ਇਕ ਰੰਗੀ ਸਲਤਨਤਾਂ ਤੇ ਬਹੁਰੰਗੀ ਰਾਜ-ਪ੍ਰਬੰਧ...
ਸੁਰਿੰਦਰ ਸਿੰਘ ਤੇਜ
ਬ੍ਰਿਟਿਸ਼ ਸਾਮਰਾਜ ਮਨੁੱਖੀ ਇਤਿਹਾਸ ਵਿਚ ਦੁਨੀਆਂ ਦਾ ਸਭ ਤੋਂ ਵੱਡਾ ਸਾਮਰਾਜ ਸੀ। 1.37 ਕਰੋੜ ਵਰਗ ਮੀਲ ਰਕਬੇ ਵਾਲਾ। ਛੇ ਮਹਾਂਦੀਪਾਂ-ਯੂਰੋਪ, ਏਸ਼ੀਆ, ਉੱਤਰੀ ਅਮਰੀਕਾ, ਓਸ਼ਨੀਆ, ਅਫਰੀਕਾ ਅਤੇ (ਅਰਜਨਟੀਨਾ ਨੇੜੇ ਫਾਕਲੈਂਡ ਜਜ਼ੀਰਿਆਂ ਉੱਤੇ ਕਬਜ਼ੇ ਕਾਰਨ) ਦੱਖਣੀ ਅਮਰੀਕਾ ਵਿਚ ਫੈਲਿਆ ਹੋਇਆ। ਇਕ ਸਮੇਂ ਦੁਨੀਆਂ ਦੀ ਇਕ-ਤਿਹਾਈ ਵਸੋਂ ਇਸ ਸਾਮਰਾਜ ਦਾ ਹਿੱਸਾ ਸੀ। ਸੋਲ੍ਹਵੀਂ ਸਦੀ ਵਿਚ ਵਪਾਰਕ ਜ਼ਰੂਰਤਾਂ ਤੋਂ ਉਪਜਿਆ ਸੀ ਇਹ ਸਾਮਰਾਜ। ਅਗਲੀਆਂ ਦੋ ਸਦੀਆਂ ਦੌਰਾਨ ਇਹ ਦੁਨੀਆਂ ਦੇ ਅੱਧੇ ਤੋਂ ਵੱਧ ਮਾਇਕ ਵਸੀਲਿਆਂ ਦਾ ਮਾਲਕ ਬਣ ਗਿਆ ਸੀ। ਵੀਹਵੀਂ ਸਦੀ ਦੇ ਦੂਜੇ ਅੱਧ ਦੌਰਾਨ ਵਿਖੰਡਿਤ ਹੋਣ ਦੇ ਬਾਵਜੂਦ ਗ੍ਰੇਟ ਬ੍ਰਿਟੇਨ ਹੁਣ ਵੀ ਸਾਡੇ ਸੰਸਾਰ ਦੀ ਛੇਵੀਂ ਸਭ ਤੋਂ ਵੱਡੀ ਆਰਥਿਕ ਹਸਤੀ ਹੈ। ਆਪਣੀ ਸ਼ਾਨ ਸਲਾਮਤ ਰੱਖਣ ਲਈ ਭਾਵੇਂ ਇਸ ਨੂੰ ਹੁਣ ਲਗਾਤਾਰ ਜੱਦੋਜਹਿਦ ਕਰਨੀ ਪੈ ਰਹੀ ਹੈ, ਫਿਰ ਵੀ ਇਹ ਤਿੰਨ ਮਹਾਂਸਾਗਰਾਂ ਵਿਚ ਪੈਂਦੇ 76 ਟਾਪੂਆਂ ਦਾ ਮਾਲਕ ਹੈ। ਆਰਥਿਕ ਮਦਦ ਦੇ ਨਾਂ ’ਤੇ ਇਹ ਦਾਨ-ਦੱਛਣਾ ਵੀ ਕਈ ਨਿੱਕੇ-ਨਿੱਕੇ ਮੁਲਕਾਂ ਨੂੰ ਦਿੰਦਾ ਆ ਰਿਹਾ ਹੈ। ਇਸ ਸਾਮਰਾਜ ਦੀ ਤਿੰਨ ਸਦੀਆਂ ਤੋਂ ਵੱਧ ਲੰਮੀ ਉਮਰ ਦੇ ਰਾਜ਼ ਕਈ ਸਨ। ਪਰ ਇਕ ਮੁੱਖ ਰਾਜ਼ ਸੀ: ਆਪਣੀ ਹਰ ਬਸਤੀ ਦੀ ਸਭਿਅਤਾ ਤੇ ਸਭਿਆਚਾਰ ਦੀ ਕਦਰ ਕਰਨੀ ਅਤੇ ਪ੍ਰਸ਼ਾਸਨਿਕ ਵਿਵਸਥਾ ਜਾਂ ਨਿਜ਼ਾਮਤ ਨੂੰ ਸਥਾਨਕ ਲੋੜਾਂ ਮੁਤਾਬਿਕ ਢਾਲ ਕੇ ਰੱਖਣਾ।
ਅਜਿਹਾ ਹੀ ਕੁਝ ਸੁਮੇਰੀਅਨ ਸਲਤਨਤ ਨੇ ਕੀਤਾ ਸੀ, ਉਹ ਵੀ ਤਕਰੀਬਨ ਚਾਰ ਹਜ਼ਾਰ ਸਾਲ ਪਹਿਲਾਂ। ਪੂਰੇ ਉੱਤਰੀ ਅਫਰੀਕਾ ਤੋਂ ਲੈ ਕੇ ਸਮੁੱਚੀ ਅਰਬ ਭੂਮੀ ਤੇ ਸਿੰਧ ਘਾਟੀ ਦੀ ਪੱਛਮੀ ਸੀਮਾ ਤਕ ਫੈਲੀ ਸੀ ਇਹ ਸਲਤਨਤ। ਇਸ ਦੇ ਵਜੂਦ ਦੀਆਂ ਹੁਣ ਸੰਕੇਤਨੁਮਾ ਨਿਸ਼ਾਨੀਆਂ ਹੀ ਮਿਲਦੀਆਂ ਹਨ। ਉਹ ਵੀ ਧੁੰਦਲੀਆਂ ਜਿਹੀਆਂ। ਮੰਨਿਆ ਜਾਂਦਾ ਹੈ ਕਿ ਇਹ ਸਲਤਨਤ ਵੀ ਆਪਣੇ ਹਰ ਖਿੱਤੇ ਦੀ ਤਹਿਜ਼ੀਬ ਦੀ ਕਦਰ ਕਰਨ ਦੇ ਸਿਧਾਂਤ ਉੱਤੇ ਅਮਲ ਕਰਦੀ ਸੀ। ਅਜਿਹਾ ਹੀ ਖ਼ਾਸਾ ਰੋਮਨ ਸਾਮਰਾਜ (31 ਵਰ੍ਹੇ ਈਸਾ ਪੂਰਵ ਤੋਂ 476 ਈਸਵੀ) ਅਤੇ ਅਕੀਮੇਨੀਡ (ਫ਼ਾਰਸੀ) ਸਾਮਰਾਜ (550 ਤੋਂ 330 ਵਰ੍ਹੇ ਈਸਾ ਪੂਰਵ) ਦਾ ਵੀ ਰਿਹਾ। ਮੰਗੋਲ ਸਾਮਰਾਜ ਨੇ ਵੀ ਆਪਣੇ ਮੁੱਢਲੇ ਵਰ੍ਹਿਆਂ ਦੌਰਾਨ ਰਾਜ ਪ੍ਰਬੰਧ ਵਾਸਤੇ ਉਪਰੋਕਤ ਸਿਧਾਂਤ ਹੀ ਅਪਣਾਇਆ। ਇਹ ਵੱਖਰੀ ਗੱਲ ਹੈ ਕਿ ਇਲਾਕਾਈ ਜਿੱਤਾਂ ਵਾਸਤੇ ਮੰਗੋਲਾਂ ਨੇ ਵਹਿਸ਼ਤ ਤੇ ਦਹਿਸ਼ਤ ਦਾ ਜੋ ਰਾਹ ਚੁਣਿਆ, ਉਸ ਨੇ ਉਨ੍ਹਾਂ ਦੀਆਂ ਪ੍ਰਸ਼ਾਸਨਿਕ ਪ੍ਰਾਪਤੀਆਂ ਨੂੰ ਹਮੇਸ਼ਾਂ ਲਈ ਦਾਗ਼ਦਾਰ ਕਰ ਦਿੱਤਾ।
ਇਨ੍ਹਾਂ ਸਲਤਨਤਾਂ ਤੋਂ ਇਲਾਵਾ ਕੁਝ ਸਾਮਰਾਜ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਨਾ ਤਾਂ ਬਹੁਤੀ ਚਰਚਾ ਹੋਈ ਅਤੇ ਨਾ ਹੀ ਉਨ੍ਹਾਂ ਦੇ ਮਹੱਤਵ ਨੂੰ ਅਕਾਦਮਿਕ ਸ਼ਿੱਦਤ ਨਾਲ ਘੋਖਿਆ ਗਿਆ। ਅਜਿਹੀ ਅਣਦੇਖੀ ਦੀ ਇਕ ਅਹਿਮ ਵਜ੍ਹਾ ਇਹ ਰਹੀ ਕਿ ਇਨ੍ਹਾਂ ਨੂੰ ਪਹਿਲੇ ਮਹਾਨ ਸਾਮਰਾਜਾਂ ਦੇ ਪਰਛਾਵਿਆਂ ਵਜੋਂ ਦੇਖਿਆ ਗਿਆ; ਇਨ੍ਹਾਂ ਦੇ ਵਜੂਦ ਤੇ ਵਸਫ਼ ਨੂੰ ਸੰਜੀਦਗੀ ਨਾਲ ਨਹੀਂ ਆਂਕਿਆ ਗਿਆ। ਅਸਲੀਅਤ ਇਹ ਸੀ ਕਿ ਇਹ ਸਾਮਰਾਜ, ਮਹਾਨ ਸਲਤਨਤਾਂ ਦੀ ਬਨਿਸਬਤ ਬਿਹਤਰ ਰਾਜ ਪ੍ਰਬੰਧ ਤੇ ਬਿਹਤਰ ਇਨਸਾਨੀ ਮਿਆਰਾਂ ਦਾ ਨਮੂਨਾ ਸਨ। ਇਨ੍ਹਾਂ ਵਿਚ ਉਮਾਇਦ ਖਿਲਾਫ਼ਤ (ਸਲਤਨਤ), ਔਟੋਮਨ (ਅਸਲ ’ਚ ਉਸਮਾਨੀ) ਸਲਤਨਤ, ਚੀਨੀ ਸਾਮਰਾਜ, ਰੂਸੀ ਸਾਮਰਾਜ ਤੇ ਮੁਗ਼ਲ ਸਾਮਰਾਜ ਆਉਂਦੇ ਹਨ। ਅਨੇਕਤਾ ਰਾਹੀਂ ਏਕਤਾ ਦੇ ਸਿਧਾਂਤ ਦੇ ਪੈਰੋਕਾਰ ਤੇ ਪ੍ਰਮਾਣ ਸਨ ਇਹ ਸਾਮਰਾਜ। ਇਨ੍ਹਾਂ ਨੇ ਦਰਸਾਇਆ ਕਿ ਨਸਲੀ, ਤਹਿਜ਼ੀਬੀ, ਤਾਲੀਮੀ, ਮਜ਼ਹਬੀ, ਮਾਇਕ ਤੇ ਭੂਗੋਲਿਕ ਵਿਭਿੰਨਤਾਵਾਂ ਦੇ ਬਾਵਜੂਦ ਏਕੇ ਦਾ ਸੰਕਲਪ ਵਿਕਸਿਤ ਵੀ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਉਮਰਦਰਾਜ਼ ਵੀ ਬਣਾਇਆ ਜਾ ਸਕਦਾ ਹੈ। ਇਹੋ ਕਹਾਣੀ ਖ਼ੂਬਸੂਰਤ ਤੇ ਖੁਸ਼ਨੁਮਾ ਅੰਦਾਜ਼ ਵਿਚ ਪੇਸ਼ ਕਰਦੀ ਹੈ ਪ੍ਰੋ. ਟੌਮਸ ਬੈਰਫੀਲਡ ਦੀ ਨਵੀਂ ਕਿਤਾਬ ‘ਸ਼ੈਡੋ ਐਂਪਾਇਰਜ਼’ (ਪ੍ਰਿੰਸਟਨ ਯੂਨੀਵਰਸਿਟੀ ਪ੍ਰੈਸ; 366 ਪੰਨੇ; 799 ਰੁਪਏ)। ਨਵੇਂ ਖਿਆਲਾਂ, ਨਿਵੇਕਲੇ ਸਿਧਾਂਤਾਂ ਤੇ ਨਵੇਲੀਆਂ ਵਿਆਖਿਆਵਾਂ ਨਾਲ ਲੈਸ ਹੈ ਇਹ ਕਿਤਾਬ।
ਬੋਸਟਨ ਯੂਨੀਵਰਸਿਟੀ ਵਿਚ ਮਾਨਵ ਵਿਗਿਆਨੀ ਹਨ ਪ੍ਰੋ. ਬੈਰਫੀਲਡ। ਮੁੱਖ ਤੌਰ ’ਤੇ ਉਹ ਇਰਾਕ, ਅਫ਼ਗ਼ਾਨਿਸਤਾਨ ਤੇ ਮੱਧ ਏਸ਼ਿਆਈ ਮੁਲਕਾਂ ਦੇ ਮਾਨਵ-ਵਿਗਿਆਨਕ ਇਤਿਹਾਸ ਦੇ ਮਾਹਿਰ ਹਨ। ਉਹ ਪਹਿਲੇ ਅਜਿਹੇ ਅਕਾਦਮੀਸ਼ਨ ਸਨ ਜਿਨ੍ਹਾਂ ਨੇ ਅਮਰੀਕੀ ਹਕੂਮਤ ਨੂੰ ਅਫ਼ਗ਼ਾਨਿਸਤਾਨ ਵਿਚ ਬੇਲੋੜੇ ਦਖ਼ਲ ਤੋਂ ਵਰਜਿਆ ਸੀ ਅਤੇ ਫ਼ੌਜੀ ਦਖ਼ਲ ਦੀ ਸੂਰਤ ਵਿਚ ਹਾਰ ਤੇ ਨਮੋਸ਼ੀ ਦੀ ਪੇਸ਼ੀਨਗੋਈ 20 ਵਰ੍ਹੇ ਪਹਿਲਾਂ ਕਰ ਦਿੱਤੀ ਸੀ।
ਅਜਿਹੀ ਚਿਤਾਵਨੀ ਦੀ ਅਣਦੇਖੀ ਕਰ ਕੇ ਅਮਰੀਕਾ ਨੇ ਜਿਸ ਕਿਸਮ ਦੀ ਖ਼ੁਨਾਮੀ ਤੇ ਨਮੋਸ਼ੀ ਅਫ਼ਗ਼ਾਨਿਸਤਾਨ ਵਿਚ ਖੱਟੀ, ਉਹ ਸਾਡੇ ਸਾਹਮਣੇ ਹੀ ਹੈ। ‘ਸ਼ੈਡੋ ਐਂਪਾਇਰਜ਼’ ਦਾ ਧਰਾਤਲ ਵਿਆਪਕ ਹੈ। ਇਹ ਕਈ ਸਲਤਨਤਾਂ ਦੀ ਤਵਾਰੀਖ਼ ਨੂੰ ਸਹੀ ਰੰਗਤ ਦੇਣ ਦੀ ਬਾਦਲੀਲ ਕੋਸ਼ਿਸ਼ ਹੋਣ ਤੋਂ ਇਲਾਵਾ ਇਨ੍ਹਾਂ ਦੀ ਇਮਤਿਆਜ਼ੀ ਦਾ ਸੰਜੀਦਾ ਬਿਆਨ ਵੀ ਹੈ। ਮਸਲਨ, ਉਮਾਇਦ ਸਲਤਨਤ (661-750 ਈਸਵੀ) ਨੂੰ ਮਹਿਜ਼ ਇਸਲਾਮੀ ਸਲਤਨਤ ਮੰਨਿਆ ਜਾਂਦਾ ਹੈ। ਪਰ ਪ੍ਰੋ. ਬੈਰਫੀਲਡ ਦੱਸਦੇ ਹਨ ਕਿ ਇਹ ਧਰਮ-ਨਿਰਪੇਖ ਸਾਮਰਾਜ ਸੀ। ਇਸ ਦਾ ਸੰਸਥਾਪਕ ਮੁਆਵੀਆਹ (ਪੂਰਾ ਨਾਮ: ਮੁਆਵੀਆਹ ਇਬਨ ਅਬੀ ਸੂਫੀਆਨ) ਸੀ ਜਿਸ ਨੂੰ ਹਜ਼ਰਤ ਅਲੀ ਦੀ ਹੱਤਿਆ ਦਾ ਦੋਸ਼ੀ ਵੀ ਦੱਸਿਆ ਜਾਂਦਾ ਹੈ। ਉਹ ਪੈਗੰਬਰ, ਹਜ਼ਰਤ ਮੁਹੰਮਦ ਸਾਹਿਬ ਦੇ ਕੁਰੈਸ਼ (ਜਾਂ ਕੁਰਾਇਸ਼) ਕਬੀਲੇ ਨਾਲ ਹੀ ਸਬੰਧਿਤ ਸੀ ਅਤੇ ਤੀਜੇ ਖ਼ਲੀਫ਼ਾ, ਹਜ਼ਰਤ ਉਸਮਾਨ (ਜਾਂ ਉਠਮਾਨ) ਦੇ ਖ਼ਾਨਦਾਨ ਵਿਚੋਂ ਸੀ। ਮੁਆਵੀਆਹ ਦੇ ਰਾਜ-ਕਾਲ ਦੌਰਾਨ ਹੀ ਇਸਲਾਮ ਦੀ ਸਿਆਸੀ ਰਾਜਧਾਨੀ, ਮਦੀਨਾ ਤੋਂ ਬਦਲ ਕੇ ਦਮੱਸ਼ਕ (ਹੁਣ ਸੀਰੀਆ ਦੀ ਰਾਜਧਾਨੀ) ਲਿਜਾਈ ਗਈ। ਅੱਠਵੀਂ ਸਦੀ ਦੌਰਾਨ ਮੁਆਵੀਆਹ ਦੇ ਜਾਂਨਸ਼ੀਨ ਅਬਦ-ਅਲ ਮਲਿਕ ਨੇ ਇਸ ਸਲਤਨਤ ਨੂੰ ਪੱਛਮ ਵਿਚ ਸਪੇਨ ਤੋਂ ਲੈ ਕੇ ਪੂਰਬ ਵਿਚ ਮੱਧ ਏਸ਼ੀਆ ਤੇ ਭਾਰਤ ਦੇ ਸਿੰਧ ਖਿੱਤੇ ਤੱਕ ਫੈਲਾਇਆ। ਇਹ ਸਾਰਾ ਇਲਾਕਾ ਇਸ ਤੋਂ ਪਹਿਲਾਂ ਕਦੇ ਕਿਸੇ ਇਕ ਸਾਮਰਾਜ ਦਾ ਹਿੱਸਾ ਨਹੀਂ ਸੀ ਰਿਹਾ। ਉਮਾਇਦਾਂ ਨੇ ਆਪਣੀ ਸਲਤਨਤ ਦਾ ਵਿਸਥਾਰ ਇਸਲਾਮ ਦੇ ਪ੍ਰਚਾਰ-ਪ੍ਰਸਾਰ ਲਈ ਨਹੀਂ ਕੀਤਾ ਸਗੋਂ ਸਿਆਸੀ, ਆਰਥਿਕ ਤੇ ਸਮਾਜਿਕ ਦਬਦਬਾ ਦੂਰ ਦੂਰ ਤਕ ਵਧਾਉਣ ਨੂੰ ਤਰਜੀਹ ਦਿੱਤੀ। ਜਿੱਤੇ ਗਏ ਹਰ ਨਵੇਂ ਇਲਾਕੇ ਦੇ ਸੂਬੇਦਾਰ ਜਾਂ ਰਿਆਸਤਕਾਰ ਨੂੰ ਇਹ ਹਦਾਇਤ ਸੀ ਕਿ ਸਲਤਨਤ ਦੇ ਕੁਝ ਬੁਨਿਆਦੀ ਅਸੂਲਾਂ ਨੂੰ ਛੱਡ ਕੇ ਬਾਕੀ ਸਾਰੇ ਮਾਮਲਿਆਂ ਵਿਚ ਮੁਕਾਮੀ ਰਵਾਇਤਾਂ ਤੇ ਪ੍ਰਥਾਵਾਂ ਨੂੰ ਮਾਨਤਾ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਪ੍ਰਸ਼ਾਸਨਿਕ ਪ੍ਰਬੰਧ ਦਾ ਹਿੱਸਾ ਬਣਾਇਆ ਜਾਵੇ। ਇਸ ਸਲਤਨਤ ਵਿਚ ਨਾ ਤਾਂ ਯਹੂਦੀਆਂ ਦਾ ਉਤਪੀੜਨ ਹੋਇਆ ਅਤੇ ਨਾ ਹੀ ਇਸਾਈਆਂ ਦਾ। ਉਨ੍ਹਾਂ ਦੀਆਂ ਇਬਾਦਤਗਾਹਾਂ ਨੂੰ ਸ਼ਾਹੀ ਹਿਫ਼ਾਜ਼ਤ ਬਾਕਾਇਦਾ ਹਾਸਲ ਹੁੰਦੀ ਰਹੀ।
ਉਮਾਇਦਾਂ ਵਾਲੀ ਪਹੁੰਚ ਚਿੰਗ ਵੰਸ਼ ਵੱਲੋਂ ਸੰਸਥਾਪੇ-ਸੰਚਾਰੇ-ਸੰਵਾਰੇ ਚੀਨੀ (ਚਿੰਗ) ਸਾਮਰਾਜ ਦੀ ਵੀ ਰਹੀ। Qing (ਚੀਨੀ ਉਚਾਰਣ ਚਿੰਗ) ਵੰਸ਼ ਮੂਲ ਚੀਨੀ ਹਾਨ ਨਸਲ ਦੀ ਥਾਂ ਮਾਰੂ ਸੀ। ਇਸ ਦੇ ਬਾਵਜੂਦ ਇਸ ਨੇ 1636 ਤੋਂ ਲੈ ਕੇ 1912 ਈਸਵੀ ਤਕ ਰਾਜ ਕੀਤਾ; ਮੁੱਖ ਤੌਰ ’ਤੇ ਸੁਲ੍ਹਾਕੁਲ ਰਾਜ-ਪ੍ਰਬੰਧ ਦੀ ਬਦੌਲਤ; ਕਿਸੇ ਵੀ ਨਸਲੀ ਫ਼ਿਰਕੇ ਨਾਲ ਵਿਤਕਰਾ ਨਾ ਕਰਨ ਦੀ ਨੀਤੀ ਹਰ ਤਰ੍ਹਾਂ ਅਮਲੀ ਰੂਪ ਵਿਚ ਅਪਣਾ ਕੇ। ਇਸ ਸਾਮਰਾਜ ਨੂੰ ਆਪਣੇ ਪਾਸਾਰ-ਵਿਸਤਾਰ ਲਈ ਜੰਗਾਂ-ਯੁੱਧਾਂ ਦਾ ਸਹਾਰਾ ਨਹੀਂ ਲੈਣਾ ਪਿਆ, ਛੋਟੀਆਂ ਰਿਆਸਤਾਂ ਖ਼ੁਦ-ਬ-ਖ਼ੁਦ ਇਸ ਨਾਲ ਜੁੜਦੀਆਂ ਗਈਆਂ। ਉਸ ਪਹੁੰਚ ਤੋਂ ਉਲਟ ਹੁਣ ਵਾਲੇ ਚੀਨ ਵਿਚ ਹਾਨ ਚੀਨੀਆਂ ਦੀ ਸਰਦਾਰੀ ਹੈ ਅਤੇ ਹੋਰਨਾਂ ਨਸਲੀ ਫ਼ਿਰਕਿਆਂ ਨੂੰ ਹਾਨ ਨਸਲ ਨਾਲ ਇਕਸੁਰ ਕਰਨ ਦੀ ਸਰਕਾਰੀ ਨੀਤੀ ਸਮਾਜਿਕ ਤਣਾਅ ਵਧਾ ਰਹੀ ਹੈ। ਦੁਨੀਆਂ ਦੀ ਦੂਜੀ ਆਰਥਿਕ ਮਹਾਂਸ਼ਕਤੀ ਬਣਨ ਦੇ ਬਾਵਜੂਦ ਚੀਨੀਆਂ ਦਾ ਅਮਰੀਕਾ, ਕੈਨੇਡਾ, ਆਸਟਰੇਲੀਆ ਜਾਂ ਯੂਰੋਪੀਅਨ ਮੁਲਕਾਂ ਵੱਲ ਲਗਾਤਾਰ ਪਰਵਾਸ, ਚੀਨ ਅੰਦਰ ਸਭ-ਅੱਛਾ ਨਾ ਹੋਣ ਦਾ ਪ੍ਰਮਾਣ ਹੈ।
