For the best experience, open
https://m.punjabitribuneonline.com
on your mobile browser.
Advertisement

ਇੱਕ ਰਾਹ ਤੇਰਾ, ਇੱਕ ਰਾਹ ਮੇਰਾ..!

07:56 AM May 15, 2024 IST
ਇੱਕ ਰਾਹ ਤੇਰਾ  ਇੱਕ ਰਾਹ ਮੇਰਾ
ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਲੋਕ ਆਪਣੀ ਹੱਡਬੀਤੀ ਸੁਣਾਉਂਦੇ ਹੋਏ।
Advertisement

ਚਰਨਜੀਤ ਭੁੱਲਰ
ਬੁਰਜ ਜਵਾਹਰ ਸਿੰਘ ਵਾਲਾ (ਫ਼ਰੀਦਕੋਟ), 14 ਮਈ
ਸੰਸਦੀ ਹਲਕਾ ਫ਼ਰੀਦਕੋਟ ਦਾ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਹੁਣ ਸਾਰੀਆਂ ਸਿਆਸੀ ਧਿਰਾਂ ਨੂੰ ਇੱਕੋ ਤੱਕੜੀ ਵਿੱਚ ਤੋਲ ਰਿਹਾ ਹੈ। ਪਿੰਡ ਦੇ ਲੋਕ ਖ਼ਫ਼ਾ ਹਨ ਅਤੇ ਰੋਹ ਵਿੱਚ ਵੀ ਹਨ ਕਿ ਜਦੋਂ ਔਖੀ ਘੜੀ ਆਈ ਸੀ ਉਦੋਂ ਕਿਸੇ ਨੇ ਬਾਂਹ ਨਾ ਫੜੀ, ਹੁਣ ਜਦੋਂ ਚੋਣਾਂ ਆ ਗਈਆਂ ਤਾਂ ਸਿਆਸੀ ਨੇਤਾ ਪਿੰਡ ਦੇ ਗੇੜੇ ਕੱਢਣ ਲੱਗੇ ਹਨ। ਸਮੁੱਚਾ ਪਿੰਡ ਹੁਣ ਸਿਆਸੀ ਧਿਰਾਂ ਨਾਲ ਹਿਸਾਬ-ਕਿਤਾਬ ਬਰਾਬਰ ਕਰਨ ਦੇ ਰੌਂਅ ਵਿੱਚ ਹੈ। ਫ਼ਰੀਦਕੋਟ ਦਾ ਇਹ ਪਿੰਡ ਉਦੋਂ ਸੁਰਖ਼ੀਆਂ ਵਿੱਚ ਆਇਆ ਸੀ ਜਦੋਂ ਪਹਿਲੀ ਜੂਨ 2015 ਨੂੰ ਇੱਥੋਂ ਦੇ ਗੁਰੂਘਰ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋ ਗਏ ਸਨ। ਉਸ ਮਗਰੋਂ ਪਿੰਡ ਕਈ ਤਰ੍ਹਾਂ ਦੇ ਮਾਨਸਿਕ ਤੇ ਸਰੀਰਕ ਸੰਕਟਾਂ ਵਿੱਚੋਂ ਲੰਘਿਆ।
