For the best experience, open
https://m.punjabitribuneonline.com
on your mobile browser.
Advertisement

ਦੇਸ਼ ਭਰ ਵਿੱਚ ਓਨਮ ਦੀਆਂ ਰੌਣਕਾਂ, ਪਰ ਵਾਇਨਾਡ ਚੁੱਪ

07:45 AM Sep 16, 2024 IST
ਦੇਸ਼ ਭਰ ਵਿੱਚ ਓਨਮ ਦੀਆਂ ਰੌਣਕਾਂ  ਪਰ ਵਾਇਨਾਡ ਚੁੱਪ
ਓਨਮ ਮੌਕੇ ਤਿਰੂਵਨੰਤਪੁਰਮ ’ਚ ਸ੍ਰੀਪਦਮਨਾਭ ਸਵਾਮੀ ਮੰਦਰ ’ਚ ਕਲਾਕਾਰ ਪੇਸ਼ਕਾਰੀ ਦਿੰਦੇ ਹੋਏ। -ਫੋਟੋ: ਪੀਟੀਆਈ
Advertisement

ਵਾਇਨਾਡ, 15 ਸਤੰਬਰ
ਦੇਸ਼ ਭਰ ’ਚ ਜਿੱਥੇ ਓਨਮ ਦਾ ਤਿਓਹਾਰ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਕੇਰਲਾ ਦੇ ਵਾਇਨਾਡ ਜ਼ਿਲ੍ਹੇ ’ਚ ਅੱਜ ਓਨਮ ਦਾ ਤਿਉਹਾਰ ਨਹੀਂ ਮਨਾਇਆ ਗਿਆ। ਵਾਇਨਾਡ ਜ਼ਿਲ੍ਹੇ ਦੇ ਮੁੰਡਕੀ ਅਤੇ ਚੂਰਾਲਮਾਲਾ ’ਚ 30 ਜੁਲਾਈ ਨੂੰ ਢਿੱਗਾਂ ਡਿੱਗਣ ਕਾਰਨ ਵੱਡੇ ਪੱਧਰ ’ਤੇ ਤਬਾਹੀ ਮਚੀ ਸੀ। ਲੋਕ ਅਜੇ ਵੀ ਕਿਰਾਏ ਦੇ ਘਰਾਂ ਅਤੇ ਰਿਸ਼ਤੇਦਾਰਾਂ ਨਾਲ ਰਹਿਣ ਲਈ ਮਜਬੂਰ ਹਨ ਜਿਸ ਕਾਰਨ ਉਥੇ ਓਨਮ ਨਹੀਂ ਮਨਾਇਆ ਗਿਆ। ਨੇੜਲੇ ਮੇਪਾਡੀ ਸ਼ਹਿਰ ’ਚ ਕਿਰਾਏ ਦੇ ਮਕਾਨ ’ਚ ਰਹਿਣ ਵਾਲੇ ਵਿਜਯਨ ਨੇ ਨਿਰਾਸ਼ ਹੁੰਦਿਆਂ ਕਿਹਾ ਕਿ ਜਿਹੜੇ ਤਿਉਹਾਰ ਦੇ ਜਸ਼ਨਾਂ ਦਾ ਪ੍ਰਬੰਧ ਕਰਦੇ ਸਨ, ਉਹ ਮਲਬੇ ਹੇਠਾਂ ਦੱਬ ਕੇ ਰਹਿ ਗਏ ਹਨ। ਉਸ ਨੇ ਭਾਵੁਕ ਹੁੰਦਿਆਂ ਕਿਹਾ ਕਿ ਓਨਮ ਮੌਕੇ ਉਨ੍ਹਾਂ ਕੋਲ ਦਾਅਵਤ ਤਿਆਰ ਕਰਨ ਲਈ ਆਪਣਾ ਘਰ ਤੱਕ ਨਹੀਂ ਹੈ। ਚੂਰਾਲਮਾਲਾ ਦੇ ਇਕ ਵਿਅਕਤੀ ਨੇ ਕਿਹਾ ਕਿ ਪਹਿਲਾਂ ਸਾਰੇ ਲੋਕ ਰਲ ਕੇ ਤਿਉਹਾਰ ਮਨਾਉਂਦੇ ਸਨ ਪਰ ਕੁਦਰਤੀ ਆਫ਼ਤ ਨੇ ਸਾਰੀਆਂ ਖੁਸ਼ੀਆਂ ਖੋਹ ਲਈਆਂ ਹਨ। ਸੂਬਾ ਸਰਕਾਰ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਵਾਇਨਾਡ ’ਚ ਢਿੱਗਾਂ ਡਿੱਗਣ ਕਾਰਨ ਸਰਕਾਰੀ ਪੱਧਰ ’ਤੇ ਓਨਮ ਦਾ ਤਿਉਹਾਰ ਨਹੀਂ ਮਨਾਇਆ ਜਾਵੇਗਾ। ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਕਿਹਾ ਕਿ ਓਨਮ ਦੇ ਤਿਉਹਾਰ ’ਤੇ ਇਹੋ ਸੁਨੇਹਾ ਹੈ ਕਿ ਸਰਕਾਰ ਘਰਾਂ ਨੂੰ ਮੁੜ ਤੋਂ ਬਣਾਉਣ ਦੇ ਮਿਸ਼ਨ ’ਚ ਜੁਟੀ ਹੋਈ ਹੈ। -ਪੀਟੀਆਈ

