For the best experience, open
https://m.punjabitribuneonline.com
on your mobile browser.
Advertisement

ਜੰਮੂ ਕਸ਼ਮੀਰ ਵਿਕਾਸ ਦੀਆਂ ਬੁਲੰਦੀਆਂ ’ਤੇ: ਮੋਦੀ

06:57 AM Mar 08, 2024 IST
ਜੰਮੂ ਕਸ਼ਮੀਰ ਵਿਕਾਸ ਦੀਆਂ ਬੁਲੰਦੀਆਂ ’ਤੇ  ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਕਸਤ ਭਾਰਤ ਯੋਜਨਾ ਦਾ ਲਾਭਪਾਤਰੀ ਨਾਜ਼ਿਮ ਸੈਲਫੀ ਲੈਂਦਾ ਹੋਇਆ। -ਫੋਟੋ: ਪੀਟੀਆਈ
Advertisement

ਸ੍ਰੀਨਗਰ, 7 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਧਾਰਾ 370 ਰੱਦ ਕੀਤੇ ਜਾਣ ਮਗਰੋਂ ਜੰਮੂ ਕਸ਼ਮੀਰ ‘ਖੁੱਲ੍ਹੀ ਹਵਾ ਵਿਚ ਸਾਹ’ ਲੈ ਰਿਹਾ ਹੈ। ਸ੍ਰੀਨਗਰ ਦੇ ਬਖ਼ਸ਼ੀ ਸਟੇਡੀਅਮ ਵਿੱਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਮੋਦੀ ਮੋਹ-ਪਿਆਰ ਦੇ ਇਸ ਕਰਜ਼ੇ ਨੂੰ ਲਾਹੁਣ ਵਿਚ ਕੋਈ ਕਸਰ ਨਹੀਂ ਛੱਡੇਗਾ। ਇਹ ਮੋਦੀ ਦੀ ਗਾਰੰਟੀ ਹੈ।’’ ਉਨ੍ਹਾਂ ਕਿਹਾ ਕਿ ਨਵੇਂ ਜੰਮੂ ਕਸ਼ਮੀਰ ਦੀਆਂ ਅੱਖਾਂ ਵਿਚ ਭਵਿੱਖ ਦੀ ਝਲਕ ਨਜ਼ਰ ਆਉਂਦੀ ਹੈ ਤੇ ‘140 ਕਰੋੜ ਨਾਗਰਿਕ ਜਦੋਂ ਜੰਮੂ ਕਸ਼ਮੀਰ ਦੇ ਲੋਕਾਂ ਦੇ ਖਿੜੇ ਚਿਹਰੇ ਦੇਖਦੇ ਹਨ ਤਾਂ ਉਨ੍ਹਾਂ ਨੂੰ ਸਕੂਨ ਮਿਲਦਾ ਹੈ।’ ਉਨ੍ਹਾਂ ‘ਖਿੱਤੇ ’ਤੇ ਹਾਵੀ ਰਹੀ’ ਪਰਿਵਾਰਵਾਦ ਦੀ ਸਿਆਸਤ ਦੀ ਨੁਕਤਾਚੀਨੀ ਕੀਤੀ ਅਤੇ 2019 ਵਿੱਚ ਧਾਰਾ 370 ਮਨਸੂਖ ਕਰਨ ਦੇ ਫੈਸਲੇ ਦੇ ਪਰਿਵਰਤਨਸ਼ੀਲ ਪ੍ਰਭਾਵ ’ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਫੇਰੀ ਦੌਰਾਨ 6400 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਵੀ ਕੀਤਾ।
ਸ੍ਰੀ ਮੋਦੀ ਨੇ ਕਿਹਾ, ‘‘ਜੰਮੂ ਕਸ਼ਮੀਰ ਦੇਸ਼ ਆਜ਼ਾਦੀ ਮਗਰੋਂ ਪਰਿਵਾਰਵਾਦ ਦੀ ਸਿਆਸਤ ਦਾ ਸਭ ਤੋਂ ਵੱਧ ਸ਼ਿਕਾਰ ਬਣਿਆ ਹੈ। ਕਾਂਗਰਸ ਨੇ ਧਾਰਾ 370 ਬਾਰੇ ਦੇਸ਼ ਨੂੰ ਗੁੰਮਰਾਹ ਕੀਤਾ, ਪਰ ਇਸ ਦਾ ਫਾਇਦਾ ਕਿਸ ਨੂੰ ਹੋਇਆ? ਕੀ ਇਸ ਦਾ ਫਾਇਦਾ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਹੋਇਆ ਜਾਂ ਫਿਰ ਕੁਝ ਸਿਆਸੀ ਪਰਿਵਾਰਾਂ ਨੂੰ?’’ ਵਿਰੋਧੀ ਧਿਰਾਂ ਦੇ ਕੁਝ ਆਗੂਆਂ ਵੱਲੋਂ ਕੀਤੀ ਟਿੱਪਣੀ ਕਿ ਮੋਦੀ ਦਾ ਆਪਣਾ ਕੋਈ ਪਰਿਵਾਰ ਨਹੀਂ ਹੈ, ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਦੇਸ਼ ਨੇ ਜਵਾਬ ਦੇ ਦਿੱਤਾ ਹੈ। ਸ੍ਰੀ ਮੋਦੀ ਨੇ ਕਿਹਾ, ‘‘ਮੈਂ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਹਮੇਸ਼ਾ ਆਪਣਾ ਪਰਿਵਾਰ ਮੰਨਿਆ ਹੈ...ਇਸ ਲਈ ਕਸ਼ਮੀਰ ਦੇ ਦਿਲ ਵਿਚ ਵੀ ਇਹੀ ਹੈ ਕਿ ਉਹ ਵੀ ਮੋਦੀ ਦਾ ਪਰਿਵਾਰ ਹੈ।’’ ਉਨ੍ਹਾਂ ਵਾਦੀ ਦੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਵਿਕਾਸ ਦੇ ਰਾਹ ’ਤੇ ਸਫ਼ਰ ਬੇਰੋਕ ਜਾਰੀ ਰਹੇਗਾ।
