For the best experience, open
https://m.punjabitribuneonline.com
on your mobile browser.
Advertisement

ਏਸ ਦੀਵਾਲੀ ’ਤੇ

09:00 AM Nov 09, 2023 IST
ਏਸ ਦੀਵਾਲੀ ’ਤੇ
Advertisement

ਬੂਟਾ ਗ਼ੁਲਾਮੀ ਵਾਲਾ
ਘਿਉ ਦੇ ਦੀਪ ਜਗਾਈਏ, ਏਸ ਦੀਵਾਲੀ ’ਤੇ
ਸ਼ੁੱਧ ਵਾਤਾਵਰਨ ਬਣਾਈਏ, ਏਸ ਦੀਵਾਲੀ ’ਤੇ

Advertisement

ਆਲਾ ਦੁਆਲਾ ਆਪਾਂ ਦੂਸ਼ਤ ਕਰਨਾ ਨਹੀਂ
ਗੰਦ ਪਿੱਲ ਵੀ ਖਾ ਕੇ, ਢਿੱਡ ਨੂੰ ਭਰਨਾ ਨਹੀਂ
ਹਰ ਇਕ ਨੂੰ ਸਮਝਾਈਏ, ਏਸ ਦੀਵਾਲੀ ’ਤੇ
ਘਿਉ ਦੇ ਦੀਪ ਜਗਾਈਏ, ਏਸ ਦੀਵਾਲੀ ’ਤੇ

Advertisement

ਪਟਾਕੇ ਨਾ ਚਲਾਈਏ, ਏਸ ਦੀਵਾਲੀ ’ਤੇ
ਮਿਠਾਈਆਂ ਦੇ ਵਿੱਚ, ਖੰਡ ਪਾ ਕੇ ਨੇ ਵੇਚ ਰਹੇ
ਲੋਕੀਂ ਸਾਰੇ ਆਪਣੀ, ਅੱਖੀਂ ਵੇਖ ਰਹੇ
ਆਉ ਰਲ ਕੇ ਸਮਝਾਈਏ, ਏਸ ਦੀਵਾਲੀ ’ਤੇ
ਘਿਉ ਦੇ ਦੀਪ ਜਗਾਈਏ, ਏਸ ਦੀਵਾਲੀ ’ਤੇ

ਪਟਾਕੇ ਨਾ ਚਲਾਈਏ, ਏਸ ਦੀਵਾਲੀ ’ਤੇ
ਨਾ ਕੋਈ ਆਤਿਸ਼ਬਾਜ਼ੀ, ਨਾ ਪਟਾਕੇ ਬਈ
ਹਰ ਵਾਰੀ ਹੀ ਹੁੰਦੇ, ਰਹਿੰਦੇ ਵਾਕੇ ਬਈ
ਬਸ ਇਨ੍ਹਾਂ ਤੋਂ ਬਚ ਜਾਈਏ, ਏਸ ਦੀਵਾਲੀ ’ਤੇ
ਘਿਉ ਦੇ ਦੀਪ ਜਗਾਈਏ ਏਸ ਦੀਵਾਲੀ ’ਤੇ

ਪਟਾਕੇ ਨਾ ਚਲਾਈਏ, ਏਸ ਦੀਵਾਲੀ ’ਤੇ
ਗੁਲਾਮੀ ਵਾਲੇ ਬੂਟੇ, ਖ਼ੁਸ਼ੀ ਮਨਾਵਾਂਗੇ
ਸਾਫ਼ ਸਫ਼ਾਈ ਕਰਕੇ, ਘਰ ਸਜਾਵਾਂਗੇ
ਸਾਰੇ ਕੰਮ ਮੁਕਾਈਏ, ਏਸ ਦੀਵਾਲੀ ’ਤੇ
ਘਿਉ ਦੇ ਦੀਪ ਜਗਾਈਏ, ਏਸ ਦੀਵਾਲੀ ’ਤੇ
ਪਟਾਕੇ ਨਾ ਚਲਾਈਏ, ਏਸ ਦੀਵਾਲੀ ’ਤੇ।
ਸੰਪਰਕ: 94171-97395


