Nitish to lead NDA ਬਿਹਾਰ: ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਨਿਤੀਸ਼ ਕੁਮਾਰ ਕਰਨਗੇ ਐੱਨਡੀਏ ਦੀ ਅਗਵਾਈ
ਪਟਨਾ, 18 ਦਸੰਬਰ
ਭਾਜਪਾ ਦੀ ਬਿਹਾਰ ਇਕਾਈ ਦੇ ਪ੍ਰਧਾਨ ਦਲੀਪ ਜੈਸਵਾਲ ਨੇ ਅੱਜ ਕਿਹਾ ਕਿ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਸੂਬੇ ਵਿੱਚ 2025 ਦੀਆਂ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਿੱਚ ਲੜੇਗਾ। ਉਨ੍ਹਾਂ ਜੇਡੀ (ਯੂ) ਮੁਖੀ ਨਿਤੀਸ਼ ਕੁਮਾਰ ਬਾਰੇ ਇਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਾਲ ਦੀ ਟਿੱਪਣੀ ਤੋਂ ਪੈਦਾ ਹੋਈਆਂ ਸੰਭਾਵਨਾਵਾਂ ਨੂੰ ਵੀ ਖਾਰਜ ਕਰ ਦਿੱਤਾ।
ਇਕ ਨਿੱਜੀ ਨਿਊਜ਼ ਚੈਨਲ ਨਾਲ ਇਕ ਇੰਟਰਵਿਊ ਦੌਰਾਨ ਭਾਜਪਾ ਦੇ ਸਾਬਕਾ ਪ੍ਰਧਾਨ ਸ਼ਾਹ ਨੇ ਸਿੱਧ ਜਵਾਬ ਦੇਣ ਤੋਂ ਉਸ ਸਮੇਂ ਪ੍ਰਹੇਜ਼ ਕੀਤਾ ਸੀ ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਸੀ ਕਿ ਕੀ ਐੱਨਡੀਏ ਬਿਹਾਰ ਵਿੱਚ ਮਹਾਰਾਸ਼ਟਰ ਵਰਗੀ ਰਣਨੀਤੀ ਅਪਣਾਏਗਾ, ਜਿੱਥੇ ਉਹ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨੇ ਬਿਨਾ ਚੋਣਾਂ ਵਿੱਚ ਉਤਰਿਆ ਅਤੇ ਭਾਰੀ ਜਿੱਤ ਹਾਸਲ ਕੀਤੀ। ਸ਼ਾਹ ਨੇ ਕਿਹਾ ਸੀ, ‘‘ਅਸੀਂ ਇੱਕਠੇ ਬੈਠਾਂਗੇ ਅਤੇ ਇਸ ਮੁੱਦੇ ’ਤੇ ਫੈਸਲਾ ਲਵਾਂਗੇ। ਇਕ ਵਾਰ ਜਦੋਂ ਅਸੀਂ ਫੈਸਲਾ ਲੈ ਲਵਾਂਗੇ ਤਾਂ ਅਸੀਂ ਤੁਹਾਨੂੰ ਦੱਸਾਂਗੇ।’’
ਸ਼ਾਹ ਦੇ ਇਸ ਜਵਾਬ ਤੋਂ ਇੱਥੋਂ ਦੇ ਸਿਆਸੀ ਹਲਕਿਆਂ ਵਿੱਚ ਨਿਤੀਸ਼ ਕੁਮਾਰ ਦੀ ਕਿਸਮਤ ਨੂੰ ਲੈ ਕੇ ਵੱਖ ਵੱਖ ਖ਼ਦਸ਼ੇ ਜ਼ਾਹਿਰ ਕੀਤੇ ਜਾਣ ਲੱਗੇ ਹਨ। ਹਾਲਾਂਕਿ, ਇਸ ਬਾਰੇ ਜੈਸਵਾਲ ਤੋਂ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਪਾਰਟੀ ਦੀ ਸੂਬਾ ਇਕਾਈ ਦੇ ਮੁਖੀ ਵਜੋਂ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਸਾਨੂੰ 2025 ਵਿੱਚ ਨਿਤੀਸ਼ ਕੁਮਾਰ ਨੂੰ ਨੇਤਾ ਮੰਨ ਕੇ ਐੱਨਡੀਏ ਦੀ ਜਿੱਤ ਲਈ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅਮਿਤ ਸ਼ਾਹ ਦੇ ਬਿਆਨ ਨੂੰ ਉਚਿਤ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ।’’ ਨਿਤੀਸ਼ ਕੁਮਾਰ ਮੰਤਰੀ ਮੰਡਲ ਵਿੱਚ ਮੰਤਰੀ ਜੈਸਵਾਲ ਨੇ ਕਿਹਾ, ‘‘ਲੀਡਰਸ਼ਿਪ ਬਾਰੇ ਫੈਸਲਾ ਇਕ ਅਜਿਹੀ ਚੀਜ਼ ਹੈ ਜਿਸ ਨੂੰ ਲੈਣ ਲਈ ਮੈਂ ਸੂਬਾ ਪ੍ਰਧਾਨ ਹੋਣ ਦੇ ਬਾਵਜੂਦ ਸਮਰੱਥ ਨਹੀਂ ਹਾਂ। ਪਾਰਟੀ ਦਾ ਸੰਵਿਧਾਨ ਕੁਝ ਅਜਿਹਾ ਹੈ ਜਿਸ ਦੀ ਸ਼ਾਹ ਵਰਗੇ ਚੋਟੀ ਦੇ ਆਗੂ ਵੀ ਪਾਲਣਾ ਕਰਦੇ ਹਨ। ਇਸ ਵਾਸਤੇ ਉਨ੍ਹਾਂ ਨੇ ਅਜਿਹੇ ਮੁੱਦੇ ’ਤੇ ਟਿੱਪਣੀ ਨਾ ਕਰਨ ਦਾ ਫੈਸਲਾ ਕੀਤਾ। ਕਦੇ ਵੀ ਕਿਸੇ ਵਿਅਕਤੀ ਵੱਲੋਂ ਫੈਸਲੇ ਨਹੀਂ ਲਿਆ ਜਾਂਦਾ ਹੈ।’’
ਇਸੇ ਵਿਚਾਲੇ ‘ਇੰਡੀਆ’ ਗੱਠਜੋੜ ਦੀ ਇਕ ਭਾਈਵਾਲ ਪਾਰਟੀ ਭਾਰਤੀ ਕਮਿਊਨਿਸਟ ਪਾਰਟੀ (ਮਾਲੇ) ਨੇ ਕਿਹਾ ਕਿ ਕੁਮਾਰ ਨੂੰ ਭਾਜਪਾ ਦੇ ਵਿਸ਼ਵਾਸਘਾਤੀ ਚਰਿੱਤਰ ਖ਼ਿਲਾਫ਼ ਚੌਕਸ ਰਹਿਣ ਦੀ ਲੋੜ ਹੈ। -ਪੀਟੀਆਈ