Operation Sindoor: ਅੰਮ੍ਰਿਤਸਰ ਅਤੇ ਜੰਮੂ ਜਾਣ ਵਾਲੀਆਂ 22 ਰੇਲ ਗੱਡੀਆਂ ਰੱਦ
ਰਤਨ ਸਿੰਘ ਢਿੱਲੋਂ
ਅੰਬਾਲਾ, 10 ਮਈ
ਪਾਕਿਸਤਾਨ ਵੱਲੋਂ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਭਾਰਤ ਨੇ ਰਾਜਸਥਾਨ, ਪੰਜਾਬ, ਜੰਮੂ ਅਤੇ ਗੁਜਰਾਤ ਵਰਗੇ ਸਰਹੱਦੀ ਰਾਜਾਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਹਿੰਦ-ਪਾਕ ਵਿਚਕਾਰ ਵਧ ਰਹੇ ਅਜਿਹੇ ਜੰਗੀ ਤਣਾਅ ਨੂੰ ਦੇਖਦਿਆਂ ਰੇਲਵੇ ਨੇ ਸੁਰੱਖਿਆ ਦੇ ਮੱਦੇਨਜ਼ਰ ਵੱਡਾ ਫੈਸਲਾ ਲੈਂਦਿਆਂ ਅੰਬਾਲਾ ਤੋਂ ਅੰਮ੍ਰਿਤਸਰ, ਜੰਮੂ ਅਤੇ ਸ੍ਰੀ ਵੈਸ਼ਨੋ ਦੇਵੀ ਕਟੜਾ ਜਾਣ ਵਾਲੀਆਂ 22 ਰੇਲਗੱਡੀਆਂ ਦਾ ਸੰਚਾਲਨ ਬੰਦ ਕਰ ਦਿੱਤਾ ਹੈ।
ਪਹਿਲੀ ਸੂਚੀ ਜਾਰੀ ਕਰਦੇ ਹੋਏ ਰੇਲਵੇ ਨੇ ਕਿਹਾ ਕਿ ਕੁਝ ਗੱਡੀਆਂ ਪੂਰੀ ਤਰ੍ਹਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਦੋਂ ਕਿ ਕੁਝ ਨੂੰ ਵਿਚਕਾਰੋਂ ਰੋਕਣ ਦਾ ਫੈਸਲਾ ਕੀਤਾ ਗਿਆ ਹੈ। ਹੋਰ ਰੇਲ ਗੱਡੀਆਂ ਦੇ ਸੰਚਾਲਨ ਬਾਰੇ ਵੀ ਵਿਚਾਰ-ਵਟਾਂਦਰੇ ਚੱਲ ਰਹੇ ਹਨ।
ਅੰਬਾਲਾ ਡਿਵੀਜ਼ਨ ਨੇ ਜੰਮੂ, ਅੰਮ੍ਰਿਤਸਰ ਅਤੇ ਚੰਡੀਗੜ੍ਹ ਜਾਣ ਵਾਲੀਆਂ ਸਾਰੀਆਂ ਕੋਚਿੰਗ ਗੱਡੀਆਂ ਨੂੰ ਅਗਲੇ ਨੋਟਿਸ ਤੱਕ ਕੁਰੂਕਸ਼ੇਤਰ ਸਟੇਸ਼ਨ 'ਤੇ ਹੀ ਰੁਕਣ ਦਾ ਆਦੇਸ਼ ਦਿੱਤਾ ਹੈ। ਫ਼ੈਸਲੇ ਤਹਿਤ 22 ਗੱਡੀਆਂ ਤੋਂ ਬਿਨਾ ਗੱਡੀ ਨੰਬਰ 14507/14508 ਦਿੱਲੀ-ਫ਼ਾਜ਼ਿਲਕਾ-ਦਿੱਲੀ ਵੀ 11 ਮਈ ਤੋਂ 15 ਮਈ ਤੱਕ ਰੱਦ ਕੀਤੀ ਗਈ ਹੈ।