ਆ ਨੀ ਦੀਵਾਲੀਏ
ਗੋਗੀ ਜ਼ੀਰਾ
ਆ ਨੀ ਦੀਵਾਲੀਏ ਆ ਨੀ ਦੀਵਾਲੀਏ,
ਸਾਰਿਆਂ ਨੂੰ ਤੇਰਾ ਬੜਾ ਚਾਅ ਨੀ ਦੀਵਾਲੀਏ,
ਆ ਨੀ ਦੀਵਾਲੀਏ ਆ ਨੀ ਦੀਵਾਲੀਏ।

ਚਿਰਾਂ ਤੋਂ ਉਦਾਸ ਬੈਠੇ ਪਰਿਵਾਰ ਨੀ,
ਮਾਪੇ ਨੇ ਉਡੀਕਦੇ ਤੇ ਬੱਚੇ ਰਹਿੰਦੇ ਬਾਹਰ ਨੀ,
ਆਾਪਸ ’ਚ ਇਨ੍ਹਾਂ ਨੂੰ ਮਿਲਾ ਨੀ ਦੀਵਾਲੀਏ,
ਆ ਨੀ ਦੀਵਾਲੀਏ ਆ ਨੀ ਦੀਵਾਲੀਏ।

ਨਿੱਕੇ ਬੱਚਿਆਂ ਦੀ ਮੁੱਕ ਜੇ ਉਡੀਕ ਨੀ,
ਰਟੀ ਬੈਠੇ ਤੇਰੇ ਆਉਣ ਦੀ ਤਰੀਕ ਨੀ,
ਭੋਲ਼ਿਆਂ ਦਾ ਚਿੱਤ ਪਰਚਾ ਨੀ ਦੀਵਾਲੀਏ,
ਆ ਨੀ ਦੀਵਾਲੀਏ ਆ ਨੀ ਦੀਵਾਲੀਏ।

ਵਪਾਰੀ ਤੇਰੇ ਕੋਲੋਂ ਲਾਈ ਬੈਠੇ ਆਸ ਨੀ,
ਕਾਰੋਬਾਰ ਲਈ ਇਹ ਤਿਉਹਾਰ ਖ਼ਾਸ ਨੀ,
ਦਿਲ ਦੀਆਂ ਰੀਝਾਂ ਪੁਗਾ ਨੀ ਦੀਵਾਲੀਏ,
ਆ ਨੀ ਦੀਵਾਲੀਏ ਆ ਨੀ ਦੀਵਾਲੀਏ।

ਘਰਾਂ ਦੀਆਂ ਦੇਖ ਲੈ ਸਫ਼ਾਈਆਂ ਹੋਣ ਨੀ,
ਫੇਰਾ ਤੇਰੇ ਪਾਉਣ ’ਤੇ ਵਧਾਈਆਂ ਹੋਣ ਨੀ,
ਖ਼ੁਸ਼ੀਆਂ ਦੇ ਦੀਪ ਜਗਾ ਨੀ ਦੀਵਾਲੀਏ,
ਆ ਨੀ ਦੀਵਾਲੀਏ ਆ ਨੀ ਦੀਵਾਲੀਏ।

ਦੇਖੀਂ ਕਿਸੇ ਵਿਹੜੇ ਵਿੱਚ ਵੈਣ ਪੈਣ ਨਾ,
ਕਾਲੀ ਏ ਦੀਵਾਲੀ ਲੋਕੀਂ ਤੈਨੂੰ ਕਹਿਣ ਨਾ,
ਕੋਈ ਕਿਸੇ ਨੂੰ ਨਾ ਦੇਵੇ ਦਗਾ ਨੀ ਦੀਵਾਲੀਏ,
ਆ ਨੀ ਦੀਵਾਲੀਏ ਆ ਨੀ ਦੀਵਾਲੀਏ।
ਸੰਪਰਕ: 97811-36240


