‘ਇਕ ਦੇਸ਼ ਇਕ ਚੋਣ’ ਬਿੱਲ ਲੋਕ ਸਭਾ ’ਚ ਪੇਸ਼
ਨਵੀਂ ਦਿੱਲੀ, 17 ਦਸੰਬਰ
ਲੋਕ ਸਭਾ ਅਤੇ ਅਸੈਂਬਲੀ ਚੋਣਾਂ ਇਕੋ ਵੇਲੇ ਕਰਵਾਉਣ ਸਬੰਧੀ ਦੋ ਬਿੱਲ ਸੰਵਿਧਾਨਕ (129ਵੀਂ ਸੋਧ) ਬਿੱਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕਾਨੂੰਨ (ਸੋਧ) ਬਿੱਲ ਅੱਜ ਤਿੱਖੀ ਬਹਿਸ ਮਗਰੋਂ ਲੋਕ ਸਭਾ ਵਿਚ ਪੇਸ਼ ਕੀਤੇ ਗਏ। ਕਰੀਬ ਡੇਢ ਘੰਟੇ ਦੀ ਬਹਿਸ ਦੌਰਾਨ ਵਿਰੋਧੀ ਧਿਰਾਂ ਨੇ ‘ਇਕ ਦੇਸ਼ ਇਕ ਚੋਣ’ ਬਿੱਲਾਂ ਨੂੰ ‘ਤਾਨਾਸ਼ਾਹੀ’ ਕਦਮ ਕਰਾਰ ਦਿੱਤਾ ਜਦਕਿ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਬਿੱਲ ਸੂਬਿਆਂ ਨੂੰ ਮਿਲੀਆਂ ਤਾਕਤਾਂ ’ਚ ਕੋਈ ਦਖ਼ਲ ਨਹੀਂ ਦੇਣਗੇ। ਬਿੱਲ ਵਿਆਪਕ ਵਿਚਾਰ ਚਰਚਾ ਲਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਕੋਲ ਭੇਜਣ ਵਾਸਤੇ ਸਰਕਾਰ ਵੱਲੋਂ ਬੁੱਧਵਾਰ ਨੂੰ ਲੋਕ ਸਭਾ ’ਚ ਮਤਾ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।
ਮੇਘਵਾਲ ਨੇ ਬਹਿਸ ਮਗਰੋਂ ਸੰਵਿਧਾਨਕ (129ਵੀਂ ਸੋਧ) ਬਿੱਲ ਪੇਸ਼ ਕੀਤਾ ਜਿਸ ’ਤੇ ਵਿਰੋਧੀ ਧਿਰਾਂ ਨੇ ਵੋਟਿੰਗ ਦੀ ਮੰਗ ਕੀਤੀ। ਬਿੱਲ ਦੇ ਹੱਕ ਵਿਚ 269 ਮੈਂਬਰਾਂ ਨੇ ਵੋਟ ਪਾਈ ਜਦੋਂਕਿ 198 ਨੇ ਇਸ ਦਾ ਵਿਰੋਧ ਕੀਤਾ। ਇਹ ਪਹਿਲੀ ਵਾਰ ਸੀ ਜਦੋਂ ਨਵੇਂ ਸੰਸਦ ਭਵਨ ਵਿਚ ਲੋਕ ਸਭਾ ’ਚ ਇਲੈਕਟ੍ਰਾਨਿਕ ਵੋਟਿੰਗ ਸਿਸਟਮ ਦੀ ਵਰਤੋਂ ਕੀਤੀ ਗਈ ਹੈ। ਮੇਘਵਾਲ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਕਾਨੂੰਨ (ਸੋਧ) ਬਿੱਲ ਵੀ ਪੇਸ਼ ਕੀਤਾ, ਜਿਸ ਵਿਚ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ ਕਸ਼ਮੀਰ, ਪੁੱਡੂਚੇਰੀ ਤੇ ਦਿੱਲੀ ’ਚ ਵੀ ਲੋਕ ਸਭਾ ਚੋਣਾਂ ਦੇ ਨਾਲ ਹੀ ਚੋਣਾਂ ਕਰਾਉਣ ਦੀ ਵਿਵਸਥਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਜਿਵੇਂ ਵਿਰੋਧੀ ਧਿਰ ਦਾਅਵਾ ਕਰ ਰਹੀ ਹੈ ਇਹ ਬਿੱਲ ਬੁਨਿਆਦੀ ਢਾਂਚੇ ਦੇ ਸਿਧਾਂਤ ’ਤੇ ਹਮਲਾ ਨਹੀਂ ਹਨ। ਮੇਘਵਾਲ ਨੇ ਕਿਹਾ ਕਿ ਜੁਡੀਸ਼ਲ ਨਜ਼ਰਸਾਨੀ, ਸੰਵਿਧਾਨ ਦੇ ਸੰਘੀ ਸੁਭਾਅ, ਸ਼ਕਤੀਆਂ ਦੇ ਵਖਰੇਵੇਂ, ਧਰਮ ਨਿਰਪੱਖ ਸੁਭਾਅ ਅਤੇ ਸੰਵਿਧਾਨ ਦੀ ਸਰਬਉੱਚਤਾ ਜਿਹੇ ਸਿਧਾਂਤ ਨਹੀਂ ਬਦਲੇ ਗਏ ਹਨ। ਉਨ੍ਹਾਂ ਕਿਹਾ ਕਿ ਬਿੱਲ ’ਤੇ ਇਤਰਾਜ਼ ਸਿਆਸਤ ਤੋਂ ਪ੍ਰੇਰਿਤ ਹਨ। ਉਨ੍ਹਾਂ ਕਿਹਾ ਕਿ ਉਹ ਬਿੱਲ ਸੰਸਦ ਦੀ ਸਾਂਝੀ ਕਮੇਟੀ ਹਵਾਲੇ ਕਰਨ ਲਈ ਮਤਾ ਪੇਸ਼ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸੰਸਦੀ ਕਮੇਟੀ ’ਚ ਵਿਸਥਾਰ ਨਾਲ ਚਰਚਾ ਹੋ ਸਕਦੀ ਹੈ ਅਤੇ ਉਸ ਦੀ ਰਿਪੋਰਟ ਕੈਬਨਿਟ ਵੱਲੋਂ ਪ੍ਰਵਾਨ ਕੀਤੀ ਜਾਵੇਗੀ ਜਿਸ ਮਗਰੋਂ ਮੁੜ ਸਦਨ ’ਚ ਬਿੱਲਾਂ ’ਤੇ ਚਰਚਾ ਹੋਵੇਗੀ। ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਬਿੱਲ ਪੇਸ਼ ਕਰਨ ਦਾ ਵਿਰੋਧ ਕਰਦਿਆਂ ਇਸ ਨੂੰ ਸੰਵਿਧਾਨ ਦੇ ਬੁਨਿਆਦੀ ਢਾਂਚੇ ਦੀ ਖਿਲਾਫ਼ਤ ਦੱਸਿਆ।
ਸਮਾਜਵਾਦੀ ਪਾਰਟੀ ਦੇ ਧਰਮੇਂਦਰ ਯਾਦਵ ਨੇ ਕਿਹਾ ਕਿ ਬਿੱਲ ਸੰਵਿਧਾਨ ਨਿਰਮਾਤਾਵਾਂ ਵੱਲੋਂ ਦਰਸਾਏ ਸੰਘੀ ਢਾਂਚੇ ਉੱਤੇ ਹਮਲਾ ਹੈ ਅਤੇ ਇਹ ਭਾਜਪਾ ਵੱਲੋਂ ਦੇਸ਼ ’ਚ ਤਾਨਾਸ਼ਾਹੀ ਲਿਆਉਣ ਦੀ ਕੋਸ਼ਿਸ਼ ਹੈ। ਡੀਐੱਮਕੇ ਦੇ ਟੀਆਰ ਬਾਲੂ ਨੇ ਇਸ ਵੱਡੀ ਮਸ਼ਕ ਉੱਤੇ ਆਉਣ ਵਾਲੇ ਖ਼ਰਚੇ ’ਤੇ ਸਵਾਲ ਚੁੱਕੇ। ਟੀਐੱਮਸੀ ਦੇ ਕਲਿਆਣ ਬੈਨਰਜੀ ਨੇ ਕਿਹਾ ਕਿ ਇਸ ਨਾਲ ਸੰਵਿਧਾਨ ਦੇ ਬੁਨਿਆਦੀ ਢਾਂਚੇ ਨੂੰ ਸੱਟ ਵੱਜੇਗੀ। ਉਨ੍ਹਾਂ ਕਿਹਾ ਕਿ ਬਿੱਲ ਵਿਚ ਇਕ ਧਾਰਾ ਸ਼ਾਮਲ ਕੀਤੇ ਜਾਣ ਸਬੰਧੀ ਤਜਵੀਜ਼ ਮੌਜੂਦਾ ਸੰਵਿਧਾਨ ਦੇ ਉਲਟ ਹੈ। ਉਧਰ ਟੀਡੀਪੀ ਦੇ ਚੰਦਰ ਸ਼ੇਖਰ ਪੇਮਾਸਾਨੀ ਨੇ ਬਿੱਲ ਦਾ ਸਮਰਥਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਤਜਵੀਜ਼ ਦੀ ਬਿਨਾਂ ਸ਼ਰਤ ਹਮਾਇਤ ਕਰੇਗੀ। ਸ਼ਿਵ ਸੈਨਾ ਮੈਂਬਰ ਸ੍ਰੀਕਾਂਤ ਸ਼ਿੰਦੇ ਨੇ ਵਿਰੋਧੀ ਧਿਰ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੂੰ ਸੁਧਾਰਾਂ ਤੋਂ ਐਲਰਜੀ ਹੈ। ਏਆਈਐੱਮਆਈਐੱਮ ਆਗੂ ਅਸਦ-ਉਦ-ਦੀਨ ਓਵਾਇਸੀ ਨੇ ਕਿਹਾ ਕਿ ਭਾਜਪਾ ਨੇ ਵਧ ਸਿਆਸੀ ਲਾਹਾ ਲੈਣ ਅਤੇ ਆਪਣੀ ਸਹੂਲਤ ਮੁਤਾਬਕ ਬਿੱਲ ਲਿਆਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿੱਲਾਂ ਨਾਲ ਖੇਤਰੀ ਪਾਰਟੀਆਂ ਦਾ ਵਜੂਦ ਖ਼ਤਮ ਹੋ ਜਾਵੇਗਾ। -ਪੀਟੀਆਈ
‘ਇਕ ਦੇਸ਼ ਇਕ ਚੋਣ’ ਨਾਲ ਆਰਥਿਕ ਵਿਕਾਸ ਹੋਰ ਤੇਜ਼ ਹੋਵੇਗਾ: ਕੋਵਿੰਦ
ਕੋਲਕਾਤਾ: ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਇਥੇ ਕਿਹਾ ਕਿ ‘ਇਕ ਦੇਸ਼ ਇਕ ਚੋਣ’ ਤਜਵੀਜ਼ ਲਾਗੂ ਹੋਣ ਨਾਲ ਚੋਣ ਅਮਲ ਸੁਖਾਲਾ ਹੋਵੇਗਾ ਅਤੇ ਦੇਸ਼ ਦੇ ਆਰਥਿਕ ਵਿਕਾਸ ’ਚ ਹੋਰ ਤੇਜ਼ੀ ਆਵੇਗੀ। ਦੇਸ਼ ’ਚ ਇਕੋ ਵੇਲੇ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਕਰਾਉਣ ਲਈ ਬਣਾਈ ਗਈ ਉੱਚ ਪੱਧਰੀ ਕਮੇਟੀ ਦੇ ਕੋਵਿੰਦ ਚੇਅਰਮੈਨ ਸਨ। ਇਥੇ ਆਦਿਵਾਸੀਆਂ ਦੀ ਇਕ ਜਥੇਬੰਦੀ ਵੱਲੋਂ ਕਰਵਾਏ ਗਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੋਵਿੰਦ ਨੇ ਕਿਹਾ ਕਿ ਵੋਟਰ ਹਰ ਸਾਲ ਪੈਣ ਵਾਲੀਆਂ ਵੋਟਾਂ ਤੋਂ ਅੱਕ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇ ‘ਇਕ ਦੇਸ਼ ਇਕ ਚੋਣ’ ਵਿਧਾਨ ਲਾਗੂ ਹੋ ਗਿਆ ਤਾਂ ਵਿਕਾਸ ਦਰ ਵੀ ਡੇਢ ਫ਼ੀਸਦ ਤੱਕ ਵਧ ਸਕਦੀ ਹੈ। -ਪੀਟੀਆਈ
ਬਿੱਲ ਗ਼ੈਰਸੰਵਿਧਾਨਕ: ਪ੍ਰਿਯੰਕਾ
ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਇਕੋ ਵੇਲੇ ਲੋਕ ਸਭਾ ਤੇ ਅਸੈਂਬਲੀ ਚੋਣਾਂ ਕਰਵਾਉਣ ਨਾਲ ਸਬੰਧਤ ਸੰਵਿਧਾਨਕ ਸੋਧ ਬਿੱਲ ਨੂੰ ‘ਗੈਰਸੰਵਿਧਾਨਕ’ ਕਰਾਰ ਦਿੱਤਾ ਹੈ। ਪ੍ਰਿਯੰਕਾ ਨੇ ਜ਼ੋਰ ਦੇ ਕੇ ਆਖਿਆ ਕਿ ਇਹ ਸੰਘਵਾਦ ਦੇ ਖ਼ਿਲਾਫ਼ ਹੈ। ਪ੍ਰਿਯੰਕਾ ਨੇ ਸੰਸਦੀ ਅਹਾਤੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਗੈਰਸੰਵਿਧਾਨਕ ਬਿੱਲ, ਇਹ ਸਾਡੇ ਦੇਸ਼ ਦੇ ਸੰਘਵਾਦ ਖਿਲਾਫ਼ ਹੈ। ਅਸੀਂ ਬਿੱਲ ਦਾ ਵਿਰੋਧ ਕਰ ਰਹੇ ਹਾਂ।’’
ਹਰਸਿਮਰਤ ਨੇ ਵੀ ਕੀਤਾ ਵਿਰੋਧ
ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ‘ਇਕ ਦੇਸ਼ ਇਕ ਚੋਣ’ ਬਿੱਲ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਵਿਚ ਖਨੌਰੀ ਤੇ ਸ਼ੰਭੂ ਬਾਰਡਰਾਂ ’ਤੇ ਬੈਠੇ ਕਿਸਾਨਾਂ ਨਾਲ ਜੁੜੇ ਮਸਲਿਆਂ ਦੀ ਗੱਲ ਨਹੀਂ ਕਰ ਰਹੀ ਹੈ। ਹਰਸਿਮਰਤ ਨੇ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਸੰਸਦ ਵਿਚ ਦੇਸ਼ ਦੇ ਕੁਝ ਅਹਿਮ ਲੋਕਾਂ ਨਾਲ ਜੁੜੇ ਮੁੱਦਿਆਂ ਉੱਤੇ ਚਰਚਾ ਕਰਨ ਦੀ ਲੋੜ ਹੈ।’’