‘ਵਿਕਸਤ ਭਾਰਤ ਵਿਕਸਤ ਜੰਮੂ ਕਸ਼ਮੀਰ’ ਰੈਲੀ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ, ‘‘ਧਾਰਾ 370 ਮਨਸੂਖ ਕੀਤੇ ਜਾਣ ਮਗਰੋਂ ਜੰਮੂ ਕਸ਼ਮੀਰ ਨੇ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹਿਆ ਹੈ। ਜੰਮੂ ਕਸ਼ਮੀਰ ਅੱਜ ਵਿਕਾਸ ਦੇ ਨਵੇਂ ਦਿਸਹੱਦਿਆਂ ਨੂੰ ਛੂਹ ਰਿਹਾ ਹੈ ਕਿਉਂਕਿ ਇਹ ਖੁੱਲ੍ਹੀ ਹਵਾ ਵਿਚ ਸਾਹ ਲੈ ਰਿਹਾ ਹੈ।’’ ਕੇਂਦਰ ਸਰਕਾਰ ਵੱਲੋਂ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਰੁਤਬਾ ਵਾਪਸ ਲੈਣ ਤੇ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡੇ ਜਾਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਸ਼ਮੀਰ ਦੀ ਇਹ ਪਲੇਠੀ ਫੇਰੀ ਸੀ। ਸ੍ਰੀ ਮੋਦੀ ਨੇ ਕਿਹਾ, ‘‘ਧਾਰਾ 370 ਰੱਦ ਕਰਨ ਮਗਰੋਂ ਜੰਮੂ ਕਸ਼ਮੀਰ ਨੇ ਸਾਰੇ ਬੰਧਨਾਂ ਨੂੰ ਤੋੜ ਸੁੱਟਿਆ ਹੈ।’’
ਬਖ਼ਸ਼ੀ ਸਟੇਡੀਅਮ ਵਿਚ ਕੀਤੀ ਰੈਲੀ, ਜੋ ਕਿਸੇ ਪ੍ਰਧਾਨ ਮੰਤਰੀ ਦੀ ਪਲੇਠੀ ਰੈਲੀ ਸੀ, ਲਈ ਵਾਦੀ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਫੇਰੀ ਦੇ ਮੱਦੇਨਜ਼ਰ ਜੇਹਲਮ ਦੇ ਦੱਖਣ ਵਿਚ ਪੈਂਦੇ ਸ੍ਰੀਨਗਰ ਸ਼ਹਿਰ ਦੀ ਮੁਕੰਮਲ ਕਿਲ੍ਹੇਬੰਦੀ ਕੀਤੀ ਗਈ ਸੀ। ਵੈਲਿਡ ਪਾਸਧਾਰਕਾਂ ਨੂੰ ਹੀ ਬਖ਼ਸ਼ੀ ਸਟੇਡੀਅਮ ਨੇੜੇ ਜਾਣ ਦੀ ਖੁੱਲ੍ਹ ਸੀ। ਪ੍ਰਧਾਨ ਮੰਤਰੀ ਨੇ ਅਗਾਮੀ ਰਮਜ਼ਾਨ ਦੇ ਪਵਿੱਤਰ ਮਹੀਨੇ ਤੇ ਮਹਾਸ਼ਿਵਰਾਤਰੀ ਦੀ ਅਗਾਊਂ ਵਧਾਈ ਦਿੱਤੀ। ਸ੍ਰੀ ਮੋਦੀ ਨੇ ਖੇਤੀ ਸੈਕਟਰ ਨੂੰ ਹੁਲਾਰਾ ਦੇਣ ਲਈ 5000 ਕਰੋੜ ਰੁਪਏ ਦੀ ਲਾਗਤ ਵਾਲੇ ਅਹਿਮ ਪ੍ਰਾਜੈਕਟਾਂ ਦਾ ਐਲਾਨ ਵੀ ਕੀਤਾ। ਪ੍ਰਧਾਨ ਮੰਤਰੀ ਨੇ ਨਿੱਘੇ ਸਵਾਗਤ ਲਈ ਕਸ਼ਮੀਰ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ, ‘‘ਮੈਂ ਇੰਨੀ ਮਿਹਨਤ ਤੁਹਾਡੇ ਦਿਲ ਜਿੱਤਣ ਲਈ ਕਰ ਰਿਹਾ ਹਾਂ ਤੇ ਮੈਨੂੰ ਵਿਸ਼ਵਾਸ ਹੈ ਕਿ ਮੈਂ ਸਹੀ ਰਾਹ ’ਤੇ ਹਾਂ। ਮੈਂ ਤੁਹਾਡੇ ਦਿਲ ਜਿੱਤਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਾਂਗਾ।

