤਖ਼ਤ ਹਨ। ਇਨ੍ਹਾਂ ’ਚ ਰਾਸ਼ਟਰੀ ਜਨਤਾ ਦਲ ਦੇ ਸੰਸਦ ਮੈਂਬਰ ਮਨੋਜ ਝਾਅ ਵੀ ਸ਼ਾਮਲ ਹਨ। -ਪੀਟੀਆਈ