40 ਰਿਹਾਇਸ਼ੀ ਇਕਾਈਆਂ ਵਿਚੋਂ ਸਿਰਫ਼ 8 ਦੀ ਹੋਈ ਨਿਲਾਮੀ
ਮੁਕੇਸ਼ ਕੁਮਾਰ
ਚੰਡੀਗੜ੍ਹ, 5 ਜੁਲਾਈ
ਚੰਡੀਗੜ੍ਹ ਹਾਊਸਿੰਗ ਬੋਰਡ ਨੂੰ ਰਿਹਾਇਸ਼ੀ ਅਤੇ ਕਮਰਸ਼ੀਅਲ ਯੂਨਿਟਾਂ ਦੀ ਈ-ਨਿਲਾਮੀ ਦੌਰਾਨ ਖਰੀਦਦਾਰਾਂ ਵਲੋਂ ਮੱਠਾ ਹੁੰਗਾਰਾ ਮਿਲਿਆ ਹੈ। ਚੰਡੀਗੜ੍ਹ ਹਾਊਸਿੰਗ ਬੋਰਡ ਨੇ ਆਪਣੇ ਬਿਲਟ-ਅੱਪ ਰਿਹਾਇਸ਼ੀ ਯੂਨਿਟਾਂ ਅਤੇ ਬਿਲਟ-ਅੱਪ ਕਮਰਸ਼ੀਅਲ ਯੂਨਿਟਾਂ ਦੀ ਵਿਕਰੀ ਲਈ ਕ੍ਰਮਵਾਰ ਫਰੀ-ਹੋਲਡ ਅਤੇ ਲੀਜ਼ ਹੋਲਡ ਆਧਾਰ ‘ਤੇ ਕੁੱਲ 128 ਇਕਾਈਆਂ ਲਈ ਈ-ਬੋਲੀਆਂ ਮੰਗੀਆਂ ਗਈਆਂ ਸਨ।
ਇਸ ਨਿਲਾਮੀ ਦੌਰਾਨ 40 ਵਿਚੋਂ ਕੇਵਲ 8 ਰਿਹਾਇਸ਼ੀ ਇਕਾਈਆਂ ਦੀ ਨਿਲਾਮੀ ਹੋਈ ਜਦੋਂ ਕਿ ਬੋਰਡ ਦੀਆਂ 88 ਵਪਾਰਕ ਇਕਾਈਆਂ ਦੀ ਬੋਲੀ ਲਗਾਉਣ ਲਈ ਕੋਈ ਨਹੀਂ ਬਹੁੜਿਆ। ਈ-ਬੋਲੀਆਂ ਜਮ੍ਹਾਂ ਕਰਾਉਣ ਦੀ ਅੱਜ ਆਖਰੀ ਮਿਤੀ ਤੋਂ ਬਾਅਦ ਖੋਲ੍ਹੀਆਂ ਗਈਆਂ ਬੋਲੀਆਂ ਦੌਰਾਨ ਬੋਰਡ ਦੀਆਂ ਇਨ੍ਹਾਂ ਯੂਨਿਟਾਂ ਨੂੰ ਖਰੀਦਣ ਵਾਲਿਆਂ ਨੇ ਘੱਟ ਹੀ ਰੁਚੀ ਦਿਖਾਈ ਅਤੇ ਇਨ੍ਹਾਂ ਵਿਚੋਂ ਸਿਰਫ 8 ਰਿਹਾਇਸ਼ੀ ਯੂਨਿਟਾਂ ਹੀ ਬੋਲੀ ’ਤੇ ਵਿਕ ਸਕੀਆਂ। ਈ-ਬੋਲੀ ਵਿੱਚ 128 ਯੂਨਿਟਾਂ ਵਿੱਚ 40 ਰਿਹਾਇਸ਼ੀ ਯੂਨਿਟਾਂ ਸਨ ਜੋ ਫ੍ਰੀ ਹੋਲਡ ਦੇ ਅਧਾਰ ਦੇ ਈ-ਨਿਲਾਮੀ ਤਹਿਤ ਵੇਚਣ ਲਈ ਰੱਖੀਆਂ ਗਈਆਂ ਸਨ ਅਤੇ 88 ਯੂਨਿਟਾਂ ਕਮਰਸ਼ੀਅਲ ਸਨ ਜੋ ਲੀਜ਼ ਹੋਲਡ ਅਧਾਰ ‘ਤੇ ਵੇਚਣ ਲਈ ਇਸ ਈ-ਨਿਲਾਮੀ ਵਿੱਚ ਸ਼ਾਮਿਲ ਕੀਤੀਆਂ ਗਈਆਂ ਸਨ।
