ਦੀਵਾਲੀ ਦੀ ਰਾਤ ਦੋ ਗੁੱਟਾਂ ਵਿੱਚ ਗੋਲੀਆਂ ਚੱਲੀਆਂ, ਇੱਕ ਮੌਤ
ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 13 ਨਵੰਬਰ
ਸਥਾਨਕ ਕਟੜਾ ਦੂਲੋ ਖੇਤਰ ਵਿੱਚ ਇੱਕ ਘਰ ਵਿੱਚ ਦੀਵਾਲੀ ਦੀ ਰਾਤ ਚੱਲ ਰਹੇ ਗ਼ੈਰਕਾਨੂੰਨੀ ਜੂਏ ਨੂੰ ਰੋਕਣ ਦੀ ਕੋਸ਼ਿਸ਼ ਨੂੰ ਲੈ ਕੇ ਦੋ ਗੁੱਟਾਂ ਦਰਮਿਆਨ ਗੋਲੀਆਂ ਚੱਲ ਗਈਆਂ। ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਨੇ ਪੁਰਾਣੀ ਰੰਜਿਸ਼ ਕਾਰਨ ਇਹ ਘਟਨਾ ਵਾਪਰਨ ਦਾ ਦਾਅਵਾ ਕੀਤਾ ਹੈ।
ਮ੍ਰਿਤਕ ਦੀ ਪਛਾਣ ਕੰਬੋਹ ਥਾਣਾ ਅਧੀਨ ਪੈਂਦੇ ਪਿੰਡ ਪੰਡੋਰੀ ਵੜੈਚ ਦੇ ਰਹਿਣ ਵਾਲੇ ਅਰੁਣ ਕੁਮਾਰ ਵਜੋਂ ਹੋਈ ਹੈ। ਜ਼ਖਮੀਆਂ ਦੀ ਪਛਾਣ ਪਿੰਡ ਬੱਲ ਕਲਾਂ ਦੇ ਮਨਪ੍ਰੀਤ ਸਿੰਘ, ਪਿੰਡ ਕੋਟਲਾ ਤਰਖਾਣਾ ਦੇ ਰਮਨਦੀਪ ਸਿੰਘ ਅਤੇ ਢਾਬ ਖਟੀਕਾਂ ਖੇਤਰ ਦੇ ਅਰਜੁਨ ਵਜੋਂ ਹੋਈ ਹੈ। ਪੁਲੀਸ ਨੇ ਦੋਵਾਂ ਧੜਿਆਂ ਦੇ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਚਾਹ ਵਾਲੀ ਗਲੀ ਦੇ ਨਿਤਿਨ ਆਸ਼ੂ, ਪੰਡੋਰੀ ਵੜੈਚ ਦੇ ਅਰਸ਼ਦੀਪ ਸਿੰਘ ਅਤੇ ਗੁਰੂ ਕੀ ਵਡਾਲੀ ਦੇ ਹੀਰਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧ ਵਿੱਚ ਥਾਣਾ ਡੀ ਡਿਵੀਜ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਮੌਕੇ ਤੋਂ ਦੋ ਰੌਂਦਾਂ ਸਣੇ .30 ਬੋਰ ਦਾ ਮੈਗਜ਼ੀਨ, .32 ਬੋਰ ਦੇ ਪਿਸਤੌਲ ਦੇ 6 ਖੋਲ, 9 ਐੱਮਐੱਮ ਪਿਸਤੌਲ ਦੇ ਚਾਰ ਖੋਲ, .12 ਬੋਰ ਦਾ ਖੋਲ ਅਤੇ .30 ਬੋਰ ਦਾ ਰਿਵਾਲਵਰ ਅਤੇ ਤਲਵਾਰ ਬਰਾਮਦ ਹੋਈ। ਇਹ ਘਟਨਾ ਦੀਵਾਲੀ ਵਾਲੀ ਰਾਤ ਤੜਕੇ ਡੇਢ ਵਜੇ ਦੇ ਕਰੀਬ ਵਾਪਰੀ। ਇੱਕ ਗਰੁੱਪ ਦੀ ਅਗਵਾਈ ਪੰਡੋਰੀ ਵੜੈਚ ਦਾ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਉਰਫ ਗੱੜਗੱਜ ਅਤੇ ਦੂਜੇ ਗਰੁੱਪ ਦੀ ਅਗਵਾਈ ਗੁੱਜਰਪੁਰਾ ਇਲਾਕੇ ਦਾ ਲਾਡੀ ਕਰ ਰਿਹਾ ਸੀ।
ਏਸੀਪੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਜੂਏ ਦੇ ਪੈਸੇ ਲੁੱਟਣ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਪਟਾਖੇ ਚਲਾਉਣ ਤੋਂ ਹੋਈ ਲੜਾਈ ਵਿੱਚ ਬਜ਼ੁਰਗ ਦੀ ਮੌਤ
ਮੋਗਾ ( ਨਿੱਜੀ ਪੱਤਰ ਪ੍ਰੇਰਕ): ਇਥੇ ਥਾਣਾ ਬੱਧਨੀ ਕਲਾਂ ਅਧੀਨ ਪਿੰਡ ਰਣੀਆਂ ਵਿੱਚ ਦੀਵਾਲੀ ਮੌਕੇ ਪਟਾਖੇ ਚਲਾਉਣ ਤੋਂ ਹੋਈ ਲੜਾਈ ਵਿੱਚ ਬਜ਼ੁਰਗ ਗੁਰਦੇਵ ਸਿੰਘ ਦੀ ਮੌਤ ਹੋ ਗਈ। ਡੀਐੱਸਪੀ ਨਿਹਾਲ ਸਿੰਘ ਵਾਲਾ ਐਟ ਬੱਧਨੀ ਕਲਾਂ ਮਨਜੀਤ ਸਿੰਘ ਢੇਸੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਵੱਲੋਂ ਬਿਆਨ ਦਰਜ ਕਰਵਾਉਣ ਸਮਾਂ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਬੁਜ਼ੁਰਗ ਗੁਰਦੇਵ ਸਿੰਘ ਦਾ ਪੁੱਤ ਸੁਖਪ੍ਰੀਤ ਸਿੰਘ ਆਪਣੇ ਬੱਚੇ ਅਰਸ਼ ਨੂੰ ਦੁਕਾਨ ਤੋਂ ਪਟਾਖੇ ਖਰੀਦ ਕੇ ਵਾਪਸ ਘਰ ਪਰਤ ਰਿਹਾ ਸੀ। ਇਸ ਦੌਰਾਨ ਕੁੱਝ ਨੌਜਵਾਨ ਪਟਾਖੇ ਚਲਾ ਰਹੇ ਸਨ। ਪਟਾਖੇ ਦੀ ਚੰਗਿਆੜੀ ਅਚਾਨਕ ਬੱਚੇ ਉੱਤੇ ਪੈ ਗਈ। ਇਸ ਤਰ੍ਹਾਂ ਦੋਵਾਂ ਧਿਰਾਂ ਵਿੱਚ ਲੜਾਈ ਹੋ ਗਈ। ਬੱਚੇ ਨੇ ਘਰ ਜਾ ਕੇ ਦੱਸ ਦਿੱਤਾ ਤਾਂ ਬਜ਼ੁਰਗ ਗੁਰਦੇਵ ਸਿੰਘ ਵੀ ਮੌਕੇ ਉੱਤੇ ਪਹੁੰਚ ਗਿਆ। ਮੌਕੇ ’ਤੇ ਹੋਈ ਧੱਕਾ ਮੁੱਕੀ ਵਿੱਚ ਬਜ਼ੁਰਗ ਦੀ ਮੌਤ ਹੋ ਗਈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਥਾਨਕ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਸੁਖਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਐੱਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ।