ਮੰਗਾਂ ਨਾ ਮੰਨਣ ’ਤੇ ਨਿੱਜੀ ਬੱਸ ਅਪਰੇਟਰਾਂ ’ਚ ਰੋਸ ਵਧਿਆ
ਪੱਤਰ ਪ੍ਰੇਰਕ
ਜਲੰਧਰ, 21 ਅਕਤੂਬਰ
ਆਰਥਿਕ ਮੰਦਹਾਲੀ ਵਿਚੋਂ ਗੁਜ਼ਰ ਰਹੀ ਅਤੇ ਬੰਦ ਹੋਣ ਦੇ ਕਗਾਰ ’ਤੇ ਪਹੁੰਚੀ ਬੱਸ ਸਨਅਤ ਨੂੰ ਬਚਾਉਣ ਲਈ ਪੰਜਾਬ ਦੇ ਸਮੂਹ ਬੱਸ ਅਪਰੇਟਰਾਂ ਨੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇਕੱਠ ਕੀਤਾ। ਬੁਲਾਰਿਆਂ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਸਨਅਤ ਨੂੰ ਸਰਕਾਰ ਵੱਲੋਂ ਅਣਗੌਲਿਆ ਕੀਤਾ ਗਿਆ ਹੈ। ਡੀਜ਼ਲ, ਸਪੇਅਰ ਪਾਰਟਸ ਤੇ ਹੋਰ ਸਾਮਾਨ ਦੀਆਂ ਵਧੀਆਂ ਕੀਮਤਾਂ ਨੇ ਪਹਿਲਾਂ ਹੀ ਮੰਦਹਾਲੀ ਦੇ ਦੌਰ ਵਿਚ ਲੰਘ ਰਹੇ ਬੱਸ ਅਪਰੇਟਰਾਂ ਖਾਸ ਤੌਰ ’ਤੇ ਮਨਿੀ ਬੱਸ ਅਪਰੇਟਰਾਂ ਦਾ ਲੱਕ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਘੱਟ ਸਵਾਰੀਆਂ ਹੋਣ ਅਤੇ ਐਡਵਾਂਸ ਟੈਕਸ ਜਮ੍ਹਾਂ ਕਰਵਾਉਣ ਦੇ ਬਾਵਜੂਦ ਮੁੱਖ ਮੰਤਰੀ, ਖਜ਼ਾਨਾ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਉਹ ਘੱਟ ਸਵਾਰੀਆਂ ਦੇ ਹੋਣ ਦੇ ਬਾਵਜੂਦ 52 ਸਵਾਰੀਆਂ ਦਾ ਟੈਕਸ ਦਿੰਦੇ ਆ ਰਹੇ ਹਨ ਪਰ ਸਰਕਾਰ ਵਲੋਂ ਔਰਤਾਂ ਨੂੰ ਮੁਫਤ ਦਿੱਤੀ ਸਹੂਲਤ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਬਕਾਇਆ ਟੈਕਸ ਦੀਆਂ ਚਾਰ ਕਿਸ਼ਤਾਂ ਬਣਾਈਆਂ ਜਾਣ, ਭਾਰ ਢੋਣ ਅਤੇ ਸਕੂਲੀ ਵਾਹਨਾਂ ਵਲੋਂ ਵਿਆਹ ਸ਼ਾਦੀਆਂ ਤੇ ਹੋਰ ਸਮਾਗਮ ਵਿਚ ਸਵਾਰੀਆਂ ਲੈ ਕੇ ਜਾਣ ਨੂੰ ਰੋਕਿਆ ਜਾਵੇ, ਕਿਰਾਇਆ ਡੇਢ ਰੁਪਏ ਪ੍ਰਤੀ ਕਿੱਲੋਮੀਟਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਕੂਲੀ ਵਾਹਨ ਤੇ ਭਾਰ ਢੋਣ ਵਾਲੇ ਵਾਹਨ ਸਵਾਰੀਆਂ ਢੋਹਦੇ ਹਨ ਪਰ ਟੈਕਸ ਜਮ੍ਹਾਂ ਨਹੀਂ ਕਰਵਾਉਂਦੇ ਜਿਸ ਕਾਰਨ ਸਰਕਾਰ ਦੇ ਖਜ਼ਾਨੇ ਨੂੰ ਵੀ ਨੁਕਸਾਨ ਹੁੰਦਾ ਹੈ। ਉਨ੍ਹਾਂ ਸਰਕਾਰ ਨੂੰ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣ।