ਸੜਕ ਹਾਦਸੇ ਵਿੱਚ ਮਹਿਲਾ ਦੀ ਮੌਤ, ਕੇਸ ਦਰਜ
ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 23 ਨਵੰਬਰ
ਕਸਬਾ ਔਢਾਂ ਵਿੱਚ ਇੱਕ ਕਾਰ ਚਾਲਕ ਨੇ ਸਕੂਟਰੀ ਅਤੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਸਕੂਟੀ ਸਵਾਰ ਔਰਤ ਸ਼ਰਨਜੀਤ ਕੌਰ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਰਾਹਗੀਰਾਂ ਨੇ ਕਮਿਊਨਿਟੀ ਹੈਲਥ ਸੈਂਟਰ ਔਢਾਂ ਦਾਖਲ ਕਰਵਾਇਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅਗਰੋਹਾ ਮੈਡੀਕਲ ਕਾਲਜ ’ਚ ਰੈਫਰ ਕਰ ਦਿੱਤਾ ਗਿਆ। ਜ਼ਖਮੀਆਂ ਵਿੱਚ ਡਿਪਟੀ ਸਿੰਘ, ਸਿਮਰਜੀਤ ਕੌਰ ਅਤੇ ਸ਼ੁਭਦੀਪ ਕੌਰ ਸ਼ਾਮਲ ਹਨ। ਥਾਣਾ ਔਢਾਂ ਪੁਲੀਸ ਨੇ ਮ੍ਰਿਤਕਾ ਦੇ ਪਤੀ ਕੁਲਵੰਤ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਡਰਾਈਵਰ ਦੇ ਖਿਲਾਫ਼ ਕੇਸ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸ਼ਰਨਜੀਤ ਕੌਰ ਨਾਂ ਦੀ ਮਹਿਲਾ ਆਪਣੀ 10ਵੀਂ ਜਮਾਤ ’ਚ ਪੜ੍ਹਦੀ ਆਪਣੀ ਬੇਟੀ ਸ਼ੁਭਦੀਪ ਨੂੰ ਸਕੂਟੀ ’ਤੇ ਲੈਣ ਲਈ ਗਈ ਸੀ। ਜਦੋਂ ਉਹ ਆਪਣੀ ਬੇਟੀ ਸ਼ੁਭਦੀਪ ਕੌਰ ਨੂੰ ਲੈ ਕੇ ਸਕੂਲ ਤੋਂ ਬਾਹਰ ਆਈ ਤਾਂ ਕਾਲਾਂਵਾਲੀ ਵਾਲੇ ਪਾਸੇ ਤੋਂ ਆਈ ਤੇਜ਼ ਰਫਤਾਰ ਕਾਰ ਨੇ ਸਕੂਟੀ ਅਤੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਸਕੂਟੀ ’ਤੇ ਸਵਾਰ ਦੋਵੇਂ ਮਾਂ-ਧੀ ਅਤੇ ਮੋਟਰਸਾਈਕਲ ’ਤੇ ਸਵਾਰ ਡਿਪਟੀ ਸਿੰਘ ਤੇ ਉਸ ਦੀ ਲੜਕੀ ਸਿਮਰਜੀਤ ਕੌਰ ਗੰਭੀਰ ਜ਼ਖ਼ਮੀ ਹੋ ਗਏ। ਚਾਰੇ ਜ਼ਖਮੀਆਂ ਨੂੰ ਹਸਪਤਾਲ ਔਢਾਂ ਤੋਂ ਸਿਵਲ ਹਸਪਤਾਲ ਸਿਰਸਾ ਰੈਫ਼ਰ ਕਰ ਦਿੱਤਾ ਗਿਆ। ਹਸਪਤਾਲ ਦੀ ਐਂਬੂਲੈਂਸ ਖਰਾਬ ਹੋਣ ’ਤੇ ਸਟਾਫ ਨੇ ਸਿਰਸਾ ਤੋਂ ਐਂਬੂਲੈਂਸ ਬੁਲਾਈ ਜੋ ਕਰੀਬ ਇਕ ਘੰਟੇ ਬਾਅਦ ਔਢਾਂ ਪਹੁੰਚੀ ਜਿਸ ਤੋਂ ਪਹਿਲਾਂ ਹੀ ਜ਼ਖਮੀਆਂ ਦੇ ਰਿਸ਼ਤੇਦਾਰ ਉਨ੍ਹਾਂ ਨੂੰ ਲੈ ਕੇ ਸਿਰਸਾ ਪਹੁੰਚ ਗਏ ਸਨ। ਇਲਾਜ ਦੌਰਾਨ ਮਹਿਲਾ ਸ਼ਰਨਜੀਤ ਕੌਰ ਦੀ ਮੌਤ ਹੋ ਗਈ ਜਦਕਿ ਬਾਕੀ ਦੇ ਜ਼ਖਮੀਆਂ ਨੂੰ ਸਥਿਤੀ ਗੰਭੀਰ ਹੋਣ ਕਰਕੇ ਅਗਰੋਹਾ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ।
ਹਾਦਸੇ ’ਚ ਜ਼ਖ਼ਮੀ ਲੜਕੀ ਦੀ ਇਲਾਜ ਦੌਰਾਨ ਮੌਤ
ਸਿਰਸਾ: ਇੱਥੋਂ ਦੇ ਰੇਲਵੇ ਲਾਈਨ ’ਤੇ ਬਣੇ ਪੁਲ ’ਤੇ ਇੱਕ ਮੋਟਰਸਾਈਕਲ ਦੀ ਫੇਟ ਵੱਜਣ ਕਾਰਨ ਜ਼ਖ਼ਮੀ ਹੋਈ ਲੜਕੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾ ਦਾ ਅੱਜ ਸਰਕਾਰੀ ਹਸਪਤਾਲ ’ਚ ਪੋਸਟਮਾਰਟਮ ਹੋਇਆ ਜਿਸ ਮਗਰੋਂ ਉਸ ਦੀ ਦੇਹ ਵਾਰਸਾਂ ਨੂੰ ਸੌਂਪ ਦਿੱਤੀ ਗਈ। ਪੁਲੀਸ ਨੇ ਮ੍ਰਿਤਕਾ ਦੀ ਮਾਂ ਦੇ ਬਿਆਨਾਂ ’ਤੇ ਅਣਪਛਾਤੇ ਮੋਟਰਸਾਈਕਲ ਸਵਾਰ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਦਰਜ ਕਰਵਾਏ ਬਿਆਨਾਂ ’ਚ ਸੁੰਦਰੀ ਦੇਵੀ ਨੇ ਦੱਸਿਆ ਕਿ ਉਹ ਆਪਣੀ ਧੀ ਰੀਟਾ ਨਾਲ ਬੀਤੇ ਦਿਨ ਰੇਲਵੇ ਲਾਈਨ ’ਤੇ ਬਣੇ ਪੁਲ ’ਤੇ ਜਾ ਰਹੀ ਸੀ ਕਿ ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰ ਨੇ ਰੀਟਾ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੇ ਗੰਭੀਰ ਸੱਟਾਂ ਲੱਗੀਆਂ ਜਦਕਿ ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਰਾਹਗੀਰਾਂ ਦੀ ਸਹਾਇਤਾ ਨਾਲ ਲੜਕੀ ਨੂੰ ਇੱਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। -ਨਿੱਜੀ ਪੱਤਰ ਪ੍ਰੇਰਕ