For the best experience, open
https://m.punjabitribuneonline.com
on your mobile browser.
Advertisement

‘ਚਾਹ ਵਾਲੇ’ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਵਿਰੋਧੀ ਪ੍ਰੇਸ਼ਾਨ: ਮੋਦੀ

06:44 AM Jul 03, 2024 IST
‘ਚਾਹ ਵਾਲੇ’ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਵਿਰੋਧੀ ਪ੍ਰੇਸ਼ਾਨ  ਮੋਦੀ
ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦੇ ਹੋਏ ਐੱਨਡੀਏ ਆਗੂ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 2 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੌਮੀ ਜਮਹੂਰੀ ਗੱਠਜੋੜ ਦੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਸੰਸਦੀ ਨੇਮਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਸੀਨੀਅਰ ਮੈਂਬਰਾਂ ਤੋਂ ਵਧੀਆ ਅਭਿਆਸ ਬਾਰੇ ਸਬਕ ਲੈਣ। ਸ੍ਰੀ ਮੋਦੀ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਸੱਤਾਧਾਰੀ ਗੱਠਜੋੜ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ’ਤੇ ‘ਸਭ ਤੋਂ ਗੈਰਜ਼ਿੰਮੇਵਾਰਾਨਾ’ ਭਾਸ਼ਣ ਦੇਣ ਦਾ ਦੋਸ਼ ਲਾਇਆ ਹੈ।
ਇਥੇ ਐੱਨਡੀਏ ਐੱਮਪੀਜ਼ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਪ੍ਰੇਸ਼ਾਨ ਹੈ ਕਿਉਂਕਿ ਪਹਿਲੀ ਵਾਰ ਕੋਈ ਗ਼ੈਰ-ਕਾਂਗਰਸੀ ਆਗੂ, ਜੋ ਉਪਰੋਂ ‘ਚਾਹ ਵਾਲਾ’ ਵੀ ਹੈ, ਲਗਾਤਾਰ ਤੀਜੇ ਕਾਰਜਕਾਲ ਲਈ ਪ੍ਰਧਾਨ ਮੰਤਰੀ ਬਣਿਆ ਹੈ। ਸੂਤਰਾਂ ਨੇ ਕਿਹਾ ਕਿ ਸ੍ਰੀ ਮੋਦੀ ਨੇ ਆਪਣੀ ਸਾਧਾਰਨ ਮੂਲ ਉਤਪਤੀ ’ਤੇ ਰੌਸ਼ਨੀ ਪਾਉਂਦਿਆਂ ਨਹਿਰੂ ਗਾਂਧੀ ਪਰਿਵਾਰ ਦੇ ਪ੍ਰਤੱਖ ਹਵਾਲੇ ਨਾਲ ਕਿਹਾ ਕਿ ਇਸ (ਪਰਿਵਾਰ) ਦੇ ਮੈਂਬਰ ਹੀ ਪ੍ਰਧਾਨ ਮੰਤਰੀ ਬਣਦੇ ਸਨ ਤੇ ਉਨ੍ਹਾਂ ਪਰਿਵਾਰ ਤੋਂ ਬਾਹਰ ਕਿਸੇ ਨੂੰ ਉਭਰਨ ਦਾ ਬਹੁਤਾ ਮੌਕਾ ਨਹੀਂ ਦਿੱਤਾ। ਬੈਠਕ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਸ੍ਰੀ ਮੋਦੀ ਨੇ ਸੰਸਦ ਮੈਂਬਰਾਂ ਨੂੰ ਆਖਿਆ ਕਿ ਉਹ ਸੰਸਦੀ ਮਾਮਲਿਆਂ ਦੀ ਘੋਖ ਕਰਨ, ਸੰਸਦ ਵਿਚ ਨਿਯਮਤ ਹਾਜ਼ਰੀ ਯਕੀਨੀ ਬਣਾਉਣ ਤੇ ਆਪਣੇ ਹਲਕੇ ਨਾਲ ਜੁੜੇ ਮਸਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੱਖਣ। ਪੱਤਰਕਾਰਾਂ ਨੇ ਜਦੋਂ ਪੁੱਛਿਆ ਕਿ ਕੀ ਸ੍ਰੀ ਮੋਦੀ ਨੇ ਗਾਂਧੀ ਵੱਲੋਂ ਸੋਮਵਾਰ ਨੂੰ ਲੋਕ ਸਭਾ ਵਿਚ ਦਿੱਤੇ ਭਾਸ਼ਣ ਦਾ ਹਵਾਲਾ ਦਿੱਤਾ ਤਾਂ ਰਿਜਿਜੂ ਨੇ ਕਿਹਾ ਕਿ ਉਨ੍ਹਾਂ ਅਜਿਹਾ ਕੋਈ ਜ਼ਿਕਰ ਨਹੀਂ ਕੀਤਾ, ਪਰ ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਬੋਲ ਰਿਹਾ ਹੋਵੇ ਤਾਂ ਫਿਰ ਸੁਨੇਹਾ ਸਾਰਿਆਂ ਲਈ ਹੁੰਦਾ ਹੈ।
ਰਿਜਿਜੂ ਨੇ ਕਿਹਾ ਕਿ ਐੱਨਡੀਏ ਦੀ ਬੈਠਕ ਦੌਰਾਨ ਗੱਠਜੋੜ ਦੇ ਆਗੂਆਂ ਨੇ ‘ਇਤਿਹਾਸਕ’ ਤੀਜੇ ਕਾਰਜਕਾਲ ਲਈ ਸ੍ਰੀ ਮੋਦੀ ਨੂੰ ਵਧਾਈ ਦਿੱਤੀ। ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਕਿਸੇ ਵੀ ਮੁੱਦੇ ਬਾਰੇ ਮੀਡੀਆ ਵਿਚ ਟਿੱਪਣੀਆਂ ਕਰਨ ਤੋਂ ਪਹਿਲਾਂ ਉਸ ਬਾਰੇ ਅਧਿਐਨ ਜ਼ਰੂਰ ਕਰ ਲੈਣ। ਉਨ੍ਹਾਂ ਸੰਸਦ ਮੈਂਬਰਾਂ ਨੂੰ ਆਪਣੇ ਹਲਕਿਆਂ ਨਾਲ ਰਾਬਤਾ ਬਣਾ ਕੇ ਰੱਖਣ ਤੇ ਹਮਾਇਤ ਲਈ ਵੋਟਰਾਂ ਦਾ ਧੰਨਵਾਦ ਕਰਨ ਲਈ ਵੀ ਕਿਹਾ। ਸ੍ਰੀ ਮੋਦੀ ਨੇ ਐੱਮਪੀਜ਼ ਨੂੰ ਕਿਹਾ ਕਿ ਉਹ ਪ੍ਰਾਈਮ ਮਨਿਸਟਰਜ਼ ਮਿਊਜ਼ੀਅਮ ਜਾਣ ਕਿਉਂਕਿ ਇਹ ਸਾਰੇ ਪ੍ਰਧਾਨ ਮੰਤਰੀਆਂ ਦੀ ਜੀਵਨ ਯਾਤਰਾ ਦਾ ਅਹਿਮ ਦਸਤਾਵੇਜ਼ ਹੈ। -ਪੀਟੀਆਈ