ਰੂਸੀ ਜ਼ਾਰਾਂ ਵੱਲੋਂ ਜਨਤਾ ਦੀ ਲੁੱਟ-ਖਸੁੱਟ ਦੇ ਕਿੱਸੇ ਆਮ ਪੜ੍ਹੇ-ਸੁਣੇ ਜਾਣ (ਖ਼ਾਸ ਕਰਕੇ ਖੱਬੇ-ਪੱਖੀ ਸਾਹਿਤ ਵਿਚ) ਦੇ ਬਾਵੂਜਦ ਪ੍ਰੋ. ਬੈਰਫੀਲਡ ਰੂਸੀ ਸਾਮਰਾਜ (1721-1917) ਨੂੰ ਵੀ ਬਿਹਤਰ ਸਾਮਰਾਜਾਂ ਵਿਚ ਸ਼ੁਮਾਰ ਕਰਦਾ ਹੈ। ਇਹ ਸਾਮਰਾਜ ਪੀਟਰ ਮਹਾਨ (1672-1720) ਵੱਲੋਂ ਰੂਸੀ ਹੱਦਾਂ ਦਾ ਵਿਸਥਾਰ ਕੀਤੇ ਜਾਣ ਸਦਕਾ ਵਜੂਦ ਵਿਚ ਆਇਆ। ਉਸ ਨੇ ਹੀ ਰੂਸੀ ਹੱਦਾਂ ਨੂੰ ਕਾਲੇ ਸਾਗਰ ਤਕ ਪਹੁੰਚਾਇਆ ਤੇ ਆਜ਼ੋਵ ਬੰਦਰਗਾਹ ਸਥਾਪਿਤ ਕਰਕੇ ਰੂਸ ਨੂੰ ਸਾਰਾ ਸਾਲ ਸਮੁੰਦਰੀ ਵਪਾਰ ਦੇ ਕਾਬਲ ਬਣਾਇਆ। ਪੀਟਰ ਖ਼ੁਦ ਮਜ਼ਹਬੀ ਕੱਟੜਪੰਥੀ ਸੀ, ਪਰ ਉਸ ਤੋਂ ਬਾਅਦ ਦੇ ਬਾਦਸ਼ਾਹਾਂ ਨੇ ਰਾਜ-ਪ੍ਰਬੰਧ ਵਿਚੋਂ ਰੂਸੀ ਔਰਥੋਡਕਸ ਚਰਚ ਦੀ ਸ਼ਮੂਲੀਅਤ ਲਗਪਗ ਖ਼ਤਮ ਕਰ ਦਿੱਤੀ ਅਤੇ ਸਾਰੇ ਨਸਲੀ ਤੇ ਮਜ਼ਹਬੀ ਫ਼ਿਰਕਿਆਂ ਨੂੰ ਆਪੋ-ਆਪਣਾ ਸਭਿਆਚਾਰ ਤੇ ਧਰਮ ਪ੍ਰਚਾਰਨ-ਪ੍ਰਸਾਰਨ ਦੀ ਖੁੱਲ੍ਹ ਦਿੱਤੀ। ਵੀਹਵੀਂ ਸਦੀ ਦੀ ਆਮਦ ਵੇਲੇ ਇਸ ਨੀਤੀ ਨੂੰ ਮੋੜਾ ਦੇਣਾ ਰਾਜਸੀ ਤੇ ਸਮਾਜਿਕ ਬੇਚੈਨੀ ਤੇ ਅਸਥਿਰਤਾ ਦੀ ਮੁੱਖ ਵਜ੍ਹਾ ਬਣਿਆ। ਇਸ ਤੋਂ ਬੋਲਸ਼ਿਵਕ ਇਨਕਲਾਬ ਨੂੰ ਹੁਲਾਰਾ ਮਿਲਣਾ ਸੁਭਾਵਿਕ ਹੀ ਸੀ।
ਕਿਤਾਬ ਦੱਸਦੀ ਹੈ ਕਿ ਹਰ ਸਾਮਰਾਜ ਦੀ ਤਾਮੀਰ ਵਿਚ ਘੱਟੋ-ਘੱਟ ਤਿੰਨ ਪੁਸ਼ਤਾਂ ਦਾ ਯੋਗਦਾਨ ਰਿਹਾ, ਪਰ ਪਤਨ ਜਾਂ ਫ਼ਨਾਹੀ ਸਿਰਫ਼ ਇਕ ਸਮਰਾਟ ਦੀਆਂ ਆਪਹੁਦਰੀਆਂ ਕਾਰਨ ਹੋ ਗਈ। ਇਸੇ ਪ੍ਰਸੰਗ ਵਿਚ ਉਹ ਭਾਰਤ ਦੀ ਮੁਗ਼ਲੀਆ ਸਲਤਨਤ ਦੀ ਮਿਸਾਲ ਵੀ ਦਿੰਦਾ ਹੈ। ਤਿੰਨ ਬਾਦਸ਼ਾਹਾਂ- ਅਕਬਰ, ਜਹਾਂਗੀਰ ਤੇ ਸ਼ਾਹਜਹਾਂ ਦੇ ਰਾਜ-ਕਾਲ ਸਮੇਂ ਇਹ ਦੁਨੀਆਂ ਦੀ ਸਭ ਤੋਂ ਧਨਾਢ ਸਲਤਨਤ ਸੀ ਅਤੇ ਸਮੁੱਚੇ ਸੰਸਾਰ ਦੀ ਕੁੱਲ ਸਾਲਾਨਾ ਆਮਦਨ ਜਾਂ ਜੀ.ਡੀ.