For the best experience, open
https://m.punjabitribuneonline.com
on your mobile browser.
Advertisement

ਹਿੰਦੂ ਧਰਮ ਦੇ ਮੂਲ ਸਿਧਾਂਤਾਂ ਨੂੰ ਨਹੀਂ ਸਮਝਦੇ ਭਾਜਪਾ ਦੇ ਲੋਕ: ਰਾਹੁਲ

07:01 AM Jul 04, 2024 IST
ਹਿੰਦੂ ਧਰਮ ਦੇ ਮੂਲ ਸਿਧਾਂਤਾਂ ਨੂੰ ਨਹੀਂ ਸਮਝਦੇ ਭਾਜਪਾ ਦੇ ਲੋਕ  ਰਾਹੁਲ
ਨਵੀਂ ਦਿੱਲੀ ਵਿੱਚ ਰਾਹੁਲ ਗਾਂਧੀ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਭਾਜਪਾ ਵਰਕਰ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 3 ਜੁਲਾਈ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਹਿਮਦਾਬਾਦ ਵਿੱਚ ਪਾਰਟੀ ਦਫ਼ਤਰ ’ਤੇ ਹੋਏ ਹਮਲੇ ਨੂੰ ‘ਹਿੰਸਕ ਹਮਲਾ’ ਕਰਾਰ ਦਿੰਦਿਆਂ ਅੱਜ ਸੱਤਾਧਾਰੀ ਧਿਰ ਭਾਜਪਾ ’ਤੇ ਨਿਸ਼ਾਨਾ ਸੇਧਿਆ ਅਤੇ ਕਿਹਾ ਕਿ ਹਿੰਸਾ ਤੇ ਨਫ਼ਰਤ ਫੈਲਾਉਣ ਵਾਲੇ ਭਾਜਪਾ ਦੇ ਲੋਕ ਹਿੰਦੂ ਧਰਮ ਦੇ ਮੂਲ ਸਿਧਾਂਤਾਂ ਨੂੰ ਨਹੀਂ ਸਮਝਦੇ। ਰਾਹੁਲ ਵੱਲੋਂ ਲੋਕ ਸਭਾ ਵਿੱਚ ਕੀਤੀਆਂ ਟਿੱਪਣੀਆਂ ਖ਼ਿਲਾਫ਼ ਮੰਗਲਵਾਰ ਨੂੰ ਰੋਸ ਪ੍ਰਦਰਸ਼ਨ ਦੌਰਾਨ ਅਹਿਮਦਾਬਾਦ ਵਿੱਚ ਗੁਜਰਾਤ ਕਾਂਗਰਸ ਦੇ ਮੁੱਖ ਦਫ਼ਤਰ ਬਾਹਰ ਭਾਜਪਾ ਤੇ ਕਾਂਗਰਸ ਦੇ ਕਾਰਕੁਨਾਂ ਨੇ ਇੱਕ-ਦੂਜੇ ’ਤੇ ਪੱਥਰਬਾਜ਼ੀ ਕੀਤੀ ਸੀ। ਰਾਹੁਲ ਨੇ ‘ਐਕਸ’ ਉੱਤੇ ਸਾਂਝੀ ਕੀਤੀ ਪੋਸਟ ਵਿੱਚ ਕਿਹਾ, ‘‘ਗੁਜਰਾਤ ਕਾਂਗਰਸ ਦੇ ਦਫ਼ਤਰ ’ਤੇ ਕਾਇਰਾਨਾ ਅਤੇ ਹਿੰਸਕ ਹਮਲਾ ਭਾਜਪਾ ਅਤੇ ਸੰਘ ਪਰਿਵਾਰ ਬਾਰੇ ਮੇਰੀ ਗੱਲ ਨੂੰ ਹੋਰ ਪੁਖ਼ਤਾ ਕਰਦਾ ਹੈ। ਹਿੰਸਾ ਤੇ ਨਫ਼ਰਤ ਫੈਲਾਉਣ ਵਾਲੇ ਭਾਜਪਾ ਦੇ ਲੋਕ ਹਿੰਦੂ ਧਰਮ ਦੇ ਮੂਲ ਸਿਧਾਂਤਾਂ ਨੂੰ ਨਹੀਂ ਸਮਝਦੇ।’’ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ, ‘‘ਗੁਜਰਾਤ ਦੇ ਲੋਕ ਉਨ੍ਹਾਂ ਦੇ ਝੂਠ ਨੂੰ ਸਾਫ਼ ਦੇਖ ਸਕਦੇ ਹਨ ਤੇ ਭਾਜਪਾ ਨੂੰ ਸਬਕ ਸਿਖਾਉਣਗੇ। ਮੈਂ ਫਿਰ ਕਹਿ ਰਿਹਾ ਹਾਂ ਕਿ ਗੁਜਰਾਤ ’ਚ ‘ਇੰਡੀਆ’ (ਗੱਠਜੋੜ) ਜਿੱਤੇਗਾ।’’ ਸਿਟੀ ਪੁਲੀਸ ਕੰਟਰੋਲ ਰੂਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਿੰਸਕ ਝੜਪ ਤੇ ਪੱਥਰਬਾਜ਼ੀ ਦੀ ਘਟਨਾ ਮਗਰੋਂ ਪਾਲਦੀ ਇਲਾਕੇ ਵਿੱਚ ਦੋਵਾਂ ਧਿਰਾਂ ਦੇ ਕਈ ਕਾਰਕੁਨਾਂ ਨੂੰ ਮੌਕੇ ’ਤੇ ਹੀ ਹਿਰਾਸਤ ਵਿੱਚ ਲਿਆ ਗਿਆ ਹੈ। ਉਧਰ ਭਾਜਪਾ ਨੇ ਕਾਂਗਰਸੀ ਕਾਰਕੁਨਾਂ ’ਤੇ ‘ਸ਼ਾਂਤਮਈ ਪ੍ਰਦਰਸ਼ਨ’ ’ਤੇ ਹਮਲਾ ਕਰਨ ਦਾ ਦੋਸ਼ ਲਾਇਆ, ਜਦੋਂਕਿ ਵਿਰੋਧੀ ਧਿਰ ਨੇ ਹਿੰਸਾ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ। -ਪੀਟੀਆਈ