Advertisement

ਮੋਦੀ ਨੇ ਲੋਕਾਂ ਨੂੰ ਦਿੱਤੀ ਓਨਮ ਦੀ ਵਧਾਈ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਨਮ ਦੇ ਤਿਉਹਾਰ ਦੀ ਲੋਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ‘ਐਕਸ’ ’ਤੇ ਲੋਕਾਂ ਨੂੰ ਓਨਮ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਸਾਰਿਆਂ ਦੇ ਘਰਾਂ ’ਚ ਖੁਸ਼ੀਆਂ ਲਿਆਏ। ਉਨ੍ਹਾਂ ਕਿਹਾ ਕਿ ਚਾਰੇ ਪਾਸੇ ਸ਼ਾਂਤੀ, ਖੁਸ਼ਹਾਲੀ ਅਤੇ ਤੰਦਰੁਸਤੀ ਬਣੀ ਰਹੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਰਲਾ ਦੇ ਸੱਭਿਆਚਾਰ ਨੂੰ ਦਰਸਾਉਂਦਿਆਂ ਮਲਿਆਲੀ ਭਾਈਚਾਰਾ ਪੂਰੀ ਦੁਨੀਆ ’ਚ ਇਹ ਤਿਉਹਾਰ ਮਨਾਉਂਦਾ ਹੈ। -ਪੀਟੀਆਈ

Advertisement

ਸ਼ਾਰਜਾਹ ’ਚ 10 ਹਜ਼ਾਰ ਲੋਕਾਂ ਨੇ ਮਨਾਇਆ ਓਨਮ ਦਾ ਤਿਉਹਾਰ

ਦੁਬਈ: ਸੰਯੁਕਤ ਅਰਬ ਅਮੀਰਾਤ ’ਚ ਸ਼ਾਰਜਾਹ ’ਚ ਐਤਵਾਰ ਨੂੰ 10 ਹਜ਼ਾਰ ਤੋਂ ਵਧ ਲੋਕਾਂ ਨੇ ਓਨਮ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਮਲਿਆਲੀ ਭਾਈਚਾਰੇ ਨੇ ਵਾਢੀ ਅਤੇ ਮਹਾਰਾਜਾ ਮਹਾਬਲੀ ਦੀ ਘਰ ਵਾਪਸੀ ਨਾਲ ਸਬੰਧਤ ਤਿਉਹਾਰ ‘ਤਿਰੂਵਓਨਮ’ ਨੂੰ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਗਏ ਜਿਨ੍ਹਾਂ ਨੂੰ ਦੇਖਣ ਲਈ ਸੈਂਕੜੇ ਲੋਕ ਜੁੜੇ ਹੋਏ ਸਨ। ਇਕ ਵਿਅਕਤੀ ਨੇ ਕਿਹਾ ਕਿ ਪ੍ਰੋਗਰਾਮ ਦੇਖ ਕੇ ਬਹੁਤ ਮਜ਼ਾ ਆਇਆ ਅਤੇ ਇਹ ਕੇਰਲਾ ਨਾਲੋਂ ਵੀ ਜ਼ਿਆਦਾ ਦਿਲਚਸਪ ਸੀ। ਇਸ ਮੌਕੇ ਔਰਤਾਂ ਨੇ ‘ਕਸਾਵੂ’ ਸਾੜੀਆਂ ਪਹਿਨੀਆਂ ਹੋਈਆਂ ਸਨ ਅਤੇ ਪੁਰਸ਼ ਮੁੰਡੂ (ਧੋਤੀ) ਦੇ ਪਹਿਰਾਵੇ ’ਚ ਨਜ਼ਰ ਆਏ ਤੇ ਉਨ੍ਹਾਂ ਕੇਲੇ ਦੇ ਪੱਤਿਆਂ ’ਤੇ ਕੇਰਲਾ ਦੇ ਸੁਆਦੀ ਭੋਜਨਾਂ ਦਾ ਆਨੰਦ ਮਾਣਿਆ। ਪ੍ਰੋਗਰਾਮ ਮੌਕੇ ਸਜੇ ਹੋਏ ਹਾਥੀ ਵੀ ਮੌਜੂਦ ਸਨ ਜਿਨ੍ਹਾਂ ਨਾਲ ਕਈ ਲੋਕਾਂ ਨੇ ਤਸਵੀਰਾਂ ਖਿੱਚੀਆਂ। ਇਕ ਹੋਰ ਵਿਅਕਤੀ ਨੇ ਕਿਹਾ ਕਿ ਉਸ ਨੂੰ ਕੇਰਲਾ ਦੀ ਯਾਦ ਆ ਰਹੀ ਹੈ ਪਰ ਫਿਰ ਵੀ ਇਥੇ ਰਵਾਇਤੀ ਤਿਉਹਾਰ ਦੇਖ ਕੇ ਉਹ ਖੁਸ਼ ਹੈ। ਯੂਏਈ ’ਚ ਭਾਰਤੀ ਸਫ਼ਾਰਤਖਾਨੇ ਨੇ ਓਨਮ ਦੀਆਂ ਤਸਵੀਰਾਂ ‘ਐਕਸ’ ’ਤੇ ਪੋਸਟ ਕਰਦਿਆਂ ਕਿਹਾ ਕਿ ਅਬੂ ਧਾਬੀ ’ਚ ਭਾਰਤੀ ਪਰਵਾਸੀਆਂ ਨੇ ਓਨਮ ਦੇ ਤਿਉਹਾਰ ਦਾ ਜਸ਼ਨ ਰਲ ਕੇ ਮਨਾਇਆ। ਯੂਏਈ ’ਚ ਕਰੀਬ 30 ਫ਼ੀਸਦੀ ਭਾਰਤੀ ਹਨ ਜਿਨ੍ਹਾਂ ’ਚੋਂ ਜ਼ਿਆਦਾਤਰ ਲੋਕ ਕੇਰਲਾ ਤੋਂ ਹਨ। -ਪੀਟੀਆਈ

Advertisement
Author Image

sukhwinder singh

View all posts

Advertisement