ਪੀ. ਦਾ ਪੰਜਵਾਂ ਹਿੱਸਾ ਸਿਰਫ਼ ਇਸ ਸਲਤਨਤ ਦੀ ਬਦੌਲਤ ਸੰਭਵ ਹੁੰਦਾ ਸੀ। ਵਿਵਿਧਤਾ ਨੂੰ ਪਲੋਸ ਕੇ ਰੱਖਣ ਦੀ ਇਸ ਸਾਮਰਾਜ ਦੀ ਨੀਤੀ ਨੂੰ ਉਲਟਾਉਣ ਦੀ ਔਰੰਗਜ਼ੇਬ ਦੀ ਕੁਚਾਲ ਨੇ ਮਹਿਜ਼ ਤਿੰਨ ਦਹਾਕਿਆਂ ਵਿਚ ਸਮੁੱਚੀ ਸਲਤਨਤ ਖੇਰੂੰ-ਖੇਰੂੰ ਕਰ ਦਿੱਤੀ। ਕਿਤਾਬ ਦੀ ਅੰਤਿਕਾ ਨਰਿੰਦਰ ਮੋਦੀ ਸਮੇਤ ਸਾਰੇ ਸੱਜੇ-ਪੱਖੀ ਹੁਕਮਰਾਨਾਂ ਨੂੰ ਇਕੋ ਹੀ ਸੁਨੇਹਾ ਦਿੰਦੀ ਹੈ: ਵਿਵਿਧਤਾ ਜਾਂ ਵੰਨ-ਸੁਵੰਨਤਾ ਦੀ ਕਦਰ ਕਰਨੀ ਸਿੱਖੋ; ਵੱਖ-ਵੱਖ ਰੰਗਾਂ ਦੇ ਫੁੱਲਾਂ ਵਾਲਾ ਗੁਲਦਸਤਾ ਸਿਰਫ਼ ਇਕੋ ਰੰਗ ਵਾਲੇ ਗੁਲਦਸਤੇ ਨਾਲੋਂ ਹਮੇਸ਼ਾਂ ਹੀ ਵੱਧ ਦਿਲਕਸ਼ ਹੁੰਦਾ ਹੈ ਅਤੇ ਚੱਲਦਾ ਵੀ ਵੱਧ ਸਮਾਂ ਹੈ।
* * *
ਡਾ. ਗੁਰਦੇਵ ਸਿੰਘ ਸਿੱਧੂ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਵਿਦਿਆਦਾਨੀ ਹੋਣ ਤੋਂ ਇਲਾਵਾ ਲੋਕ ਸਾਹਿਤ, ਲੋਕ ਧਾਰਾਵਾਂ ਅਤੇ ਅਕਾਲੀ ਤੇ ਆਜ਼ਾਦੀ ਲਹਿਰਾਂ ਵਿਚ ਪੰਜਾਬ ਦੇ ਯੋਗਦਾਨ ਦੇ ਇਤਿਹਾਸ ਬਾਰੇ ਉਨ੍ਹਾਂ ਦਾ ਖੋਜ ਤੇ ਲੇਖਣ-ਕਾਰਜ ਸੱਚਮੁੱਚ ਹੀ ਵੱਡਮੁੱਲਾ ਹੈ। ਹੁਣ ਗ਼ਦਰੀ ਬਾਬਿਆਂ ਜਾਂ ਸਾਮਰਾਜੀ ਦੌਰ ਦੇ ਹੋਰਨਾਂ ਅਣਗੌਲੇ ਆਜ਼ਾਦੀ ਘੁਲਾਟੀਆਂ ਬਾਰੇ ਨਵੀਂ ਪੁਸਤਕ ਲੜੀ ਰਾਹੀਂ ਉਨ੍ਹਾਂ ਨੇ ਇਸੇ ਸਿਲਸਿਲੇ ਨੂੰ ਹੋਰ ਅੱਗੇ ਤੋਰਿਆ ਹੈ। ਇਸ ਲੜੀ ਦੀਆਂ ਪਹਿਲੀਆਂ ਤਿੰਨ ਪੁਸਤਕਾਂ ਗ਼ਦਰੀ ਬਾਬਾ ਨਿਧਾਨ ਸਿੰਘ ਮਹੇਸਰੀ, ਮਾਸਟਰ ਗੱਜਣ ਸਿੰਘ ਗੋਬਿੰਦਗੜ੍ਹ ਤੇ ਗਿਆਨੀ ਊਧਮ ਸਿੰਘ ਬਾਰੇ ਹਨ। ਇਹ ਪੁਸਤਕ ਲੜੀ ਸਪਤਰਿਸ਼ੀ ਪ੍ਰਕਾਸ਼ਨ ਵੱਲੋਂ ਛਾਪੀ ਜਾ ਰਹੀ ਹੈ।
ਬਾਬਾ ਨਿਧਾਨ ਸਿੰਘ ਮਹੇਸਰੀ (104 ਪੰਨੇ; 200 ਰੁਪਏ) ਗ਼ਦਰ ਲਹਿਰ ਦੇ ਉਨ੍ਹਾਂ ਦੋ ਘੁਲਾਟੀਆਂ ਵਿਚੋਂ ਇਕ ਸਨ ਜੋ ਆਜ਼ਾਦੀ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਣੇ। ਉਹ ਵੀ ਕਮਿਊਨਿਸਟ ਪਾਰਟੀ ਦੀ ਟਿਕਟ ’ਤੇ। ਮੋਗਾ ਜ਼ਿਲ੍ਹੇ (ਉਦੋਂ ਫਿਰੋਜ਼ਪੁਰ) ਦੇ ਪਿੰਡ ਮਹੇਸਰੀ ਦੇ ਜੰਮਪਲ ਸਨ ਨਿਧਾਨ ਸਿੰਘ। ਉਹ 19ਵੀਂ ਸਦੀ ਦੇ ਮੁੱਢ ਵਿਚ ਪਰਵਾਸ ਕਰ ਕੇ ਅਮਰੀਕਾ ਚਲੇ ਗਏ। ਉੱਥੇ ਗ਼ਦਰ ਲਹਿਰ ਦੇ ਰੰਗ ਵਿਚ ਰੰਗੇ ਗਏ। 