ਧਨਤੇਰਸ ਮੌਕੇ ਭਾਂਡਿਆਂ ਤੇ ਸਰਾਫਾਂ ਦੀਆਂ ਦੁਕਾਨਾਂ ’ਤੇ ਭੀੜ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਅਕਤੂਬਰ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਤਿਊਹਾਰਾਂ ਦੀ ਆਮਦ ’ਤੇ ਬਾਜ਼ਾਰਾਂ ਵਿੱਚ ਲੋਕਾਂ ਦੀ ਭੀੜ ਲੱਗੀ ਹੋਈ ਹੈ। ਅੱਜ ਧਨਤੇਰਸ ’ਤੇ ਚੰਡੀਗੜ੍ਹ ਵਿੱਚ ਭਾਂਡਿਆਂ ਵਾਲੀਆਂ ਤੇ ਸਰਾਫ਼ਾਂ ਦੀ ਦੁਕਾਨਾਂ ’ਤੇ ਵੀ ਸਾਰਾ ਦਿਨ ਭੀੜ ਲੱਗੀ ਰਹੀ। ਭੀੜ ਕਰਕੇ ਲੋਕਾਂ ਨੂੰ ਭਾਰੀ ਮੁਸ਼ੱਕਤ ਕਰਕੇ ਖਰੀਦਦਾਰੀ ਕਰਨੀ ਪਈ ਹੈ। ਅੱਜ ਸ਼ਹਿਰ ਦੇ ਸੈਕਟਰ-7, 8, 9, 10, 18, 19, 20, 21, 22, 24, 35, 36, 37, ਮਨੀਮਾਜਰਾ ਸਣੇ ਹੋਰਨਾਂ ਬਾਜ਼ਾਰਾਂ ਵਿੱਚ ਭੀੜ ਲੱਗੀ ਰਹੀ ਹੈ।
ਜ਼ਿਕਰਯੋਗ ਹੈ ਕਿ ਧਨਤੇਰਸ ਦੇ ਦਿਨ ਭਾਂਡੇ ਜਾਂ ਗਹਿਣੇ ਖਰੀਦਣਾ ਚੰਗਾ ਮੰਨਿਆ ਜਾਂਦਾ ਹੈ, ਜਿਸ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਂਡਿਆਂ ਤੇ ਗਹਿਣਿਆਂ ਦੀ ਖਰੀਦਦਾਰੀ ਕੀਤੀ। ਅੱਜ ਲੋਕ ਭਾਂਡੇ ਦੀਆਂ ਦੁਕਾਨਾਂ ’ਤੇ ਪਹੁੰਚ ਕੇ ਭਾਂਡੇ ਖਰੀਦ ਰਹੇ ਸੀ ਤਾਂ ਦੂਜੇ ਪਾਸੇ ਸਰਾਫਾਂ ਦੀਆਂ ਦੁਕਾਨਾਂ ’ਤੇ ਵੀ ਭੀੜ ਲੱਗੀ ਰਹੇ, ਜਿੱਥੇ ਲੋਕਾਂ ਨੇ ਗਹਿਣਿਆਂ ਦੇ ਨਾਲ-ਨਾਲ ਸੋਨੇ ਤੇ ਚਾਂਦੀ ਦੇ ਸਿੱਕਿਆਂ ਵੀ ਖਰੀਦੇ। ਇੰਨਾ ਹੀ ਨਹੀਂ ਇਸ ਵਾਰ ਧਨਤੇਰਸ ’ਤੇ ਪਿਛਲੇ ਸਾਲਾਂ ਦੇ ਮੁਕਾਬਲੇ 10 ਤੋਂ 15 ਫ਼ੀਸਦ ਦੀ ਮੰਗ ਵਧੀ ਹੋਈ ਹੈ।
ਚੰਡੀਗੜ੍ਹ ਜਵੈਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਸਹਿਦੇਵ ਨੇ ਕਿਹਾ ਕਿ ਅੱਜ ਜਵੈਲਰਜ਼ ਦੀਆਂ ਦੁਕਾਨਾਂ ’ਤੇ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ ਅਤੇ ਖਰੀਦਦਾਰੀ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਧਨਤੇਰਸ ’ਤੇ ਕੰਮ ਮੱਠਾ ਰਹਿ ਰਿਹਾ ਸੀ ਪਰ ਇਸ ਵਾਰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ ਵਿੱਚ 24 ਕੈਰਟ ਸੋਨੇ ਦੀ ਕੀਮਤ 82 ਹਜ਼ਾਰ ਰੁਪਏ ਪ੍ਰਤੀ ਤੋਲਾ (10 ਗ੍ਰਾਮ) ਹੈ। ਹਾਲਾਂਕਿ ਚਾਂਦੀ ਦੀ ਕੀਮਤ 1020 ਰੁਪਏ ਤੋਲਾ (10 ਗ੍ਰਾਮ) ਹੈ।