ਕਾਂਗਰਸ ਪ੍ਰਧਾਨ ਵਜੋਂ ਦੋ ਸਾਲ ਪੂਰੇ ਹੋਣ ’ਤੇ ਪਾਰਟੀ ਵੱਲੋਂ ਖੜਗੇ ਨੂੰ ਵਧਾਈਆਂ
ਨਵੀਂ ਦਿੱਲੀ, 26 ਅਕਤੂਬਰ
ਮਲਿਕਾਰਜੁਨ ਖੜਗੇ ਨੇ ਕਾਂਗਰਸ ਪ੍ਰਧਾਨ ਵਜੋਂ ਦੋ ਸਾਲ ਪੂਰੇ ਕਰ ਲਏ ਹਨ। ਰਾਹੁਲ ਗਾਂਧੀ, ਜੈਰਾਮ ਰਮੇਸ਼, ਕੁਮਾਰੀ ਸ਼ੈਲਜਾ ਸਣੇ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਹੈ। ਮਲਿਕਾਰਜੁਨ ਖੜਗੇ ਨੇ ਰਸਮੀ ਤੌਰ ’ਤੇ 26 ਅਕਤੂਬਰ 2022 ਨੂੰ ਪਾਰਟੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਸੀ। ਉਹ 24 ਸਾਲਾ ਵਿੱਚ ਇਸ ਅਹੁਦੇ ਲਈ ਚੁਣੇ ਜਾਣ ਵਾਲੇ ਪਹਿਲੇ ਗ਼ੈਰ-ਗਾਂਧੀ ਸਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ (82) ਨੇ ਅੱਜ ਆਪਣੀ ਰਿਹਾਇਸ਼ ’ਤੇ ਰਾਹੁਲ ਗਾਂਧੀ ਅਤੇ ਪਾਰਟੀ ਦੇ ਹੋਰ ਸੀਨੀਅਰ ਨੇਤਾਵਾਂ ਦੀ ਮੌਜੂਦਗੀ ਵਿੱਚ ਦੋ ਕੇਕ ਕੱਟੇ। ਆਪਣੀ ਪ੍ਰਧਾਨਗੀ ਦੇ ਦੋ ਸਾਲਾ ਦੌਰਾਨ ਖੜਗੇ ਨੇ 2024 ਦੀਆਂ ਆਮ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਕੀਤੀ, ਜਿਨ੍ਹਾਂ ਵਿੱਚ ਕਾਂਗਰਸ ਨੇ 2019 ਦੀਆਂ 52 ਸੀਟਾਂ ਦੇ ਮੁਕਾਬਲੇ ਸਥਿਤੀ ਸੁਧਾਰਦਿਆਂ 99 ਸੀਟਾਂ ’ਤੇ ਜਿੱਤ ਦਰਜ ਕੀਤੀ। ਕਾਂਗਰਸ ਨੇ 2022 ਵਿੱਚ ਹਿਮਾਚਲ ਪ੍ਰਦੇਸ਼, 2023 ਵਿੱਚ ਕਰਨਾਟਕ ਅਤੇ ਤਿਲੰਗਾਨਾ ਵਿੱਚ ਸਰਕਾਰਾਂ ਬਣਾਈਆਂ। ਰਾਹੁਲ ਗਾਂਧੀ ਨੇ ਐਕਸ ’ਤੇ ਪੋਸਟ ਵਿੱਚ ਕਿਹਾ, ‘‘ਕਾਂਗਰਸ ਪ੍ਰਧਾਨ ਵਜੋਂ ਦੋ ਸਾਲ ਪੂਰੇ ਕਰਨ ’ਤੇ ਮਲਿਕਾਰਜੁਨ ਖੜਗੇ ਜੀ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ।’’ -ਪੀਟੀਆਈ