ਬੋਲੀ ਵਿੱਚ ਸ਼ਾਮਿਲ 40 ਰਿਹਾਇਸ਼ੀ ਇਕਾਈਆਂ ਵਿਚੋਂ ਕੇਵਲ 8 ਲਈ ਹੀ ਬੋਲੀ ਲੱਗੀ ਜੋ ਕੁਲ 7,16,75,437 ਦੀ ਰਾਖਵੀਂ ਕੀਮਤ ਦੀ ਥਾਂ 7,87,52,444 ਰੁਪਏ ਵਿੱਚ ਨਿਲਾਮ ਹੋਈਆਂ। ਬੋਰਡ ਵਲੋਂ ਇਸ ਨਿਲਾਮੀ ਦੇ ਸਫਲ ਸਭ ਤੋਂ ਵੱਧ ਬੋਲੀਕਾਰਾਂ ਦਾ ਵੇਰਵਾ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਵੈੱਬਸਾਈਟ www.chbonline.in ‘ਤੇ ਅੱਪਲੋਡ ਕਰ ਦਿੱਤਾ ਗਿਆ ਹੈ। ਸਭ ਤੋਂ ਵੱਧ ਬੋਲੀਕਾਰ ਨੂੰ ਬੋਲੀ ਦੀ ਕੀਮਤ ਦੀ 25 ਫ਼ੀਸਦੀ ਰਕਮ ਦਾ 12 ਜੁਲਾਈ 23 ਤੱਕ ਭੁਗਤਾਨ ਕਰਨਾ ਹੋਵੇਗਾ, ਅਜਿਹਾ ਨਾ ਕਰਨ ਵਾਲਿਆਂ ਨੂੰ ਚੰਡੀਗੜ੍ਹ ਹਾਊਸਿੰਗ ਬੋਰਡ ਦੀਆਂ ਭਵਿੱਖ ਵਿੱਚ ਹੋਣ ਵਾਲਿਆਂ ਟੈਂਡਰਿੰਗ ਪ੍ਰਕਿਰਿਆਵਾਂ ਤੋਂ ਬਲਾਕ ਲਿਸਟ ਕਰਨ ਦੇ ਨਾਲ ਨਾਲ ਉਨ੍ਹਾਂ ਵਲੋਂ ਬੋਰਡ ਵਿੱਚ ਜਮ੍ਹਾਂ ਕਰਵਾਈ ਗਈ ਪੇਸ਼ਗੀ ਰਕਮ ਨੂੰ ਜ਼ਬਤ ਕਰ ਲਿਆ ਜਾਵੇਗਾ।
ਬੋਰਡ ਦੀਆਂ ਰਿਹਾਇਸ਼ੀ ਇਕਾਈਆਂ ਦਾ ਕਿਹੜਾ ਫਲੈਟ ਕਿੰਨੇ ਦਾ ਵਿਕਿਆ
