ਨੂਹ ਦੰਗਿਆਂ ਬਾਰੇ ਮੁੱਖ ਮੰਤਰੀ ਹੀ ਦੱਸਣਗੇ: ਵਿੱਜ
ਰਤਨ ਸਿੰਘ ਢਿੱਲੋਂ
ਅੰਬਾਲਾ, 6 ਅਗਸਤ
ਨੂਹ ਦੰਗਿਆਂ ਨੂੰ ਲੈ ਕੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਅਤੇ ਮੁੱਖ ਮੰਤਰੀ ਮਨੋਹਰ ਲਾਲ ਵਿਚਾਲੇ ਇਕ ਵਾਰ ਫਿਰ ਤੋਂ ਤਣਾਅ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਨੂਹ ਦੰਗਿਆਂ ਬਾਰੇ ਸਵਾਲ ਪੁੱਛਣ ’ਤੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ, ‘‘ਇਸ ਬਾਰੇ ਜੋ ਵੀ ਪੁੱਛਣਾ ਹੈ ਮੁੱਖ ਮੰਤਰੀ ਕੋਲੋਂ ਪੁੱਛੋ, ਉਹੀ ਦੱਸਣਗੇ। ਸਾਰੀਆਂ ਸੂਚਨਾਵਾਂ ਮੁੱਖ ਮੰਤਰੀ ਕੋਲ ਹੀ ਹਨ। ਮੈਂ ਜੋ ਕੁਝ ਕਹਿਣਾ ਸੀ, ਕਹਿ ਚੁੱਕਾ ਹਾਂ।’’ ਜ਼ਿਕਰਯੋਗ ਹੈ ਕਿ ਸੂਬੇ ਦੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਸੂਬੇ ਵਿੱਚ ਅਮਨ ਅਤੇ ਕਾਨੂੰਨ ਕਾਇਮ ਰੱਖਣ ਦੀ ਜ਼ਿੰਮੇਵਾਰੀ ਸ੍ਰੀ ਵਿੱਜ ਦੀ ਹੈ ਜਦੋਂ ਕਿ ਪੁਲੀਸ ਦਾ ਸੀਆਈਡੀ ਵਿੰਗ ਮੁੱਖ ਮੰਤਰੀ ਕੋਲ ਹੋਣ ਕਰ ਕੇ ਸਿੱਧਾ ਮੁੱਖ ਮੰਤਰੀ ਨੂੰ ਹੀ ਰਿਪੋਰਟ ਕਰਦਾ ਹੈ। ਸ੍ਰੀ ਵਿੱਜ ਦੇ ਜਵਾਬ ਤੋਂ ਇਹ ਸਾਫ ਹੈ ਕਿ ਸੀਆਈਡੀ ਦੇ ਅਧਿਕਾਰੀ ਸਾਰੀ ਖੁਫੀਆ ਜਾਣਕਾਰੀ ਸਿੱਧੇ ਮੁੱਖ ਮੰਤਰੀ ਨੂੰ ਦੇ ਰਹੇ ਹਨ ਤੇ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਦੱਸ ਰਹੇ ਹਨ। ਸ੍ਰੀ ਵਿੱਜ ਦੇ ਇਸ ਬਿਆਨ ਤੋਂ ਉਨ੍ਹਾਂ ਦੀ ਨਾਰਾਜ਼ਗੀ ਸਾਫ ਝਲਕਦੀ ਹੈ।