Advertisement

ਸ੍ਰੀਨਗਰ ’ਚ ਰੈਲੀ ਦੌਰਾਨ ਲੋਕਾਂ ਵੱਲ ਹੱਥ ਹਿਲਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਉਨ੍ਹਾਂ ਨਾਲ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਤੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਵੀ ਨਜ਼ਰ ਆ ਰਹੇ ਹਨ। -ਫੋਟੋ: ਪੀਟੀਆਈ

ਇਹ ਮੋਦੀ ਦੀ ਗਾਰੰਟੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੋਦੀ ਦੀ ਗਾਰੰਟੀ ਦਾ ਮਤਲਬ ਹੈ ਸਾਰੀਆਂ ਗਾਰੰਟੀਆਂ ਪੂਰੀਆਂ ਹੋਣ ਦੀ ਗਾਰੰਟੀ।’’ ਉਨ੍ਹਾਂ ਕਿਹਾ, ‘‘ਇਥੋਂ ਦੀ ਕੁਦਰਤ, ਹਵਾ, ਵਾਦੀ, ਚੌਗਿਰਦੇ ਅਤੇ ਕਸ਼ਮੀਰੀ ਭੈਣ ਭਰਾਵਾਂ ਦੇ ਪਿਆਰ ਤੇ ਮੋਹ ਦਾ ਕੋਈ ਸਾਨੀ ਨਹੀਂ ਹੈ।’’ ਰੈਲੀ ਮੌਕੇ ਸਟੇਡੀਅਮ ਦੇ ਅੰਦਰ ਤੇ ਬਾਹਰ ਵੱਡੀ ਗਿਣਤੀ ਲੋਕ ਮੌਜੂਦ ਸਨ ਜਦੋਂਕਿ 285 ਬਲਾਕਾਂ ਦੇ ਇਕ ਲੱਖ ਤੋਂ ਵੱਧ ਲੋਕ ਵੀਡੀਓ ਲਿੰਕ ਜ਼ਰੀਏ ਰੈਲੀ ਨਾਲ ਜੁੜੇ ਹੋਏ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਸਮਾਂ ਸੀ ਜਦੋਂ ਦੇਸ਼ ਵਿਚ ਲਾਗੂ ਹੁੰਦੇ ਕਾਨੂੰਨ ਜੰਮੂ ਕਸ਼ਮੀਰ ਵਿਚ ਵਰਤੋਂ ’ਚ ਨਹੀਂ ਆਉਂਦੇ ਸੀ, ਪਰ ਹੁਣ ਸਮਾਂ ਬਦਲ ਗਿਆ ਹੈ ਕਿਉਂਕਿ ਸਮਾਜ ਦੇ ਸਾਰੇ ਵਰਗਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਰਿਹਾ ਹੈ। ਸ੍ਰੀ ਮੋਦੀ ਨੇ ਸੈਰ-ਸਪਾਟਾ, ਕਿਸਾਨ ਸ਼ਕਤੀਕਰਨ ਤੇ ਯੂਥ ਲੀਡਰਸ਼ਿਪ ਦੀ ਅਹਿਮੀਅਤ ਨੂੰ ਪ੍ਰਮੁੱਖਤਾ ਨਾਲ ਉਭਾਰਿਆ, ਜਿਸ ਦਾ ਸੂਬੇ ਦੀ ਖ਼ੁਸ਼ਹਾਲੀ ’ਚ ਅਹਿਮ ਯੋਗਦਾਨ ਹੈ। ਉਨ੍ਹਾਂ ਕਸ਼ਮੀਰ ਆਉਣ ਵਾਲੇ ਸੈਲਾਨੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਟੂਰ ਪੈਕੇਜਾਂ ਦਾ ਘੱਟੋ-ਘੱਟ 5 ਤੋਂ 10 ਫੀਸਦ ਸ਼ਾਪਿੰਗ ’ਤੇ ਖਰਚਣ ਤਾਂ ਕਿ ਸਥਾਨਕ ਲੋਕਾਂ ਨੂੰ ਰੋਜ਼ੀ-ਰੋਟੀ ਤੇ ਰੁਜ਼ਗਾਰ ਦੇ ਮੌਕੇ ਮਿਲਣ। ਉਨ੍ਹਾਂ ਐੱਨਆਰਆਈਜ਼ ਨੂੰ ‘ਚਲੋ ਇੰਡੀਆ’ ਪਹਿਲਕਦਮੀ ਵਿਚ ਸ਼ਮੂਲੀਅਤ ਦਾ ਸੱਦਾ ਦਿੱਤਾ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਵਿਕਸਤ ਭਾਰਤ ਲਈ ਵਿਕਸਤ ਜੰਮੂ ਕਸ਼ਮੀਰ ਤਰਜੀਹ ਹੈ। ਉਨ੍ਹਾਂ ਜੰਮੂ ਕਸ਼ਮੀਰ ਨੂੰ ਦੇਸ਼ ਦਾ ਤਾਜ ਦੱਸਿਆ। ਉਨ੍ਹਾਂ ਕਿਹਾ, ‘‘ਜੰਮੂ ਕਸ਼ਮੀਰ ਸਿਰਫ਼ ਇਕ ਖਿੱਤਾ ਨਹੀਂ ਬਲਕਿ ਭਾਰਤ ਦਾ ਸੀਸ ਹੈ। ਉੱਚਾ ਸੀਸ ਵਿਕਾਸ ਤੇ ਸਨਮਾਨ ਦਾ ਪ੍ਰਤੀਕ ਹੈ। ਇਹੀ ਵਜ੍ਹਾ ਹੈ ਕਿ ਵਿਕਸਤ ਜੰਮੂ ਕਸ਼ਮੀਰ ਵਿਕਸਤ ਭਾਰਤ ਦੀ ਤਰਜੀਹ ਹੈ।’’ ਪ੍ਰਧਾਨ ਮੰਤਰੀ ਨੇ ਆਪਣੀ ਤਕਰੀਰ ਵਿਚ ਜੰਮੂ ਕਸ਼ਮੀਰ ਵੱਲੋਂ ਜੀ-20 ਦੀ ਸਫ਼ਲ ਮੇਜ਼ਬਾਨੀ, ਅਮਰਨਾਥ ਯਾਤਰਾ ਤੇ ਜੰਮੂ ਕਸ਼ਮੀਰ ਬੈਂਕ ਦੀ ਕਾਇਆਕਲਪ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਬੈਂਕ ਜੋ ਇਕ ਵੇਲੇ ਡੁੱਬਣ ਕੰਢੇ ਸੀ, ਨੇ 1700 ਕਰੋੜ ਰੁਪਏ ਦਾ ਮੁਨਾਫ਼ਾ ਦਰਜ ਕੀਤਾ ਹੈ। -ਪੀਟੀਆਈ

