For the best experience, open
https://m.punjabitribuneonline.com
on your mobile browser.
Advertisement

ਈਦ ਮੌਕੇ ਆਪਸੀ ਭਾਈਚਾਰੇ ਤੇ ਵਿਸ਼ਵ ਸ਼ਾਂਤੀ ਦਾ ਸੁਨੇਹਾ ਦਿੱਤਾ

10:17 AM Jun 18, 2024 IST
ਈਦ ਮੌਕੇ ਆਪਸੀ ਭਾਈਚਾਰੇ ਤੇ ਵਿਸ਼ਵ ਸ਼ਾਂਤੀ ਦਾ ਸੁਨੇਹਾ ਦਿੱਤਾ
ਚੰਡੀਗੜ੍ਹ ਦੇ ਸੈਕਟਰ-20 ਸਥਿਤ ਜਾਮਾ ਮਸਜਿਦ ਵਿੱਚ ਨਮਾਜ਼ ਅਦਾ ਕਰਦੇ ਹੋਏ ਨਮਾਜ਼ੀ। -ਫੋਟੋ: ਪ੍ਰਦੀਪ ਤਿਵਾੜੀ
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 17 ਜੂਨ
ਈਦ-ਉਲ-ਜ਼ੁਹਾ ਮੌਕੇ ਸੋਮਵਾਰ ਨੂੰ ਚੰਡੀਗੜ੍ਹ ਦੀਆਂ ਸਾਰੀਆਂ ਮਸਜਿਦਾਂ ’ਚ ਵਿਸ਼ੇਸ਼ ਨਮਾਜ਼ ਅਦਾ ਕੀਤੀ ਗਈ। ਨਮਾਜ਼ ਦੌਰਾਨ ਪੁਲੀਸ ਦੇ ਸਖ਼ਤ ਪ੍ਰਬੰਧ ਸਨ। ਨਮਾਜ਼ ਤੋਂ ਬਾਅਦ ਸਾਰੀਆਂ ਮਸਜਿਦਾਂ ਵਿੱਚ ਮੁਸਲਿਮ ਭਾਈਚਾਰੇ ਨੇ ਦੇਸ਼ ਦੀ ਤਰੱਕੀ, ਸੁਰੱਖਿਆ ਅਤੇ ਵਿਸ਼ਵ ਵਿੱਚ ਸ਼ਾਂਤੀ ਲਈ ਨਮਾਜ਼ ਅਤਾ ਕੀਤੀ ਗਈ। ਨਮਾਜ਼ ਤੋਂ ਬਾਅਦ ਇਕ-ਦੂਜੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ ਗਈ। ਨਮਾਜ਼ ਪੜ੍ਹਨ ਲਈ ਸੈਕਟਰ-20 ਸਥਿਤ ਜਾਮਾ ਮਸਜਿਦ ’ਚ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਪੁੱਜੇ।
ਇਸ ਮੌਕੇ ਸੰਸਦ ਮੈਂਬਰ ਮਨੀਸ਼ ਤਿਵਾੜੀ ਸੈਕਟਰ-20 ਦੀ ਜਾਮਾ ਮਸਜਿਦ ਪੁੱਜੇ ਅਤੇ ਸਾਰਿਆਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਜਾਮਾ ਮਸਜਿਦ ਸੈਕਟਰ-20 ਚੰਡੀਗੜ੍ਹ ਦੇ ਇਮਾਮ ਮੌਲਾਨਾ ਮੁਹੰਮਦ ਅਜਮਲ ਨੇ ਈਦ-ਉਲ-ਜ਼ੁਹਾ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਇਹ ਤਿਉਹਾਰ ਸਾਨੂੰ ਆਪਣੀ ਇੱਛਾਵਾਂ ਅਤੇ ਭੌਤਿਕ ਸੁੱਖਾਂ ਨੂੰ ਅੱਲ੍ਹਾ ਦੀ ਇੱਛਾ ਤੋਂ ਉੱਪਰ ਨਾ ਰੱਖਣ ਦੀ ਸਿੱਖਿਆ ਦਿੰਦਾ ਹੈ। ਇਹ ਸਾਨੂੰ ਗ਼ਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਨ ਅਤੇ ਦੂਜਿਆਂ ਪ੍ਰਤੀ ਦਿਆਲੂ ਅਤੇ ਉਦਾਰ ਹੋਣ ਲਈ ਵੀ ਪ੍ਰੇਰਿਤ ਕਰਦਾ ਹੈ। ਉਨ੍ਹਾਂ ਨਗਰ ਨਿਗਮ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਣੇ ਪੁਲੀਸ ਪ੍ਰਸ਼ਾਸਨ ਵਲੋਂ ਈਦ ਦੀ ਮੁਬਾਰਕਬਾਦ ਦਿੰਦਿਆਂ ਨਮਾਜ਼ ਲਈ ਸ਼ਾਨਦਾਰ ਪ੍ਰਬੰਧ ਕੀਤੇ ਜਾਣ ਦਾ ਧੰਨਵਾਦ ਕੀਤਾ।
ਇਸੇ ਤਰ੍ਹਾਂ ਨੂਰਾਨੀ ਮਸਜਿਦ ਸੈਕਟਰ-26 ਦੇ ਇਮਾਮ ਮੁਫਤੀ ਮੁਹੰਮਦ ਅਨਸ ਕਾਸਮੀ ਨੇ ਨਮਾਜ਼ ਤੋਂ ਪਹਿਲਾਂ ਨਮਾਜ਼ੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਈਦ-ਉਲ-ਜ਼ੁਹਾ ਇਸਲਾਮੀ ਕੈਲੰਡਰ ਦਾ 12ਵਾਂ ਅਤੇ ਆਖ਼ਰੀ ਮਹੀਨਾ ਹੈ। ਇਹ ਮਹੀਨਾ ਇਸਲਾਮ ਦੇ ਪਵਿੱਤਰ ਮਹੀਨਿਆਂ ਵਿੱਚੋਂ ਇੱਕ ਹੈ। ਇਸਲਾਮ ਦੇ ਪੰਜਵੇਂ ਥੰਮ੍ਹ ਹੱਜ ਸਣੇ ਇਸ ਮਹੀਨੇ ਈਦ-ਉਲ-ਜ਼ੁਹਾ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਤਿਆਗ, ਸਮਰਪਣ ਅਤੇ ਪਰਮਾਤਮਾ ਪ੍ਰਤੀ ਸ਼ਰਧਾ ਦਾ ਤਿਉਹਾਰ ਵੀ ਹੈ। ਉਨ੍ਹਾਂ ਬਲੀਦਾਨ ਦੀ ਮਹੱਤਤਾ ਬਾਰੇ ਦੱਸਿਆ ਕਿ ਬਕਰੀਦ ਈਦ ਸਿਰਫ਼ ਪਸ਼ੂਆਂ ਦੀ ਕੁਰਬਾਨੀ ਤੱਕ ਸੀਮਤ ਨਹੀਂ ਹੈ, ਇਹ ਕੁਰਬਾਨੀ, ਸਮਰਪਣ ਅਤੇ ਪਰਮਾਤਮਾ ਪ੍ਰਤੀ ਸ਼ਰਧਾ ਦਾ ਤਿਉਹਾਰ ਹੈ। ਇਹ ਤਿਉਹਾਰ ਭਾਈਚਾਰਕ ਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਵਧਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ। ਮਦੀਨਾ ਮਸਜਿਦ ਸੈਕਟਰ-29 ਦੇ ਇਮਾਮ ਕਾਰੀ ਫੈਸਲ ਕਲਾਮ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਕੁਰਬਾਨੀ ਅਤੇ ਸਮਰਪਣ ਦੀ ਭਾਵਨਾ ਨਾਲ ਕੰਮ ਕਰਨਾ ਚਾਹੀਦਾ ਹੈ।
ਇਸ ਤੋਂ ਇਲਾਵਾ ਸੈਕਟਰ-45 ਬੁੜੈਲ ਸਥਿਤ ਈਦਗਾਹ ਵਿੱਚ ਵੀ ਈਦ ਮਨਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਨਮਾਜ਼ ਅਦਾ ਕੀਤੀ ਅਤੇ ਇੱਕ-ਦੂਜੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ। ਇੱਥੇ ਜਾਮਾ ਮਸਜਿਦ ਸੈਕਟਰ-45 ਦੇ ਇਮਾਮ ਨੇ ਆਪਸੀ ਭਾਈਚਾਰਕ ਤੇ ਦੇਸ਼ ਵਿੱਚ ਅਮਨ ਸ਼ਾਂਤੀ ਦਾ ਸੁਨੇਹਾ ਦਿੱਤਾ। ਇਸ ਮੌਕੇ ਮਿੱਠੇ ਪਾਣੀ ਦੀ ਸੇਵਾ ਵੀ ਕੀਤੀ ਗਈ। ਇਮਾਮ ਨੇ ਨਮਾਜ਼ ਦੌਰਾਨ ਜਾਮਾ ਮਸਜਿਦ ਤੇ ਈਦਗਾਹ ਦਰਮਿਆਨ ਸੜਕ ’ਤੇ ਟਰੈਫਿਕ ਕੰਟਰੋਲ ਲਈ ਪੁਲੀਸ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×