ਮਿੱਟੀ ਦਾ ਦੀਵਾ
ਸਰੂਪ ਚੰਦ ਹਰੀਗੜ੍ਹ
ਸਦੀਆਂ ਤੋਂ ਮੇਰੀ ਸਾਂਝ ਪੁਰਾਣੀ,
ਮਿੱਟੀ ਦਾ ਚੂੰਗੜਾ ਨਾ ਤੂੰ ਜਾਣੀ।
ਬਣਾਉਂਦਾ ਮੈਨੂੰ ਹੈ ਘੁਮਿਆਰ,
ਮੇਰੇ ਨਾਲ ਉਸ ਦਾ ਰੁਜ਼ਗਾਰ।
ਪਹਿਲਾਂ ਮਿੱਟੀ ਪੁੱਟ ਲਿਆਵੇ,
ਕੁੱਟ ਛਾਣ ਕੇ ਬਰੀਕ ਬਣਾਵੇ।
ਫਿਰ ਗੁੰਨ੍ਹ ਕੇ ਚੱਕ ’ਤੇ ਚਾੜ੍ਹੇ,
ਆਵੇ ਵਿੱਚ ਅੱਗ ਦੇਕੇ ਰਾੜ੍ਹੇ।
ਰੜ੍ਹਕੇ ਜਦੋਂ ਲਾਲ ਹੋ ਜਾਵਾਂ,
ਵਰਤੋਂ ਦੇ ਵਿੱਚ ਫੇਰ ਮੈਂ ਆਵਾਂ।
ਸੁੱਖੀ ਸਾਂਦੀ ਦੀਵਾਲੀ ਆਈ,
ਬੂਹਿਆਂ ਉੱਤੇ ਕਰਾਂ ਰੁਸ਼ਨਾਈ।
ਰੂੜੀ ਵਾੜਿਆਂ ਵਿੱਚ ਮੈਂ ਜਗਦਾ,
ਰਾਤ ਹਨੇਰੀ ਬੜਾ ਮੈਂ ਫੱਬਦਾ।
ਤੇਲ ਸਰ੍ਹੋਂ ਦਾ ਰਿਸ਼ਤਾ ਗੂੜ੍ਹਾ,
ਰੂੰ ਦੀ ਬੱਤੀ ਕਰੇ ਚਾਨਣ ਪੂਰਾ।
ਦੀਵਾਲੀ ਸਮੇਂ ਮੇਰੀ ਲੋੜ ਵਧੇਰੇ,
ਸੱਜਦੇ ਮੇਰੇ ਨਾਲ ਬਨੇਰੇ।
ਸਭ ਦੇ ਘਰ ਦੀ ਮੰਗਾਂ ਖ਼ੈਰ,
ਭਾਵੇਂ ਪਿੰਡ ਭਾਵੇਂ ਹੋਵੇ ਸ਼ਹਿਰ।
ਵਧਦੀ ਜਾਵੇ ਨਿੱਤ ਮਹਿੰਗਾਈ,
ਇਸ ਨੇ ਮੇਰੀ ਕਦਰ ਘਟਾਈ।
ਬਦਲੇ ਵਕਤ ਦਾ ਪਿਆ ਪਰਛਾਵਾਂ,
ਦੀਵਾ ਜਗੇ ਹੁਣ ਟਾਵਾਂ ਟਾਵਾਂ।
ਰੰਗ ਬਿਰੰਗੀਆਂ ਲੜੀਆਂ ਆਈਆਂ,
ਇਨ੍ਹਾਂ ਨੇ ਮੈਨੂੰ ਅੱਖਾਂ ਦਿਖਾਈਆਂ।
ਭਾਵੇਂ ਲੜੀਆਂ ਪਾ ਲਿਆ ਘੇਰਾ,
ਫਿਰ ਵੀ ਅਨੋਖਾ ਚਾਨਣ ਮੇਰਾ।
ਸਰੂਪ ਦੀਵਾਲੀ ’ਤੇ ਦੀਪ ਜਗਾਓ,
ਵਿਰਾਸਤ ਨੂੰ ਨਾ ਮਨੋਂ ਭੁਲਾਓ।
ਸੰਪਰਕ: 99143-85202


ਤੂੰ ਕਦ ਮੁੜ ਕੇ ਆਉਣਾ
ਸਤਨਾਮ ਸ਼ਦੀਦ ਸਮਾਲਸਰ
ਰੁੱਤਾਂ ਮੁੜ ਮੁੜ ਆਈ ਜਾਂਦੀਆਂ
ਤੂੰ ਕਦ ਮੁੜ ਕੇ ਆਉਣਾ
ਦੀਦੇ ਤੇਰੀ ਦੀਦ ਨੂੰ ਤਰਸਣ
ਸਾਨੂੰ ਭੁੱਲਿਆ ਹੱਸਣਾ ਗਾਉਣਾ
ਵਾਲਾਂ ਨੂੰ ਅਸਾਂ ਕੰਘੀ ਨਾ ਕੀਤੀ
ਭੁੱਲਿਆਂ ਸਜਣਾ ਤੇ ਸਜਾਉਣਾ
ਰੁੱਤਾਂ ਮੁੜ ਮੁੜ ਆਈ ਜਾਂਦੀਆਂ
... ... ...
ਪਰ ਪਰਾਰ ਦੀ ਗੱਲ ਏ ਖ਼ਬਰੇ
ਜਦ ਦੀਵਾਲੀ ਵਾਲੀ ਸੀ ਰਾਤ
ਆਪਾਂ ਦੋਵਾਂ ਨੇ ਕੱਠਿਆਂ ਦੀਵੇ
ਰੱਖੇ ਸੀ ਰਾਹ ਵਾਲੀ ਉੱਤੇ ਸਬ੍ਹਾਤ
ਤੇਰੇ ਬਾਝੋਂ ਰੂਹ ਦੇ ਕੋਰੇ ਦੀਵੇ ਅੰਦਰ
ਤੇਲ ਮੁਹੱਬਤਾਂ ਦਾ ਕੀਹਨੇ ਪਾਉਣਾ
ਰੁੱਤਾਂ ਮੁੜ ਮੁੜ ਆਈ ਜਾਂਦੀਆਂ
... ... ...
ਕੰਡ ਨਾ ਲਬਿੜਿਆ ਕੁੜਤਾ ਤੇਰਾ
ਦੱਸ ਕਿਵੇਂ ਮੈਂ ਧੋਵਾਂ
ਨਿੱਤ ਨਿੱਤ ਉਹਨੂੰ ਧੋਣ ਬਹਾਨੇ
ਲੈ ਬੁੱਕਲ ਵਿਚ ਰੋਵਾਂ
ਉਡੀਕ ਤੇਰੀ ’ਚ ਆਥਣ ਵੇਲੇ
ਰੋਜ਼ ਵਿਛਾ ਕੇ ਰੱਖਾਂ ਵਿਛਾਉਣਾ
ਰੁੱਤਾਂ ਮੁੜ ਮੁੜ ਆਈ ਜਾਂਦੀਆਂ
... ... ...
ਮਾਘੀ ਦੇ ਮੇਲੇ ’ਤੇ ਕੱਠਿਆਂ
ਆਪਾਂ ਫੋਟੋ ਸੀ ਜਿਹੜੀ ਖਿਚਾਈ
ਕੱਲ੍ਹ ਮੈਂ ਸ਼ੀਸ਼ੇ ’ਚ ਫਰੇਮ ਕਰਾ ਕੇ
ਜਦੋਂ ਕਮਰੇ ਦੇ ਵਿਚ ਲਾਈ
ਚੌਂਕੇ ਦੇ ਵਿਚ ਕੰਮ ਕਰਦੀ ਨੂੰ
ਲੱਗੇ ਵਾਜ ਜਿਵੇਂ ਤੂੰ ਅੰਦਰੋਂ ਮਾਰੀ
ਮੈਂ ਕੰਧੋਲੀ ਉੱਤੋਂ ਚੁੱਕ ਚੁੱਕ ਵੇਖਾਂ ਧੌਣਾ
ਰੁੱਤਾਂ ਮੁੜ ਮੁੜ ਆਈ ਜਾਂਦੀਆਂ
... ... ...
ਹਾੜ੍ਹੀ ਆਵੇ ਸਾਉਣੀ ਆਵੇ
ਆਵੇ ਗਰਮੀ ਸਰਦੀ
ਤੇਰੇ ਬਾਝੋਂ ਇਹ ਜਿੰਦ ਨਿਮਾਣੀ
ਪਲ ਪਲ ਜਾਵੇ ਮਰਦੀ
ਏਸ ਗ਼ਮ ਦੇ ਪੇਂਜੇ ਉੱਤੇ ‘ਸ਼ਦੀਦ’ ਵੇ
ਸਾਨੂੰ ਕਿਉਂ ਫੰਬਿਆਂ ਵਾਂਗ ਉਡਾਉਣਾ
ਰੁੱਤਾਂ ਮੁੜ ਮੁੜ ਆਈ ਜਾਂਦੀਆਂ
ਤੂੰ ਕਦ ਮੁੜ ਆਉਣਾ....
ਸੰਪਰਕ: 99142-98580


