ਕੋਠੇ ਬੁੱਧ ਸਿੰਘਵਾਲਾ ਦੇ ਸਕੂਲ ਵਿੱਚ ਸਿਰਫ ਇੱਕ ਵਿਦਿਆਰਥੀ
ਸੁਖਮੀਤ ਭਸੀਨ
ਬਠਿੰਡਾ, 3 ਫਰਵਰੀ
ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠੇ ਬੁੱਧ ਸਿੰਘਵਾਲਾ ਦੇ ਇੱਕ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਕੇਵਲ ਇੱਕ ਵਿਦਿਆਰਥੀ ਹੈ ਜਿਸਨੂੰ ਇੱਕ ਅਧਿਆਪਕਾ ਪੜ੍ਹਾ ਰਹੀ ਹੈ। ਇੱਥੇ ਇਕੱਲੀ ਅਧਿਆਪਕਾ ਸਰਬਜੀਤ ਕੌਰ ਪੰਜਵੀਂ ਜਮਾਤ ਦੇ ਇੱਕੋ-ਇੱਕ ਵਿਦਿਆਰਥੀ ਭਿੰਦਰ ਸਿੰਘ ਨੂੰ ਪੜ੍ਹਾ ਰਹੀ ਹੈ। ਸਿਰਫ਼ ਇੱਕ ਵਿਦਿਆਰਥੀ ਹੋਣ ਦੇ ਬਾਵਜੂਦ ਸਰਬਜੀਤ ਉਸ ਨੂੰ ਸਮਾਰਟ ਸਕੂਲ ਵਿੱਚ ਲੋੜੀਂਦੀਆਂ ਪ੍ਰਾਜੈਕਟਰ, ਲਾਇਬ੍ਰੇਰੀ ਅਤੇ ਮਿੱਡ-ਡੇਅ ਮੀਲ ਵਰਗੀਆਂ ਸਹੂਲਤਾਂ ਦੇਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ।
ਆਧੁਨਿਕ ਸਹੂਲਤਾਂ ਨਾਲ ਲੈਸ ਇਸ ਸਕੂਲ ਵਿੱਚ ਐੱਲਕੇਜੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀ ਦਾਖਲਾ ਲੈ ਸਕਦੇ ਹਨ ਪਰ ਫਿਰ ਵੀ ਪਿੰਡ ਵਾਸੀ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਣ ਨੂੰ ਤਰਜੀਹ ਦੇ ਰਹੇ ਹਨ। ਸਰਬਜੀਤ ਨੇ ਕਿਹਾ ਕਿ ਪਿੰਡ ਦੀ ਆਬਾਦੀ 400 ਦੇ ਕਰੀਬ ਹੈ। ਜ਼ਿਆਦਾਤਰ ਘਰਾਂ ਵਿੱਚ ਇੱਕ-ਇੱਕ ਬੱਚਾ ਹੈ ਜਿਸ ਕਰਕੇ ਫੋਕੀ ਟੌਹਰ ਦੇ ਚੱਕਰ ਵਿੱਚ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ’ਚ ਭੇਜ ਰਹੇ ਹਨ।
ਸਰਬਜੀਤ ਨੇ ਕਿਹਾ, ‘‘ਮੈਂ ਪਿੰਡ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਬੱਚਿਆਂ ਦੇ ਦਾਖਲੇ ਸਰਕਾਰੀ ਸਕੂਲ ਵਿੱਚ ਕਰਵਾਉਣ ਲਈ ਪ੍ਰੇਰਿਤ ਕਰ ਰਹੀ ਹਾਂ ਪਰ ਲੋਕਾਂ ਦਾ ਝੁਕਾਅ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਵੱਲ ਜ਼ਿਆਦਾ ਹੈ। ਇਸ ਦੇ ਬਾਵਜੂਦ ਮੈਂ ਇੱਕੋ-ਇੱਕ ਵਿਦਿਆਰਥੀ ਨੂੰ ਲਗਨ ਨਾਲ ਪੜ੍ਹਾਉਣਾ ਜਾਰੀ ਰੱਖਾਂਗੀ।’’ ਸਰਬਜੀਤ ਦੀ ਪਿਛਲੇ ਸਾਲ ਮਈ ਮਹੀਨੇ ਇਸ ਸਕੂਲ ’ਚ ਨਿਯੁਕਤੀ ਹੋਈ ਸੀ। ਉਸ ਵੇਲੇ ਸਕੂਲ ਵਿੱਚ ਤਿੰਨ ਵਿਦਿਆਰਥੀ ਸਨ। ਉਸ ਨੇ ਕਿਹਾ, ‘‘ਉਸ ਵੇਲੇ ਤਿੰਨ ਵਿਦਿਆਰਥੀ ਸਨ ਪਰ ਭਿੰਦਰ ਹੀ ਨਿਯਮਤ ਤੌਰ ’ਤੇ ਕਲਾਸਾਂ ਲਾਉਂਦਾ ਸੀ। ਬਾਕੀ ਦੋ ਵਿਦਿਆਰਥੀਆਂ ਦੀ ਗੈਰਹਾਜ਼ਰੀ ਕਾਰਨ ਉਨ੍ਹਾਂ ਦੇ ਨਾਮ ਕੱਟਣੇ ਪਏ।’’ ਸਰਬਜੀਤ ਲਈ ਹੁਣ ਚਿੰਤਾ ਦਾ ਵਿਸ਼ਾ ਇਹ ਹੈ ਕਿ ਇਸ ਸੈਸ਼ਨ ਦੀ ਪ੍ਰੀਖਿਆ ਹੋਣ ਤੋਂ ਬਾਅਦ ਉਸ ਦਾ ਇੱਕੋ-ਇੱਕ ਵਿਦਿਆਰਥੀ ਵੀ ਚਲਾ ਜਾਵੇਗਾ। ਭਿੰਦਰ ਨੂੰ ਵੀ ਪੰਜਵੀਂ ਜਮਾਤ ਪਾਸ ਕਰਨ ਮਗਰੋਂ ਪ੍ਰਾਇਮਰੀ ਸਕੂਲ ਛੱਡ ਕੇ ਮਿਡਲ ਸਕੂਲ ਜਾਣਾ ਪਵੇਗਾ ਜਿਸ ਮਗਰੋਂ ਇਹ ਸਕੂਲ ਖਾਲੀ ਹੋ ਜਾਵੇਗਾ।