1917 ਵਿਚ ਸਾਂ ਫਰਾਂਸਿਸਕੋ (ਕੈਲੀਫੋਰਨੀਆ) ਵਿਚ ਗ੍ਰਿਫ਼ਤਾਰ ਕਰ ਲਏ ਗਏ। 1918 ਵਿਚ ਚਾਰ ਮਹੀਨੇ ਦੀ ਕੈਦ ਵੀ ਭੁਗਤੀ। ਬਾਅਦ ਵਿਚ 1928 ’ਚ ਗ਼ਦਰ ਪਾਰਟੀ ਦੇ ਪ੍ਰਧਾਨ ਵੀ ਰਹੇ। 1943 ਵਿਚ ਵਾਪਸੀ ਮਗਰੋਂ ਉਹ ਕਮਿਊਨਿਸਟ ਪਾਰਟੀ ਨਾਲ ਜੁੜ ਗਏ। ਉਸੇ ਸਾਲ ਇਰਾਨ ਦੇ ਰਸਤੇ ਭਾਰਤ ਪਰਤਣ ਮਗਰੋਂ ਉਨ੍ਹਾਂ ਨੂੰ ਕੋਇਟਾ (ਬਲੋਚਿਸਤਾਨ) ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। 1945 ਵਿਚ ਨਜ਼ਰਬੰਦੀ ਤੋਂ ਮੁਕਤੀ ਮਗਰੋਂ ਉਹ ਕਮਿਊਨਿਸਟ ਪਾਰਟੀ ਨੂੰ ਪੰਜਾਬ ਵਿਚ ਪੱਕੇ ਪੈਰੀਂ ਕਰਨ ਦੀ ਮੁਹਿੰਮ ਵਿਚ ਜੁਟ ਗਏ। 1952 ਵਿਚ ਉਹ ਮਹਿਣਾ (ਜ਼ਿਲ੍ਹਾ ਫਿਰੋਜ਼ਪੁਰ) ਹਲਕੇ ਤੋਂ ਵਿਧਾਨ ਸਭਾ ਦੀ ਚੋਣ ਜਿੱਤੇ, ਪਰ 1953 ਵਿਚ ਅਧਰੰਗ ਨੇ ਉਨ੍ਹਾਂ ਨੂੰ ਨਿਢਾਲ ਕਰ ਦਿੱਤਾ ਅਤੇ 24 ਜੂਨ 1954 ਨੂੰ ਉਹ ਦੇਹ ਤਿਆਗ ਗਏ।
ਮਾਸਟਰ ਗੱਜਣ ਸਿੰਘ ਗੋਬਿੰਦਗੜ੍ਹ (94 ਪੰਨੇ; 180 ਰੁਪਏ) ਸ਼ੰਘਾਈ (ਚੀਨ) ਵਿਚ ਗ਼ਦਰ ਪਾਰਟੀ ਲਈ ਸਰਗਰਮ ਰਹੇ। ਉਹ 1976 ਵਿਚ ਸੁਰਗਵਾਸ ਹੋਏ। ਉਨ੍ਹਾਂ ਦਾ ਜਨਮ 1901 ਵਿਚ ਪਿੰਡ ਗੋਬਿੰਦਗੜ੍ਹ (ਜ਼ਿਲ੍ਹਾ ਲੁਧਿਆਣਾ) ਦੇ ਔਜਲਾ ਗੋਤ ਦੇ ਜੱਟ ਪਰਿਵਾਰ ਵਿਚ ਹੋਇਆ ਅਤੇ ਇੰਤਕਾਲ 1976 ’ਚ ਉਸੇ ਪਿੰਡ ਵਿਚ। ਇਸ ਕਾਲਮ ਵਿਚ ਤਿੰਨ ਮਹੀਨੇ ਪਹਿਲਾਂ ਸ਼ੰਘਾਈ ਵਿਚ ਸਰਗਰਮ ਰਹੇ ਸਿੱਖਾਂ ਦਾ ਜ਼ਿਕਰ ਹੋਇਆ ਸੀ। ਮਾਸਟਰ ਗੱਜਣ ਸਿੰਘ ਸ਼ੰਘਾਈ ਦੇ ਸਰਗਰਮ ਸਿੱਖਾਂ ਵਿਚੋਂ ਇਕ ਸਨ। ਉਹ 1919 ਵਿਚ ਉੱਥੇ ਗਏ। ਪਹਿਲਾਂ ਉੱਥੋਂ ਦੇ ਇੰਡੀਅਨ ਸਕੂਲ ਵਿਚ ਮਾਸਟਰੀ ਕੀਤੀ ਅਤੇ ਫਿਰ ਇਕ ਹੋਟਲ ਚਲਾਉਂਦੇ ਰਹੇ। ਇਹ ਹੋਟਲ ਹੀ ਗ਼ਦਰੀਆਂ ਦਾ ਮੁੱਖ ਅੱਡਾ ਬਣਿਆ। ਗੱਜਣ ਸਿੰਘ 1924 ਵਿਚ ਗੁਰਦੁਆਰਾ ਖਾਲਸਾ ਦੀਵਾਨ ਸ਼ੰਘਾਈ ਦੇ ਸਕੱਤਰ ਸਨ। ਉੱਥੇ ਬ੍ਰਿਟਿਸ਼-ਪੱਖੀ ਜਮਾਂਦਾਰ ਬੁੱਢਾ ਸਿੰਘ ਦੇ ਕਤਲ ਮਗਰੋਂ 1925 ਵਿਚ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। 