Advertisement

ਦਿੱਲੀ ਪੁਲੀਸ ਨੇ ਰਾਹੁਲ ਗਾਂਧੀ ਦੇ ਘਰ ਦੀ ਸੁਰੱਖਿਆ ਵਧਾਈ

ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਸੱਜੇ ਪੱਖੀ ਜਥੇਬੰਦੀਆਂ ਵੱਲੋਂ ਗੜਬੜ ਕੀਤੇ ਜਾਣ ਸਬੰਧੀ ਖ਼ੁਫ਼ੀਆ ਸੂਚਨਾ ਮਿਲਣ ਮਗਰੋਂ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਰਿਹਾਇਸ਼ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ। ਸੂਤਰਾਂ ਨੇ ਅੱਜ ਦੱਸਿਆ ਕਿ ਰਾਹੁਲ ਦੇ ਘਰ ਦੇ ਆਲੇ-ਦੁਆਲੇ ਸਥਾਨਕ ਪੁਲੀਸ ਕਰਮਚਾਰੀਆਂ ਸਮੇਤ ਨੀਮ ਫੌਜੀ ਬਲਾਂ ਦੀ ਇੱਕ ਪਲਟਨ ਤਾਇਨਾਤ ਕੀਤੀ ਗਈ ਹੈ। ਵਿਰੋਧੀ ਧਿਰ ਦੇ ਨੇਤਾ ਵੱਲੋਂ ਸੋਮਵਾਰ ਨੂੰ ਲੋਕ ਸਭਾ ਵਿੱਚ ਭਾਜਪਾ ਖ਼ਿਲਾਫ਼ ਕੀਤੀਆਂ ਟਿੱਪਣੀਆਂ ਮਗਰੋਂ ਹੰਗਾਮਾ ਖੜ੍ਹਾ ਹੋ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਸੱਜੇ ਪੱਖੀ ਗਰੁੱਪਾਂ ਦੇ ਮੈਂਬਰਾਂ ਵੱਲੋਂ ਗੜਬੜ ਕੀਤੇ ਜਾਣ ਸਬੰਧੀ ਸੂਚਨਾ ਮੰਗਲਵਾਰ ਨੂੰ ਮਿਲੀ ਸੀ, ਜਿਸ ਮਗਰੋਂ ਕਾਂਗਰਸ ਆਗੂ ਦੀ ਕੇਂਦਰੀ ਦਿੱਲੀ ਸਥਿਤ ਰਿਹਾਇਸ਼ ਦੀ ਸੁਰੱਖਿਆ ਵਧਾਈ ਗਈ ਹੈ। ਪੁਲੀਸ ਨੂੰ ਸ਼ੱਕ ਹੈ ਕਿ ਲੋਕ ਉਨ੍ਹਾਂ ਦੇ ਘਰ ਬਾਹਰ ਤਖ਼ਤੀਆਂ ਜਾਂ ਹੋਰਡਿੰਗ ਲੈ ਕੇ ਇਕੱਠੇ ਹੋ ਸਕਦੇ ਹਨ। ਸਥਾਨਕ ਪੁਲੀਸ ਨੂੰ ਘਰ ਦੇ ਆਲੇ-ਦੁਆਲੇ 24 ਘੰਟੇ ਨਿਗਰਾਨੀ ਰੱਖਣ ਲਈ ਕਿਹਾ ਗਿਆ ਹੈ। -ਪੀਟੀਆਈ

Advertisement
Author Image

joginder kumar

View all posts

Advertisement
Advertisement
×