ਸੈਕਟਰ 51-ਏ ਦਾ 2 ਬੀਐਚਕੇ ਫਲੈਟ ਨੰਬਰ 85-ਸੀ, ਰਾਖਵੀਂ ਕੀਮਤ 1 ਕਰੋੜ 7 ਲੱਖ 42 ਹਜ਼ਾਰ 100 ਦੀ ਥਾਂ 1 ਕਰੋੜ 33 ਲੱਖ 77 ਰੁਪਏ ਵਿੱਚ ਨਿਲਾਮ ਹੋਇਆ ਹੈ। ਇਸੇ ਤਰ੍ਹਾਂ ਇਸੇ ਸੈਕਟਰ ਦਾ 2 ਬੀਐਚਕੇ ਫਲੈਟ ਨੰਬਰ 89-ਬੀ 1 ਕਰੋੜ 5 ਲੱਖ 58 ਹਜ਼ਾਰ 500 ਦੀ ਰਾਖਵੀਂ ਕੀਮਤ ਦੇ ਮੁਲਾਬਲੇ 1 ਕਰੋੜ 16 ਲੱਖ 15 ਹਜ਼ਾਰ ਰੁਪਏ ‘ਤੇ, ਫਲੈਟ ਨੰਬਰ 143-ਡੀ 1 ਕਰੋੜ 7 ਲੱਖ 3 ਹਜ਼ਾਰ 900 ਰੁਪਏ, ਫਲੈਟ ਨੰਬਰ 156-ਡੀ 1 ਕਰੋੜ 7 ਲੱਖ 42 ਹਜ਼ਾਰ 100 ਰੁਪਏ ਦੀ ਰਾਖਵੀਂ ਕੀਮਤ ਦੀ ਥਾਂ 1 ਕਰੋੜ 8 ਲੱਖ ਰੁਪਏ, ਫਲੈਟ ਨੰਬਰ 158-ਬੀ 1 ਕਰੋੜ 7 ਲੱਖ 42 ਹਜ਼ਾਰ 100 ਰੁਪਏ ਦੀ ਰਾਖਵੀਂ ਕੀਮਤ ਦੇ ਮੁਕਾਬਲੇ 1 ਕਰੋੜ 24 ਲੱਖ 35 ਹਜ਼ਾਰ 678 ਰੁਪਏ, ਫਲੈਟ ਨੰਬਰ 202-ਬੀ 1 ਕਰੋੜ 5 ਲੱਖ 58 ਹਜ਼ਾਰ 500 ਰੁਪਏ ਦੀ ਰਾਖਵੀਂ ਕੀਮਤ ਦੀ ਥਾਂ 1 ਕਰੋੜ 21 ਲੱਖ 15 ਹਜ਼ਾਰ 1 ਰੁਪਏ, ਸੈਕਟਰ 52 ਸਥਿਤ ਈਡਬਲਿਯੂਐਸ ਸ਼੍ਰੇਣੀ ਦਾ ਫਲੈਟ ਨੰਬਰ 3148-ਬੀ 24 ਲੱਖ 37 ਹਜ਼ਾਰ 637 ਰੁਪਏ ਦੀ ਰਾਖਵੀਂ ਕੀਮਤ ਦੇ ਮੁਕਾਬਲੇ 24 ਲੱਖ 41 ਹਜ਼ਾਰ 637 ਰੁਪਏ, ਮਨੀਮਾਜਰਾ ਸਾਥੀ ਮਾਡਰਨ ਹਾਊਸਿੰਗ ਕੰਪਲੈਕਸ ਵਿਖੇ ਕੈਟੇਗਰੀ- ਚਾਰ ਦਾ ਫਲੈਟ ਨੰਬਰ 5404-1 ਬੋਰਡ ਵਲੋਂ ਰੱਖੀ ਗਈ ਰਾਖਵੀਂ ਕੀਮਤ 53 ਲੱਖ 36 ਹਜ਼ਾਰ ਦੇ ਮੁਕਾਬਲੇ 53 ਲੱਖ 41 ਹਜ਼ਾਰ 151 ਰੁਪਏ ਵਿੱਚ ਨਿਲਾਮ ਹੋਇਆ।