ਸੜਕ ਹਾਦਸੇ ’ਚ ਡੇਢ ਸਾਲਾ ਬੱਚੀ ਦੀ ਮੌਤ
ਜਸਬੀਰ ਚਾਨਾ
ਫਗਵਾੜਾ, 27 ਜੁਲਾਈ
ਮੇਹਲੀ- ਮੇਹਟਾਂ ਬਾਈਪਾਸ ’ਤੇ ਪਲਾਹੀ ਚੌਕ ਲਾਗੇ ਅੱਜ ਦੋ ਕਾਰਾਂ ਦੀ ਹੋਈ ਟੱਕਰ ’ਚ ਡੇਢ ਸਾਲਾ ਬੱਚੀ ਦੀ ਮੌਤ ਹੋ ਗਈ ਜਦਕਿ ਉਸ ਦੇ ਮਾਤਾ-ਪਿਤਾ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਐੱਸ.ਐੱਚ.ਓ. ਸਦਰ ਅਮਰਜੀਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਪਛਾਣ ਲਵਲੀਨ ਕੌਰ ਪੁੱਤਰੀ ਯੁਵਰਾਜ ਸਿੰਘ ਵਾਸੀ ਰਾਏਪੁਰ ਰਾਈਆਂ ਖਮਾਣੋਂ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਪਰਿਵਾਰ ਇੰਡੀਗੋ ਗੱਡੀ ’ਚ ਫਤਿਗਗੜ੍ਹ ਸਾਹਿਬ ਤੋਂ ਬਟਾਲਾ ਜਾ ਰਿਹਾ ਸੀ ਜਦ ਕਿ ਇਨੋਵਾ ਜਲੰਧਰ ਤੋਂ ਚੰਡੀਗੜ੍ਹ ਜਾ ਰਹੀ ਸੀ। ਇਹ ਦੋਵੇਂ ਕਾਰਾ ਆਪਸ ’ਚ ਟਕਰਾ ਗਈਆਂ ਜਿਸ ਕਾਰਨ ਮ੍ਰਿਤਕ ਲੜਕੀ ਦਾ ਪਿਤਾ ਯੁਵਰਾਜ ਸਿੰਘ ਤੇ ਮਾਤਾ ਰਵਿੰਦਰ ਕੌਰ ਜ਼ਖ਼ਮੀ ਹੋ ਗਏ ਅਤੇ ਦੂਸਰੀ ਕਾਰ ’ਚ ਸਵਾਰ ਤਿੰਨ ਜੋ ਜ਼ਖਮੀ ਹੋਏ ਹਨ, ਉਹ ਪ੍ਰਾਈਵੇਟ ਹਸਪਤਾਲ ’ਚ ਇਲਾਜ ਕਰਵਾ ਰਹੇ ਹਨ। ਪੁਲੀਸ ਨੇ ਇਸ ਸਬੰਧੀ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਇਸ ਹਾਦਸੇ ’ਚ ਕਾਰਾਂ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ।