ਹੋਲੀ ਮੌਕੇ ਖਰੂਦ ਪਾਉਣ ਵਾਲਿਆਂ ਦਾ ਪੁਲੀਸ ਨੇ ਰੰਗ ਉਡਾਇਆ
ਗੁਰਿੰਦਰ ਸਿੰਘ
ਲੁਧਿਆਣਾ, 26 ਮਾਰਚ
ਪੁਲੀਸ ਨੇ ਹੋਲੀ ਮੌਕੇ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਟਰੈਫਿਕ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਇੱਕ ਦਿਨ ’ਚ 400 ਤੋਂ ਵੱਧ ਚਲਾਨ ਕੀਤੇ ਹਨ।
ਜਾਣਕਾਰੀ ਅਨੁਸਾਰ ਹੋਲੀ ਦੀ ਆੜ ਹੇਠ ਹੁੜਦੁੰਗ ਮਚਾਉਣ ਵਾਲਿਆਂ ਦੇ ਨਾਲ ਨਾਲ ਬਗੈਰ ਹੈਲਮੇਟ ਅਤੇ ਤੇਜ਼ ਵਾਹਨ ਚਲਾਉਣ ਵਾਲੇ ਵੀ ਪੁਲੀਸ ਦੇ ਨਿਸ਼ਾਨੇ ’ਤੇ ਰਹੇ। ਟਰੈਫਿਕ ਪੁਲੀਸ ਵੱਲੋਂ ਕਰੀਬ 50 ਥਾਵਾਂ ’ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ। ਸ਼ਹਿਰ ਦੇ ਅੰਦਰੂਨੀ ਇਲਾਕਿਆਂ ’ਚ ਕਈ ਥਾਈਂ ਪੁਲੀਸ ਦੇ ਉੱਚ ਅਧਿਕਾਰੀ ਨਿਗਰਾਨੀ ਕਰ ਰਹੇ ਸਨ।
ਏਸੀਪੀ ਟਰੈਫਿਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਉਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ, ਜਿਹੜੇ ਵਾਹਨ ਚਲਾਉਣ ਵੇਲੇ ਹੁੱਲੜਬਾਜ਼ੀ ਕਰ ਰਹੇ ਸਨ ਜਾਂ ਫਿਰ ਕੋਈ ਛੇੜਖਾਨੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਤੇਜ਼ ਰਫ਼ਤਾਰੀ ਵਾਹਨ ਚਲਾਉਣ ਵਾਲਿਆਂ ’ਤੇ ਵੀ ਪੁਲੀਸ ਦੀ ਖਾਸ ਨਜ਼ਰ ਸੀ। ਇਸ ਦੌਰਾਨ ਪੁਲੀਸ ਵੱਲੋਂ ਬਗੈਰ ਹੈਲਮੇਟ ਦੇ 147 ਵਾਹਨਾਂ ਦੇ ਚਲਾਨ ਅਤੇ 10 ਬੁਲੇਟ ਮੋਟਰਸਾਈਕਲ ਚਾਲਕਾਂ ਦੇ ਚਲਾਨ ਕੀਤੇ ਗਏ, ਜੋ ਵਾਹਨ ਚਲਾਉਂਦੇ ਸਮੇਂ ਪਟਾਕੇ ਮਾਰ ਰਹੇ ਸਨ। ਇਸ ਤੋਂ ਇਲਾਵਾ ਵਾਹਨ ’ਤੇ ਤਿੰਨ ਲੋਕਾਂ ਨੂੰ ਬਿਠਾ ਕੇ ਹੁੜਦੁੰਗ ਮਚਾ ਰਹੇ 63 ਲੋਕਾਂ ਖ਼ਿਲਾਫ਼ ਅਤੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ 16 ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜ ਅਜਿਹੇ ਵਾਹਨ ਚਾਲਕਾਂ ਦੇ ਵੀ ਚਲਾਨ ਕੀਤੇ ਗਏ ਹਨ ਜੋ ਤੇਜ਼ ਰਫ਼ਤਾਰੀ ਬੇਕਾਬੂ ਹੋ ਕੇ ਵਾਹਨ ਚਲਾ ਰਹੇ ਸਨ।
ਏਸੀਪੀ ਨੇ ਦੱਸਿਆ ਕਿ 41 ਚਾਰ ਪਹੀਆ ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ ਹਨ ਜੋ ਬਗੈਰ ਸੀਟ ਬੈਲਟ ਦੇ ਵਾਹਨ ਚਲਾ ਰਹੇ ਸਨ। ਉਨ੍ਹਾਂ ਕਿਹਾ ਕਿ ਤਿਉਹਾਰ ਮਨਾਉਣਾ ਵੱਖਰੀ ਗੱਲ ਹੈ ਤੇ ਤਿਉਹਾਰ ਦੀ ਆੜ ’ਚ ਹੁੱਲੜਬਾਜ਼ੀ ਕਰਨਾ ਗਲਤ ਹੈ।
88 ਥਾਵਾਂ ’ਤੇ ਝਗੜੇ ਤੇ 20 ਹਾਦਸੇ ਵਾਪਰੇ
ਹੋਲੀ ਵਾਲੇ ਦਿਨ ਸ਼ਹਿਰ ਵਿੱਚ ਕਈ ਥਾਵਾਂ ’ਤੇ ਝਗੜੇ ਦੀਆਂ ਘਟਨਾਵਾਂ ਵਾਪਰੀਆਂ। ਜ਼ਿਕਰਯੋਗ ਹੈ ਕਿ ਹੋਲੀ ਦੇ ਤਿਉਹਾਰ ’ਤੇ ਸਿਵਲ ਹਸਪਤਾਲ ਅਤੇ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਤਿਆਰੀ ਕੀਤੀ ਹੋਈ ਸੀ ਕਿ ਕੁੱਟਮਾਰ ’ਚ ਜ਼ਖਮੀ ਲੋਕ ਜ਼ਰੂਰ ਇਲਾਜ ਲਈ ਹਸਪਤਾਲ ਆਉਣਗੇ। ਤਿਉਹਾਰ ਸ਼ੁਰੂ ਹੁੰਦੇ ਹੀ ਕਈ ਇਲਾਕਿਆਂ ’ਚ ਕੁੱਟਮਾਰ ਹੋਈ ਜਿਸ ’ਤੇ ਸਿਵਲ ਹਸਪਤਾਲ ’ਚ ਲੋਕਾਂ ਦਾ ਮੇਲਾ ਲੱਗ ਗਿਆ। ਸ਼ਹਿਰ ਵਿੱਚ 88 ਥਾਵਾਂ ’ਤੇ ਕੁੱਟਮਾਰ ਹੋਈ ਅਤੇ ਦੋਹਾਂ ਧੜਿਆਂ ਦੇ ਲੋਕ ਆਪਣਾ ਮੈਡੀਕਲ ਕਰਵਾਉਣ ਸਿਵਲ ਹਸਪਤਾਲ ਪੁੱਜੇ। ਹਸਪਤਾਲ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਪ੍ਰਬੰਧ ਸਖਤ ਰੱਖੇ ਗਏ ਸਨ ਤਾਂ ਕਿ ਕੋਈ ਵੀ ਸਿਵਲ ਹਸਪਤਾਲ ’ਚ ਕੁੱਟਮਾਰ ਨਾ ਕਰੇ ਤਾਂ ਕਿ ਮਰੀਜ਼ਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਇਸ ਦੌਰਾਨ 20 ਥਾਵਾਂ ’ਤੇ ਸੜਕ ਹਾਦਸਿਆਂ ’ਚ ਜ਼ਖਮੀ ਲੋਕ ਵੀ ਸਿਵਲ ਹਸਪਤਾਲ ’ਚ ਇਲਾਜ ਪੁੱਜੇ।