ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ: ਭਾਰਤ ਸਕੂਲ ਬਾਬੈਨ ਨੇ ਜਿੱਤੀ ਓਵਰਆਲ ਟਰਾਫੀ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 28 ਨਵੰਬਰ
ਇੱਥੇ ਭਾਰਤ ਗਰੁੱਪ ਆਫ ਇੰਸਟੀਚਿਊਸ਼ਨ ਵਿਚ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਅੱਜ ਸਮਾਪਤ ਹੋ ਗਏ। ਇਸ ਮੌਕੇ ਭਾਰਤ ਗਰੁੱਪ ਦੇ ਚੇਅਰਮੈਨ ਓਮ ਨਾਥ ਸੈਣੀ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਖੇਡਾਂ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਹਨ, ਬਲਕਿ ਇਹ ਜੀਵਨ ਦਾ ਅਣਿਖੱੜਵਾਂ ਅੰਗ ਬਣ ਚੁੱਕੀਆਂ ਹਨ। ਖੇਡਾਂ ਦੌਰਾਨ ਖਿਡਾਰੀ ਆਪਣੇ ਪ੍ਰਤਿਭਾ ਦਾ ਵਧੀਆ ਪ੍ਰਦਰਸ਼ਨ ਕਰਕੇ ਨਾ ਸਿਰਫ ਮੈੇਡਲ ਹੀ ਜਿੱਤਦੇ ਹਨ, ਸਗੋਂ ਉਹ ਦੇਸ਼ ਵਾਸੀਆਂ ਵਿਚ ਏਕਤਾ ਤੇ ਮਾਣ ਦੀ ਭਾਵਨਾ ਦਾ ਸੰਚਾਰ ਵੀ ਕਰਦੇ ਹਨ। ਇਸ ਮੌਕੇ ਵਾਈਸ ਚੇਅਰਮੈਨ ਭਾਰਤ ਸੈਣੀ, ਡਾਇਰੈਕਟਰ ਰੂਬਲ ਸ਼ਰਮਾ, ਡਾ. ਸੁਰੇਸ਼ ਬੈਨੀਵਾਲ, ਵਿਜੇਂਦਰ ਸ਼ਰਮਾ ਤੇ ਪ੍ਰਿੰਸੀਪਲ ਸੁਨੀਤਾ ਖੰਨਾ,ਪਰਮਜੀਤ ਸੈਣੀ ਤੋਂ ਇਲਾਵਾ ਕਈ ਪਤਵੰਤੇ ਮੌਜੂਦ ਸਨ।
ਓਮ ਨਾਥ ਸੈਣੀ, ਭਾਰਤ ਸੈਣੀ ਤੇ ਰੂਬਲ ਸ਼ਰਮਾ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ। ਮੁਕਾਬਲਿਆਂ ਦੌਰਾਨ ਭਾਰਤ ਪਬਲਿਕ ਸਕੂਲ ਨੇ ਖੇਡਾਂ ਵਿਚ ਓਵਰਆਲ ਬਾਜ਼ੀ ਮਾਰੀ। ਕਨਿਪਲਾ ਦੇ ਸਰਕਾਰੀ ਸਕੂਲ ਨੇ ਦੂਜਾ ਤੇ ਬਰੋਟ ਦੇ ਸਰਕਾਰੀ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਵਿੱਚ ਸਰਕਾਰੀ ਸਕੂਲ ਲੋਹਾਰਾ ਨੇ ਬਾਜ਼ੀ ਮਾਰੀ ਤੇ ਕਬੱਡੀ ਵਿਚ ਸਰਕਾਰੀ ਸਕੂਲ ਬਾਬੈਨ ਦੀਆਂ ਲੜਕੀਆਂ ਨੇ ਟਰਾਫੀ ਆਪਣੇ ਨਾਂ ਕੀਤੀ। ਲੜਕਿਆਂ ਦੀ ਕਬੱਡੀ ਵਿਚ ਸਰਕਾਰੀ ਸਕੂਲ ਦੂਧਲਾ ਮੋਰਥਲਾ ਦੀ ਟੀਮ ਨੇ ਪਹਿਲਾ, ਕਨਿਪਲਾ ਦੀ ਟੀਮ ਨੇ ਦੂਜਾ ਸਥਾਨ ਲਿਆ। ਬੈਡਮਿੰਟਨ ,ਕੈਰਮ, ਸ਼ਤਰੰਜ, ਖੋ ਖੋ, ਜੈਵਲਿਨ, ਸ਼ਾਟ ਪੁੱਟ, ਡਿਸਕਸ ਥਰੋਅ, ਦੌੜ ਵਿੱਚ ਵੀ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਤੇ ਇਨਾਮ ਹਾਸਲ ਕੀਤੇ।