ਮੋਦੀ ਨੇ ਕਸ਼ਮੀਰੀ ਨੌਜਵਾਨ ਨਾਲ ਲਈ ਸੈਲਫੀ

ਸ੍ਰੀਨਗਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਸ਼ਮੀਰੀ ਨੌਜਵਾਨ ਨਾਜ਼ਿਮ ਨਜ਼ੀਰ ਨਾਲ ਨਾ ਸਿਰਫ਼ ਸੈਲਫੀ ਲਈ ਬਲਕਿ ਉਸ ਨੂੰ ਆਪਣਾ ‘ਦੋਸਤ’ ਕਹਿ ਕੇ ਸੰਬੋਧਨ ਕੀਤਾ। ਨਜ਼ੀਰ, ਜੋ ਮਧੂਮੱਖੀ ਪਾਲਣ ਦੇ ਧੰਦੇ ਨਾਲ ਜੁੜਿਆ ਹੈ, ਉਨ੍ਹਾਂ ਕੁਝ ਲੋਕਾਂ ਵਿਚ ਸ਼ੁਮਾਰ ਸੀ, ਜਿਨ੍ਹਾਂ ਨੂੰ ਸ੍ਰੀ ਮੋਦੀ ਨਾਲ ਰੂਬਰੂ ਲਈ ਚੁਣਿਆ ਗਿਆ ਸੀ। ਨਜ਼ੀਰ ਨੇ ਇਸ ਮਿਲਣੀ ਦੌਰਾਨ ਪ੍ਰਧਾਨ ਮੰਤਰੀ ਨਾਲ ਸੈਲਫੀ ਲੈਣ ਦੀ ਇੱਛਾ ਜਤਾਈ। ਸ੍ਰੀ ਮੋਦੀ ਨੇ ਨਜ਼ੀਰ ਨਾਲ ਖਿਚਵਾਈ ਸੈਲਫੀ ਮਗਰੋਂ ਐਕਸ ’ਤੇ ਇਕ ਪੋਸਟ ਵੀ ਨਾਲ ਟੈਗ ਕੀਤੀ। ਪ੍ਰਧਾਨ ਮੰਤਰੀ ਨੇ ਐਕਸ ’ਤੇ ਲਿਖਿਆ, ‘‘ਮੇਰੇ ਦੋਸਤ ਨਾਜ਼ਿਮ ਨਾਲ ਯਾਦਗਾਰ ਸੈਲਫੀ। ਮੈਂ ਉਸ ਵੱਲੋਂ ਕੀਤੇ ਜਾ ਰਹੇ ਚੰਗੇ ਕੰਮ ਤੋਂ ਪ੍ਰਭਾਵਿਤ ਹੋਇਆ। ਜਨਤਕ ਰੈਲੀ ਦੌਰਾਨ ਉਸ ਨੇ ਸੈਲਫੀ ਲਈ ਗੁਜ਼ਾਰਿਸ਼ ਕੀਤੀ ਤੇ ਉਸ ਨੂੰ ਮਿਲ ਕੇ ਖੁਸ਼ੀ ਹੋਈ। ਉਸ ਦੀਆਂ ਭਵਿੱਖੀ ਘਾਲਣਾਵਾਂ ਲਈ ਮੇਰੇ ਵੱਲੋਂ ਸ਼ੁਭਕਾਮਨਾਵਾਂ।’’ -ਪੀਟੀਆਈ