ਕਦੋਂ ਜਗਮਗਾਉਣਾ ਏ...
ਗਗਨਪ੍ਰੀਤ ਸੱਪਲ
ਸਾਡੀ ਕਾਹਦੀ ਏ ਦੀਵਾਲੀ ਅਸਾਂ ਖਾਲੀ ਬੈਠੇ ਹਾਂ
ਦੀਵੇ ਬਣਾ ਮਿੱਟੀ ਦੇ ਸਾਰੇ ਹੀ ਸੰਭਾਲੀ ਬੈਠੇ ਹਾਂ

ਬੈਠਿਆਂ ਨੂੰ ਵੇਖ ਸਾਨੂੰ ਲੱਗ ਜਾਂਦੇ ਨੇ ਕੋਲ ਜੀ
ਦੁਕਾਨਾਂ ਵਿੱਚ ਚਲੇ ਜਾਂਦੇ ਕਰ ਕੇ ਮਖੌਲ ਜੀ

ਦੀਵਿਆਂ ਨੂੰ ਵੇਖ ਆਈ ਜਾਂਦਾ ਸਾਨੂੰ ਰੋਣਾ ਏ
ਦੀਵੇ ਨਾ ਵਿਕੇ ਬੱਚਿਆਂ ਨੂੰ ਪੈਣਾ ਸਮਝਾਉਣਾ ਏ

ਅਣਥੱਕ ਮਿਹਨਤ ਕਰ ਹੱਥੀਂ ਨਾਲ ਅਸੀਂ ਬਣਾਉਂਦੇ ਹਾਂ
ਅੱਜ ਦੇ ਜ਼ਮਾਨੇ ਨੂੰ ਪਸੰਦ ਕਦੇ ਦੀਵੇ ਕਿੱਥੋਂ ਆਉਂਦੇ ਆ

ਦੁਕਾਨਾਂ ਵੱਡੀਆਂ ਵੇਖ ਇਨਸਾਨ ਜਾਂਦੇ ਨੇ ਡੁੱਲ੍ਹ ਵੇ
ਹੱਥੀਂ ਕੰਮ ਦਾ ਹੁਣ ਪਵੇ ਨਾ ਅੱਜਕੱਲ੍ਹ ਕੋਈ ਮੁੱਲ ਵੇ

ਕੰਮ ਤਾਂ ਇੱਕੋ ਹੀ ਹਨੇਰੇ ਵਿੱਚ ਹੀ ਚਾਨਣ ਦਿਖਾਉਣਾ ਏ
ਸਾਡਿਆਂ ਦੀਵਿਆਂ ਨੇ ਪਤਾ ਨਹੀਂ ਕਦੋਂ ਜਗਮਗਾਉਣਾ ਏ

ਗਗਨ ਕਹੇ ਇੱਕੋ ਗੱਲ ਹੁਣ ਇਹੋ ਵਾਰ ਵਾਰ ਜੀ
ਦੀਵਾਲੀ ਮਨਾਉਣ ਜਗ ਵਿਚ ਸਾਰੇ ਪਰਿਵਾਰ ਜੀ।
ਸੰਪਰਕ: 62801-57535

Advertisement
Author Image

Advertisement