1928 ਵਿਚ ਚੀਨ ਤੋਂ ਨਿਕਾਲੇ ਦੇ ਹੁਕਮਾਂ ਅਧੀਨ ਭਾਰਤ ਪਰਤਾਏ ਜਾਣ ’ਤੇ ਕਲਕੱਤਾ ਪੁੱਜਣ ਉੱਤੇ ਉਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ। ਉਹ ਪਹਿਲਾਂ ਮਿਦਨਾਪੁਰ ਤੇ ਫਿਰ ਢਾਕਾ ਜੇਲ੍ਹ ਵਿਚ ਰੱਖੇ ਗਏ। ਰਿਹਾਈ ਮਗਰੋਂ ਪਿੰਡ ਪਰਤਣ ’ਤੇ ਕਿਰਤੀ ਕਿਸਾਨ ਲਹਿਰ ਵਿਚ ਸ਼ਿਰਕਤ ਕਾਰਨ 1930 ਵਿਚ ਫਿਰ ਗ੍ਰਿਫ਼ਤਾਰ ਕਰ ਲਏ ਗਏ। ਇਸ ਕਿਸਮ ਦੀਆਂ ਜ਼ਿਆਦਤੀਆਂ ਦੇ ਬਾਵਜੂਦ ਉਨ੍ਹਾਂ ਨੇ ਲੋਕ ਲਹਿਰਾਂ ਵਿਚ ਸ਼ਮੂਲੀਅਤ ਤੇ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਬਰਕਰਾਰ ਰੱਖਿਆ।
ਗਿਆਨੀ ਊਧਮ ਸਿੰਘ (80 ਪੰਨੇ; 160 ਰੁਪਏ) ਰਿਆਸਤ ਨਾਭਾ ਦੇ ਪਿੰਡ ਖਨਿਆਣ (ਤਹਿਸੀਲ ਅਮਲੋਹ) ਵਿਚ ਪੈਦਾ ਹੋਏ। ਉਹ ਗੁੱਜਰ ਭਾਈਚਾਰੇ ’ਚੋਂ ਸਨ। ਪਹਿਲਾਂ ਅਕਾਲੀ ਲਹਿਰ ਸਮੇਂ ਜੈਤੋ ਦੇ ਮੋਰਚੇ ਦੌਰਾਨ ਵੀ ਕੈਦ ਰਹੇ ਅਤੇ ਆਜ਼ਾਦੀ ਲਹਿਰ ਪ੍ਰਤੀ ਮੋਹ ਕਾਰਨ 1941 ਤੋਂ 1945 ਤੱਕ ਫਿਰ ਨਜ਼ਰਬੰਦੀ ਕੱਟੀ। ਉਨ੍ਹਾਂ ਦਾ ਪਹਿਲਾ ਨਾਮ ਬਾਬੂ ਸਿੰਘ ਸੀ; ਅੰਮ੍ਰਿਤ ਛਕਣ ਮਗਰੋਂ ਉਨ੍ਹਾਂ ਨੂੰ ਨਵਾਂ ਨਾਮ ਊਧਮ ਸਿੰਘ ਮਿਲਿਆ। ਪਹਿਲੀ ਆਲਮੀ ਜੰਗ ਸਮੇਂ ਉਹ ਫ਼ੌਜ ਵਿਚ ਭਰਤੀ ਹੋ ਗਏ ਅਤੇ ਬੈਲਜੀਅਮ ਵਾਲੇ ਮੋਰਚੇ ’ਤੇ ਭੇਜੇ ਗਏ। 1919 ਵਿਚ ਫ਼ੌਜ ਤੋਂ ਫ਼ਾਰਗ ਕੀਤੇ ਜਾਣ ’ਤੇ ਗੁਜ਼ਰ-ਬਸਰ ਲਈ ਪਾਇਲ ਦੇ ਗੁਰਦੁਆਰੇ ਦੇ ਗ੍ਰੰਥੀ ਰਹੇ। ਉੱਥੋਂ ਹੀ ਉਹ ਅਕਾਲੀ ਲਹਿਰ ਨਾਲ ਜੁੜੇ। ਅਕਾਲੀ ਲਹਿਰ ਤੋਂ ਬਾਅਦ ਉਨ੍ਹਾਂ ਦਾ ਝੁਕਾਅ ਕਿਰਤੀ ਕਿਸਾਨ ਲਹਿਰ ਵੱਲ ਹੋ ਗਿਆ। 1936 ਵਿਚ ਫ਼ੌਜ ਵਿਚ ਗ੍ਰੰਥੀ ਵਜੋਂ ਨੌਕਰੀ ਮਿਲਣ ਦੇ ਬਾਵਜੂਦ ਉਹ ਇਸ ਲਹਿਰ ਤੋਂ ਅਲਹਿਦਾ ਨਹੀਂ ਹੋਏ। 1941 ਵਿਚ ਸਿਕੰਦਰਾਬਾਦ ਤੋਂ ਗ੍ਰਿਫ਼ਤਾਰ ਕਰ ਲਏ ਗਏ। ਰਿਹਾਈ 1945 ਵਿਚ ਹੋਈ।
ਤਿੰਨੋਂ ਕਿਤਾਬਾਂ ਖੋਜਪੂਰਨ ਤਾਂ ਹਨ ਹੀ, ਸਾਖੀਕਾਰੀ ਤੋਂ ਵੀ ਮੁਕਤ ਹਨ। ਇਤਿਹਾਸ ਲੇਖਣ ਵਿਚ ਇਸ ਮਰਜ਼ ਤੋਂ ਬਚਣਾ ਆਸਾਨ ਨਹੀਂ, ਪਰ ਡਾ. ਸਿੱਧੂ ਨੇ ਜੋ ਸੰਤੁਲਨ ਕਾਇਮ ਰੱਖਿਆ ਹੈ, ਉਹ ਸ਼ਲਾਘਾਯੋਗ ਹੈ।