ਜੰਮੂ ਕਸ਼ਮੀਰ ਲਈ ਮੋਦੀ ਸਰਕਾਰ ਦੀਆਂ ਨੀਤੀਆਂ ਦਿਸ਼ਾਹੀਣ: ਖੜਗੇ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਇੱਥੇ ਭਾਜਪਾ ’ਤੇ ਪਿਛਲੇ ਦਸ ਸਾਲਾਂ ਦੌਰਾਨ ਜੰਮੂ ਕਸ਼ਮੀਰ ਦੇ ਲੋਕਾਂ ਦੀ ਜ਼ਿੰਦਗੀ ਨਾਲ ਸਿਰਫ਼ ਤਜਰਬਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸ਼ਾਸਿਤ ਰਾਜ ਲਈ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ‘ਦਿਸ਼ਾਹੀਣ, ਬੇਮੁਹਾਰੀਆਂ ਅਤੇ ਵਿਅਰਥ’ ਰਹੀਆਂ ਹਨ। ਖੜਗੇ ਦਾ ਇਹ ਬਿਆਨ ਸ੍ਰੀਨਗਰ ਦੇ ਬਖਸ਼ੀ ਸਟੇਡੀਅਮ ਵਿੱਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਪਹਿਲੀ ਵਾਰ ਸੰਬੋਧਨ ਮਗਰੋਂ ਆਇਆ ਹੈ। ਉਨ੍ਹਾਂ ਐਕਸ ’ਤੇ ਕਿਹਾ, ‘‘ਪ੍ਰਧਾਨ ਮੰਤਰੀ ਜੀ, ਜੰਮੂ ਕਸ਼ਮੀਰ ਦੇ ਲੋਕ ਤੁਹਾਡੇ ਤੋਂ ਇਹ ਸਵਾਲ ਪੁੱਛਣਾ ਚਾਹੁੰਦੇ ਹਨ ਕਿ ਜੰਮੂੁ ਕਸ਼ਮੀਰ ਦੇ ਸਰਕਾਰੀ ਵਿਭਾਗਾਂ ਵਿੱਚ 2019 ਤੋਂ 65 ਫ਼ੀਸਦੀ ਅਸਾਮੀਆਂ ਖ਼ਾਲੀ ਕਿਉਂ ਹਨ? 2021 ਵਿੱਚ ਨਵੀਂ ਉਦਯੋਗਿਕ ਨੀਤੀ ਦੀ ਸ਼ੁਰੂਆਤ ਤੋਂ ਬਾਅਦ ਜ਼ਮੀਨੀ ਪੱਧਰ ’ਤੇ 97 ਫ਼ੀਸਦੀ ਨਿਵੇਸ਼ ਕਿਉਂ ਨਹੀਂ ਹੋਇਆ?’’ ਉਨ੍ਹਾਂ ਕਿਹਾ ਕਿ ਲੋਕ ਪੁੱਛਣਾ ਚਾਹੁੰਦੇ ਹਨ ਕਿ ਦਾਅਵਾ ਕੀਤੇ ਗਏ 84,544 ਕਰੋੜ ਰੁਪਏ ਵਿੱਚੋਂ 82,026 ਕਰੋੜ ਰੁਪਏ ਦੇ ਨਿਵੇਸ਼ ਨੂੰ ਲਾਗੂ ਕਿਉਂ ਨਹੀਂ ਕੀਤਾ ਗਿਆ ਅਤੇ 2015 ਦੇ ਪ੍ਰਧਾਨ ਮੰਤਰੀ ਵਿਕਾਸ ਪੈਕੇਜ ਤਹਿਤ 40 ਫੀਸਦੀ ਪ੍ਰਾਜੈਕਟ ਅਜੇ ਤੱਕ ਬਕਾਇਆ ਕਿਉਂ ਪਏ ਹਨ। -ਪੀਟੀਆਈ

ਪ੍ਰਧਾਨ ਮੰਤਰੀ ਦਾ ਭਾਸ਼ਣ ‘ਪੁਰਾਣਾ ਘਿਸਿਆ-ਪਿਟਿਆ ਅਲਾਪ’ : ਨੈਸ਼ਨਲ ਕਾਨਫਰੰਸ

ਸ੍ਰੀਨਗਰ: ਨੈਸ਼ਨਲ ਕਾਨਫਰੰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਸ਼ਮੀਰ ਫੇਰੀ ਤੇ ਬਖ਼ਸ਼ੀ ਸਟੇਡੀਅਮ ਵਿਚ ਰੈਲੀ ਦੌਰਾਨ ਕੀਤੀ ਤਕਰੀਰ ਨੂੰ ‘ਨਿਰਾਸ਼ਾਜਨਕ’ ਕਰਾਰ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਭਾਸ਼ਣ ਲੋਕਾਂ ਦੀਆਂ ਆਸਾਂ ਉਮੀਦਾਂ ’ਤੇ ਖਰਾ ਉਤਰਨ ਵਿਚ ਨਾਕਾਮ ਰਿਹਾ ਹੈ। ਨੈਸ਼ਨਲ ਕਾਨਫਰੰਸ ਦੇ ਜਨਰਲ ਸਕੱਤਰ ਅਲੀ ਮੁਹੰਮਦ ਸਾਗਰ ਨੇ ਇਕ ਬਿਆਨ ਵਿਚ ਕਿਹਾ, ‘‘ਇਹ ਉਹੀ ਪੁਰਾਣਾ ਘਿਸਿਆ ਪਿਟਿਆ ਅਲਾਪ ਹੈ, ਜੋ ਪਿਛਲੇ ਪੰਜ ਸਾਲਾਂ ਤੋਂ ਸੁਣਦੇ ਆ ਰਹੇ ਹਾਂ, ਪਰ ਅਜੇ ਵੀ ਚੋਣਾਂ ਕਰਵਾਉਣ ਲਈ ਵਿਸ਼ਵਾਸ ਦੀ ਵੱਡੀ ਘਾਟ ਹੈ।’’ ਐੱਨਸੀ ਆਗੂ ਨੇ ਕਿਹਾ ਕਿ ਲੋਕ ਜੰਮੂ ਕਸ਼ਮੀਰ ਦਾ ਰਾਜ ਵਜੋਂ ਦਰਜਾ ਬਹਾਲ ਕੀਤੇ ਜਾਣ (ਜਿਸ ਦਾ ਜਮਹੂਰੀ ਤੌਰ ’ਤੇ ਚੁਣੀ ਸਰਕਾਰ ਨੇ ਸਤੰਬਰ ਵਿਚ ਵਾਅਦ ਕੀਤਾ ਸੀ), ਬੇਰੁਜ਼ਗਾਰਾਂ ਲਈ ਰੁਜ਼ਗਾਰ ਪੈਕੇਜਾਂ, ਬਿਜਲੀ ਸੰਕਟ ਲਈ ਰਾਹਤ ਤੇ ਅਹਿਮ ਵਿਕਾਸ ਪ੍ਰਾਜੈਕਟਾਂ ਸਬੰਧੀ ਐਲਾਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ, ਪਰ ਬਦਕਿਸਮਤੀ ਨਾਲ ਕੋਈ ਵੀ ਆਸ ਉਮੀਦ ਪੂਰੀ ਨਹੀਂ ਹੋਈ। ਸਾਗਰ ਨੇ ਕਿਹਾ, ‘‘ਸਰਕਾਰੀ ਮੁਲਾਜ਼ਮਾਂ ਨੂੰ ਪ੍ਰਧਾਨ ਮੰਤਰੀ ਦੀ ਰੈਲੀ ਵਿਚ ਸ਼ਮੂਲੀਅਤ ਲਈ ਮਜਬੂਰ ਕੀਤਾ ਗਿਆ। ਰਿਪੋਰਟਾਂ ਹਨ ਕਿ ਬਿਮਾਰ ਮੁਲਾਜ਼ਮਾਂ ਜਿਨ੍ਹਾਂ ਵਿਚ ਗਰਭਵਤੀ ਮਹਿਲਾਵਾਂ ਵੀ ਸ਼ਾਮਲ ਸਨ, ਨੂੰ ਵੀ ਇਨ੍ਹਾਂ ਹੁਕਮਾਂ ਤੋਂ ਕੋਈ ਛੋਟ ਨਹੀਂ ਦਿੱਤੀ ਗਈ।’’ -ਪੀਟੀਆਈ

Advertisement
Author Image

sukhwinder singh

View all posts

Advertisement
Advertisement
×