Advertisement

ਰਾਹੁਲ ਦੀਆਂ ਟਿੱਪਣੀਆਂ ਨਾਲ ਵੱਖ-ਵੱਖ ਧਰਮਾਂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ: ਚਿਰਾਗ

ਬੈਠਕ ਵਿਚ ਸ਼ਾਮਲ ਕੇਂਦਰੀ ਮੰਤਰੀ ਤੇ ਲੋਕ ਜਨਸ਼ਕਤੀ ਪਾਰਟੀ ਦੇ ਆਗੂ ਚਿਰਾਗ ਪਾਸਵਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਐੱਨਡੀਏ ਮੈਂਬਰ ਗਾਂਧੀ ਵੱਲੋਂ ਸ੍ਰੀ ਮੋਦੀ ਤੇ ਸਪੀਕਰ ਓਮ ਬਿਰਲਾ ’ਤੇ ਕੀਤੇ ‘ਨਿੱਜੀ ਹਮਲਿਆਂ’ ਤੋਂ ਫ਼ਿਕਰਮੰਦ ਸਨ। ਪਾਸਵਾਨ ਨੇ ਕਿਹਾ ਕਿ ਗਾਂਧੀ ਦੀਆਂ ਟਿੱਪਣੀਆਂ ਨਾਲ ਵੱਖ ਵੱਖ ਧਰਮਾਂ/ਅਕੀਦਿਆਂ ਨੂੰ ਮੰਨਣ ਵਾਲਿਆਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਪਾਸਵਾਨ ਨੇ ਕਿਹਾ, ‘‘ਇਸ ਸੰਦਰਭ ਵਿਚ, ਪ੍ਰਧਾਨ ਮੰਤਰੀ ਨੇ ਨਵੇਂ ਚੁਣੇ ਸੰਸਦ ਮੈਂਬਰਾਂ ਨੂੰ ਸੇਧਾਂ ਦਿੱਤੀਆਂ ਕਿ ਉਨ੍ਹਾਂ ਖ਼ੁਦ ਨੂੰ ਸੰਸਦ ਵਿਚ ਕਿਵੇਂ ਚਲਾਉਣਾ ਹੈ। ਉਨ੍ਹਾਂ ਆਪਣੇ ਤਜਰਬੇ ਸਾਂਝੇ ਕੀਤੇ ਤੇ ਸਾਨੂੰ ਪ੍ਰੇਰਨਾ ਦਿੱਤੀ।’’ ਚੇਤੇ ਰਹੇ ਕਿ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਲੋਕ ਸਭਾ ਵਿਚ ਭਾਜਪਾ ’ਤੇ ਤਿੱਖੇ ਹਮਲੇ ਕਰਦਿਆਂ ‘ਹਿੰਸਾ ਤੇ ਨਫ਼ਰਤ’ ਫੈਲਾਉਣ ਦਾ ਦੋਸ਼ ਲਾਇਆ ਸੀ, ਜਿਸ ਦਾ ਸੱਤਾਧਾਰੀ ਧਿਰ ਨੇ ਜ਼ੋਰਦਾਰ ਢੰਗ ਨਾਲ ਵਿਰੋਧ ਕੀਤਾ ਸੀ। ਕਾਂਗਰਸ ਆਗੂ ਨੇ ਭਾਜਪਾ ਨੂੰ ਨਿਸ਼ਾਨਾ ਬਣਾਉਣ ਲਈ ਧਾਰਮਿਕ ਸਿਧਾਂਤਾਂ ਦਾ ਵੀ ਹਵਾਲਾ ਦਿੱਤਾ। ਹਾਲਾਂਕਿ ਵਿਰੋਧੀ ਧਿਰ ਦੇ ਆਗੂ ਦੀਆਂ ਬਹੁਤੀਆਂ ਟਿੱਪਣੀਆਂ ਨੂੰ ਚੇਅਰ ਨੇ ਰਿਕਾਰਡ ਵਿਚੋਂ ਕੱਢ ਦਿੱਤਾ।

Advertisement
Author Image

joginder kumar

View all posts

Advertisement
Advertisement
×