ਮਗਰੋਂ ਉਹ ਸਮਾਂ ਵੀ ਆਇਆ ਜਦੋਂ ਡੇਰਾ ਸਿਰਸਾ ਦੇ ਪਿੰਡ ਵਿਚਲੇ ਪ੍ਰੇਮੀ ਗੁਰਦੇਵ ਸਿੰਘ ਦਾ ਦੁਕਾਨ ’ਤੇ ਕਤਲ ਹੋ ਗਿਆ। ਪਿੰਡ ਵਿੱਚ ਕਰੀਬ ਡੇਢ ਦਰਜਨ ਪ੍ਰੇਮੀਆਂ ਦੇ ਘਰ ਸਨ। ਮੁਸੀਬਤਾਂ ਦਾ ਪਹਾੜ ਪਿੰਡ ’ਤੇ ਟੁੱਟ ਪਿਆ। ਪਿੰਡ ਦੇ ਗੁਰੂਘਰ ਦੇ ਗ੍ਰੰਥੀ ਬਾਬਾ ਗੋਰਾ ਸਿੰਘ ਦੇ ਅੱਜ ਵੀ ਚੀਸ ਪੈਂਦੀ ਹੈ। ਉਸ ਨੂੰ ਪੁਲੀਸ ਦਾ ਤਸ਼ੱਦਦ ਭੁੱਲਿਆ ਨਹੀਂ। ਪਿੰਡ ਵਿੱਚ ਰਣਜੀਤ ਸਿੰਘ ਨਾਮ ਦੇ ਦੋ ਵਿਅਕਤੀ ਹਨ, ਜਿਨ੍ਹਾਂ ਨੂੰ ਪੁਲੀਸ ਨੇ ਐਨਾ ਕੁੱਟਿਆ ਕਿ ਅੱਜ ਵੀ ਠੀਕ ਤਰ੍ਹਾਂ ਤੁਰਿਆ ਨਹੀਂ ਜਾ ਰਿਹਾ। ਇਸੇ ਤਰ੍ਹਾਂ ਹਰਬੰਸ ਸਿੰਘ ਨੂੰ ਪੁਲੀਸ ਤਸ਼ੱਦਦ ਅੱਜ ਵੀ ਯਾਦ ਹੈ।
ਪਿੰਡ ਵਾਸੀ ਸ਼ਮਸ਼ੇਰ ਸਿੰਘ ਦਾ ਕਹਿਣਾ ਸੀ ਕਿ ਪਿੰਡ ਨੂੰ ਨਿਆਂ ਤਾਂ ਕੀ ਮਿਲਣਾ ਸੀ, ਉਲਟਾ ਪੁਲੀਸ ਨੇ ਪਿੰਡ ਨੂੰ ਹੀ ਕਟਹਿਰੇ ਵਿੱਚ ਖੜ੍ਹਾ ਕਰ ਲਿਆ। ਸਮੁੱਚੇ ਪਿੰਡ ਵਿੱਚ ਸਹਿਮ ਤੇ ਖ਼ੌਫ਼ ਦਾ ਮਾਹੌਲ ਬਣਿਆ ਰਿਹਾ। ਪਿੰਡ ਦੇ ਲੋਕਾਂ ਨੇ ਸਿਆਸੀ ਆਗੂਆਂ ਦੇ ਦਰਵਾਜ਼ੇ ਖੜਕਾਏ ਪਰ ਕਿਸੇ ਨੇ ਪਿੰਡ ਨੂੰ ਮੂੰਹ ਨਹੀਂ ਲਾਇਆ। ਪਿੰਡ ਦਾ ਸਤਵੀਰ ਸਿੰਘ ਆਖਦਾ ਹੈ ਕਿ ਉਨ੍ਹਾਂ ਨੇ ਸਭ ਕੁਝ ਆਪਣੇ ਪਿੰਡੇ ਹੰਢਾਇਆ। ਪਿੰਡ ਦਾ ਇੱਕ ਵਿਅਕਤੀ ਅੱਜ ਤੁਰਨ ਜੋਗਾ ਹੀ ਨਹੀਂ ਰਿਹਾ।
ਜਦੋਂ ਪੱਤਰਕਾਰ ਨੇ ਪਿੰਡ ਦਾ ਗੇੜਾ ਲਾਇਆ ਤਾਂ ਗੁਰੂਘਰ ਵਿੱਚ ਨੌਜਵਾਨ ਗੱਤਕੇ ਦੀ ਸਿਖਲਾਈ ਲੈ ਰਹੇ ਸਨ। ਪਿੰਡ ਵਿੱਚ ਨਾ ਕਿਧਰੇ ਕਿਸੇ ਸਿਆਸੀ ਪਾਰਟੀ ਦਾ ਝੰਡਾ ਦਿਖਿਆ ਅਤੇ ਨਾ ਹੀ ਕੋਈ ਸਿਆਸੀ ਹਰਕਤ। ਹਰ ਕੋਈ ਆਪੋ ਆਪਣੇ ਕੰਮ ਵਿੱਚ ਲੱਗਿਆ ਹੋਇਆ ਸੀ। ਅਕਾਲੀ ਦਲ ਨਾਲ ਸਬੰਧਤ ਰਾਜਵਿੰਦਰ ਸਿੰਘ ਆਖਦਾ ਹੈ ਕਿ ਜੇ ਕੋਈ ਚੋਣ ਪ੍ਰਚਾਰ ਲਈ ਪਿੰਡ ਵਿੱਚ ਆਇਆ ਤਾਂ ਉਹ ਵਿਰੋਧ ਨਹੀਂ ਕਰਨਗੇ ਪ੍ਰੰਤੂ ਪਿੰਡ ਕਿਸੇ ਨੂੰ ਮੂੰਹ ਵੀ ਨਹੀਂ ਲਾਏਗਾ। ਪਿੰਡ ਵਾਸੀ ਹਰਬੰਸ ਸਿੰਘ ਦਾ ਕਹਿਣਾ ਸੀ ਕਿ ਪਿੰਡ ਵਿੱਚ ਵਾਪਰੀ ਅਣਸੁਖਾਵੀਂ ਘਟਨਾ ਮਗਰੋਂ ਪਿੰਡ ਨੂੰ ਚਾਨਣ ਹੋ ਗਿਆ ਹੈ ਕਿ ਸਾਰੇ ਸਿਆਸੀ ਆਗੂ ਇੱਕੋ ਥਾਲ਼ੀ ਦੇ ਚੱਟੇ ਵੱਟੇ ਹਨ। ਜਦੋਂ ਘਟਨਾ ਵਾਪਰੀ ਸੀ ਤਾਂ 11 ਜੂਨ 2015 ਨੂੰ ਪਿੰਡ ਵਿੱਚ ਸਿੱਖ ਜਥੇਬੰਦੀਆਂ ਨੇ ਰੋਸ ਵੀ ਪ੍ਰਗਟਾਇਆ ਸੀ। ਉਸ ਵੇਲੇ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਤਤਕਾਲੀ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਨਿਸ਼ਾਨੇ ’ਤੇ ਆ ਗਈ ਸੀ। ਹੁਣ ਜਦੋਂ ਲੋਕ ਸਭਾ ਚੋਣਾਂ ਦਾ ਪ੍ਰਚਾਰ ਚੱਲ ਰਿਹਾ ਹੈ ਤਾਂ ਇਨ੍ਹਾਂ ਪਿੰਡਾਂ ’ਤੇ ਬੇਅਦਬੀ ਦਾ ਮੁੱਦਾ ਉਵੇਂ ਹੀ ਛਾਇਆ ਹੋਇਆ ਹੈ। ਪਿੰਡ ਦੀ ਖ਼ਾਸ ਗੱਲ ਹੈ ਕਿ ਲੋਕਾਂ ਨੇ ਆਪਸੀ ਭਾਈਚਾਰਾ ਟੁੱਟਣ ਨਹੀਂ ਦਿੱਤਾ। ਲੋਕਾਂ ਨੇ ਇਹ ਵੀ ਗਿਲਾ ਕੀਤਾ ਕਿ ਪਿੰਡ ਵਿੱਚ ਹੁਣ ‘ਚਿੱਟੇ’ ਦੀ ਬਿਮਾਰੀ ਵੀ ਪ੍ਰਵੇਸ਼ ਕਰ ਗਈ ਹੈ।

Advertisement

Advertisement
Author Image

joginder kumar

View all posts

Advertisement
Advertisement
×