ਓਪਨ ਸਟੇਟ ਤਾਇਕਵਾਂਡੋ ਚੈਂਪੀਅਨਸ਼ਿਪ ਸ਼ੁਰੂ
ਪ੍ਰਭੂ ਦਿਆਲ
ਸਿਰਸਾ, 23 ਨਵੰਬਰ
ਤਾਇਕਵਾਂਡੋ ਸਪੋਰਟਸ ਵੈੱਲਫੇਅਰ ਐਸੋਸੀਏਸ਼ਨ ਹਰਿਆਣਾ ਵੱਲੋਂ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਮਲਟੀਪਰਪਜ਼ ਹਾਲ ਵਿੱਚ ਦੋ ਰੋਜ਼ਾ ਓਪਨ ਸਟੇਟ ਤਾਇਕਵਾਂਡੋ ਚੈਂਪੀਅਨਸ਼ਿਪ (ਲੜਕੇ ਅਤੇ ਲੜਕੀਆਂ) ਦੀ ਸ਼ੁਰੂਆਤ ਹੋ ਗਈ ਜਿਸਦਾ ਉਦਘਾਟਨ ਸੀਡੀਐੱਲਯੂ ਦੇ ਰਜਿਸਟਰਾਰ ਡਾ. ਰਾਜੇਸ਼ ਬਾਂਸਲ ਨੇ ਸ਼ਮਾ ਰੌਸ਼ਨ ਕਰਕੇ ਕੀਤਾ। ਮੁਕਾਬਲੇ ਦੇ ਪਹਿਲੇ ਦਿਨ ਕੈਡੇਟ ਅਤੇ ਸਬ ਜੂਨੀਅਰ ਖਿਡਾਰੀਆਂ ਦੇ ਮੈਚ ਹੋਏ। ਮੁਕਾਬਲੇ ਵਿੱਚ 350 ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ। ਇਸ ਮੌਕੇ ਰਜਿਸਟਰਾਰ ਡਾ. ਰਾਜੇਸ਼ ਬਾਂਸਲ ਨੇ ਕਿਹਾ ਕਿ ਖੇਡਾਂ ਜੀਵਨ ਦਾ ਆਧਾਰ ਹਨ। ਐਸੋਸੀਏਸ਼ਨ ਦੇ ਜਨਰਲ ਸਕੱਤਰ ਵਿਨੋਦ ਸੈਣੀ ਨੇ ਖਿਡਾਰੀਆਂ, ਰੈਫਰੀਆਂ ਅਤੇ ਮਾਪਿਆਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਰਾਜਪਾਲ ਸਿੰਘ ਪੰਨੂ, ਖਜ਼ਾਨਚੀ ਰਵਿੰਦਰ ਕੁਮਾਰ ਤੇ ਐੱਮਡੀਯੂ ਯੂਨੀਵਰਸਿਟੀ ਤੋਂ ਡਾ. ਅਸ਼ੋਕ ਵੀ ਹਾਜ਼ਰ ਸਨ। ਪਹਿਲੇ ਦਿਨ ਹੋਏ ਮੁਕਾਬਲਿਆਂ ਵਿੱਚੋਂ ਲੜਕੀਆਂ ਦੇ ਕੈਡੇਟ ਮੁਕਾਬਲੇ ਕਰਵਾਏ ਗਏ ਜਿਸ ਵਿੱਚ 144 ਤੋਂ 148 ਸੈਂਟੀਮੀਟਰ ਉਚਾਈ ਵਿੱਚ ਸਿਰਸਾ ਦੀ ਦਿੱਵਿਆ ਪਹਿਲੇ ਅਤੇ ਫਰੀਦਾਬਾਦ ਦੀ ਸਮੀਕਸ਼ਾ ਦੂਜੇ ਜਦਕਿ ਕਰਨਾਲ ਦੀ ਦਿਵਿਆਂਸ਼ੀ ਅਤੇ ਹਿਸਾਰ ਦੀ ਕ੍ਰਿਤੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 144 ਸੈਂਟੀਮੀਟਰ ਉਚਾਈ ਵਿੱਚ ਕਰਨਾਲ ਦੀ ਮ੍ਰਿਣਾਲਿਨੀ ਰਾਵਤ, ਸਿਰਸਾ ਦੀ ਅੰਸ਼ਿਕਾ ਚੌਧਰੀ ਅਤੇ ਹਿਸਾਰ ਦੀ ਰਕਸ਼ਾ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੀਆਂ। ਇਸੇ ਤਰ੍ਹਾਂ 148 ਤੋਂ 152 ਸੈਂਟੀਮੀਟਰ ਤੱਕ ਉਚਾਈ ਵਿੱਚ ਫਤਿਹਾਬਾਦ ਦੀ ਕੁਦਰਤ ਪਹਿਲੇ, ਫਰੀਦਾਬਾਦ ਦੀ ਸਿੱਧੀ ਸ਼ਰਮਾ ਦੂਜੇ ਅਤੇ ਹਿਸਾਰ ਦੀ ਸੋਨਾਕਸ਼ੀ ਤੀਜੇ ਸਥਾਨ ’ਤੇ ਰਹੀ। ਸਬ-ਜੂਨੀਅਰ ਲੜਕੀਆਂ ਦੇ 18 ਤੋਂ 20 ਕਿਲੋ ਭਾਰ ਵਰਗ ਵਿੱਚ ਝੱਜਰ ਦੀ ਦੇਵਾਂਸ਼ੀ ਪਹਿਲੇ, ਸਿਰਸਾ ਦੀ ਸਿਮਰਨ ਦੂਜੇ ਸਥਾਨ ’ਤੇ ਰਹੀ ਜਦਕਿ ਫਰੀਦਾਬਾਦ ਦੀ ਸ਼ਾਨਵੀ ਸ਼ਰਮਾ ਅਤੇ ਸੋਨੀਪਤ ਦੀ ਕਸ਼ਵੀ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਲੜਕਿਆਂ ਦੇ 32 ਤੋਂ 35 ਕਿਲੋ ਭਾਰ ਵਰਗ ਵਿੱਚ ਰੇਵਾੜੀ ਦਾ ਭਾਵੇਸ਼ ਪਹਿਲੇ ਅਤੇ ਚਰਖੀ ਦਾਦਰੀ ਦਾ ਤੇਜਸ ਦੂਜੇ ਸਥਾਨ ’ਤੇ ਰਿਹਾ ਜਦਕਿ ਹਿਸਾਰ ਦੇ ਰਾਹੁਲ ਅਤੇ ਰੋਹਤਕ ਦੇ ਵੀਰੇਨ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੇ।