ਕੌਮੀ ਇਨਸਾਫ਼ ਮੋਰਚੇ ਦੇ ਦੋ ਸਾਲ ਪੂਰੇ ਹੋਣ ’ਤੇ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਦਾ ਫ਼ੈਸਲਾ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 25 ਨਵੰਬਰ
ਬੰਦੀ ਸਿੰਘਾਂ ਦੀ ਰਿਹਾਈ, 328 ਸਰੂਪਾਂ ਦਾ ਮਾਮਲਾ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਆਦਿ ਮੁੱਦਿਆਂ ’ਤੇ ਕੌਮੀ ਇਨਸਾਫ਼ ਮੋਰਚਾ, ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਣੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਲੜੀਵਾਰ ਧਰਨਾ (ਪੱਕਾ ਮੋਰਚਾ) ਜਾਰੀ ਹੈ। ਬੀਤੀ 23 ਨਵੰਬਰ ਨੂੰ ਵੱਖ-ਵੱਖ ਨਿਹੰਗ ਸਿੰਘ, ਸਿੱਖ ਤੇ ਸਮਾਜਿਕ ਜਥੇਬੰਦੀਆਂ, ਕਿਸਾਨਾਂ, ਇਨਸਾਫ਼ਪਸੰਦਾਂ ਅਤੇ ਬੁੱਧੀਜੀਵੀਆਂ ਦੀ ਗੋਲਮੇਜ਼ ਕਾਨਫਰੰਸ ਦੌਰਾਨ ਵੱਖ-ਵੱਖ ਜਥੇਬੰਦੀਆਂ ਨੇ ਬੰਦੀ ਸਿੰਘਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਸਜ਼ਾਵਾਂ ਭੁਗਤ ਚੁੱਕੇ ਸਾਰੇ ਸਿੱਖ ਕੈਦੀਆਂ ਨੂੰ ਫੌਰੀ ਰਿਹਾਅ ਕਰਨ ਦੀ ਮੰਗ ਕੀਤੀ ਅਤੇ ਸਿੱਖਾਂ ਨੇ ਅਗਲੇ ਸੰਘਰਸ਼ ਦੀ ਰਣਨੀਤੀ ਉਲੀਕਣ ਲਈ ਸੁਝਾਅ ਮੰਗੇ ਗਏ ਸਨ।
ਇਸ ਮੌਕੇ ਕੌਮੀ ਇਨਸਾਫ਼ ਮੋਰਚੇ ਦੇ ਕਨਵੀਨਰ ਬਾਪੂ ਗੁਰਚਰਨ ਸਿੰਘ, ਗੁਰਦੀਪ ਸਿੰਘ ਬਠਿੰਡਾ, ਸੁਰਜੀਤ ਸਿੰਘ ਫੂਲ, ਡਾ. ਦਰਸ਼ਨਪਾਲ, ਬੀਕੇਯੂ (ਤੋਤੇਵਾਲ) ਦੇ ਸੂਬਾ ਪ੍ਰਧਾਨ ਸੁੱਖ ਗਿੱਲ ਨੇ ਕਿਹਾ ਕਿ 7 ਜਨਵਰੀ 2025 ਨੂੰ ਪੱਕੇ ਮੋਰਚੇ ਦੇ ਦੋ ਸਾਲ ਪੂਰੇ ਹੋਣ ਜਾ ਰਹੇ ਹਨ। ਇਸ ਦਿਨ ਵੱਡਾ ਇਕੱਠ ਕਰ ਕੇ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਵੱਲ ਕੂਚ ਕੀਤਾ ਜਾਵੇਗਾ। ਆਗੂਆਂ ਨੇ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਸਾਰੇ ਜ਼ਿਲ੍ਹਿਆਂ ਵਿੱਚ 30 ਨਵੰਬਰ ਤੋਂ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇ ਤਾਂ ਜੋ 7 ਜਨਵਰੀ ਨੂੰ ਵੱਡਾ ਐਕਸ਼ਨ ਕਰ ਕੇ ਸਰਕਾਰਾਂ ਨੂੰ ਸਿੱਖਾਂ ਦੀਆਂ ਮੰਗਾਂ ਮੰਗਣ ਲਈ ਮਜਬੂਰ ਕੀਤਾ ਜਾ ਸਕੇ।