For the best experience, open
https://m.punjabitribuneonline.com
on your mobile browser.
Advertisement

ਬਿਰਖਾਂ ਜਿਹੇ ਬਾਬੇ

07:38 AM Mar 09, 2024 IST
ਬਿਰਖਾਂ ਜਿਹੇ ਬਾਬੇ
Advertisement

ਦੀਪ ਦੇਵਿੰਦਰ ਸਿੰਘ

ਅੱਜ ਫਿਰ ਉਹ ਨਿਗ੍ਹਾ ਚੜ੍ਹਿਆ ਸੀ। ਸੜਕ ਦੇ ਪਾਰਲੇ ਕੰਢੇ ਖੜ੍ਹਾ ਕਿਸੇ ਰਿਕਸ਼ੇ ਟੈਂਪੂ ਦੀ ਉਡੀਕ ਕਰ ਰਿਹਾ ਲੱਗਦਾ ਸੀ। ਅਸੀਂ ਆਹਮੋ-ਸਾਹਮਣੇ ਤੇਜ਼ ਵਗਦੀ ਸੜਕ ਦੇ ਦੋਹਾਂ ਕਿਨਾਰਿਆਂ ’ਤੇ ਖੜ੍ਹੇ ਸਾਂ ਐਨ ਵਿਚਕਾਰ ਲੋਹੇ ਦੀ ਗੱਰਿਲ ਸੀ ਜਿਸ ਨੂੰ ਸਹਿਜੇ ਟੱਪਿਆ ਨਹੀਂ ਸੀ ਜਾ ਸਕਦਾ। ਨਵੇਂ ਬਣੇ ਹਾਈਵੇਅ ਨੇ ਸੜਕਾਂ ’ਤੇ ਗੋਲੀ ਵਾਂਗ ਭੱਜਦੀ ਮਨੁੱਖੀ ਜ਼ਿੰਦਗੀ ਨੂੰ ਭਾਂਪਦਿਆਂ ਸੱਜੇ-ਖੱਬੇ ਵਾਲਿਆਂ ਦਾ ਸਿੱਧਾ ਮੇਲ-ਜੋਲ ਖ਼ਤਮ ਕਰ ਦਿੱਤਾ ਸੀ। ਹੁਣ ਕਈ ਕਿਲੋਮੀਟਰ ਦੇ ਫ਼ਾਸਲੇ ਬਾਅਦ ਹੀ ਬੰਦਾ ਕੂਹਣੀ ਮੋੜ ਮੁੜ ਸਕਦਾ ਸੀ।
ਮੈਂ ਖੜ੍ਹਾ ਖੜੋਤਾ ਉਹਨੂੰ ਗਹੁ ਨਾਲ ਝਾਕਦਿਆਂ ਸਿਆਨਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਉਹਦੇ ਅੱਗੇ ਇੱਕ ਦੋ ਆਟੋ ਵਾਲਿਆਂ ਬਰੇਕ ਵੀ ਮਾਰੀ, ਥੋੜ੍ਹੀ ਜਿਹੀ ਧੌਣ ਬਾਹਰ ਕੱਢ ਕੇ ਉਹਨੂੰ ਜਾਣ ਲਈ ਵੀ ਪੁੱਛਦੇ, ਉਹ ਅੱਗਿਉਂ ਨਾਂਹ ਵਿੱਚ ਸਿਰ ਹਿਲਾ ਦਿੰਦਾ।
ਮੈਂ ਕਾਹਲੀ ਨਾਲ ਉਪਰੋਂ ਦੀ ਘੁੰਮ ਕੇ ਉਹਦੇ ਸਾਹਮਣੇ ਜਾ ਖੜ੍ਹਾ ਹੋਇਆ। ਉਸ ਥੋੜ੍ਹੀ ਕੁ ਧੌਣ ਉਪਰ ਚੁੱਕੀ ਤੇ ਨਿਗ੍ਹਾ ਭਰ ਕੇ ਮੇਰੇ ਵੱਲ ਝਾਕਿਆ। ਚਿਹਰਾ ਬੁਝਿਆ ਜਿਹਾ ਲੱਗ ਰਿਹਾ ਸੀ। ਸਿਰ ਉਤਲੀ ਪੱਗ ਦੇ ਲੜ ਵੀ ਐਵੇਂ ਬੇਤਰਤੀਬੇ ਜਿਹੇ ਸਨ ਜਿਵੇਂ ਕਾਹਲੀ ਕਾਹਲੀ ਬਗ਼ੈਰ ਸ਼ੀਸ਼ੇ ਵਿੱਚ ਝਾਤੀ ਮਾਰੀਆਂ ਹੀ ਸਿਰ ’ਤੇ ਵਲੇਟ ਲਈ ਹੋਵੇ। ਅੱਖਾਂ ਵਿੱਚ ਵਿਚਾਰਗੀ ਤੇ ਲਾਚਾਰਗੀ ਸਾਫ਼ ਦਿਖਾਈ ਦਿੰਦੀ ਸੀ।
ਮੇਰੀਆਂ ਸੋਚਾਂ ਵਿੱਚ ਸੱਤ-ਅੱਠ ਮਹੀਨੇ ਪਹਿਲਾਂ ਵਾਲਾ ਬਾਪੂ ਖ਼ਜ਼ਾਨ ਸਿਹੁੰ ਪ੍ਰਗਟ ਹੁੰਦਾ ਹੈ। ਮੈਂ ਉਸ ਦਿਨ ਆਪਣੇ ਕਾਰੋਬਾਰ ਦੇ ਬਾਹਰ ਬੈਠਾ ਕੁਝ ਪੜ੍ਹ ਰਿਹਾ ਸਾਂ ਜਦੋਂ ਇਹ ਬਾਪੂ ਸਾਹ ਲੈਣ ਲਈ ਮੇਰੇ ਕੋਲ ਆਣ ਖਲੋਤਾ ਸੀ। ਗੱਲਾਂ ਗੱਲਾਂ ’ਚ ਉਸ ਦੱਸਿਆ ਕਿ ਉਹਦੇ ਦੋ ਪੁੱਤਰ ਨੇ, ਇੱਕ ਪਿੰਡ ਰਹਿੰਦਾ ਤੇ ਦੂਜਾ ਸ਼ਹਿਰ। ਸ਼ਹਿਰਨ ਨੂੰਹ ਬੁਟੀਕ ਚਲਾਉਂਦੀ ਐ ਤੇ ਮੁੰਡਾ ਕਿਸੇ ਕਾਲਜ ਦੀ ਕਨਟੀਨ। ਪਿੰਡ ਵਾਲਾ ਹਮਾਤੜ ਐ ਤੇ ਇਥੋਂ ਵਾਲਾ ਸੌਖੀ ਰੋਟੀ ਖਾਂਦੈ।
ਬਾਪੂ ਖ਼ਜ਼ਾਨ ਸਿਹੁੰ ਕੋਲ ਜ਼ਿੰਦਗੀ ਦੀਆਂ ਬੇਸ਼ੁਮਾਰ ਕਹਾਣੀਆਂ ਸਨ ਜਿਹੜੀਆਂ ਉਸ ਸਾਂਝੀਆਂ ਕੀਤੀਆਂ। ਮੈਂ ਉਹਨੂੰ ਪਾਣੀ-ਧਾਣੀ ਪੁੱਛਿਆ ਤੇ ਤੁਰਦੇ ਨੂੰ ਝਕਦਿਆਂ ਝਕਦਿਆਂ ਕੁਝ ਪੈਸੇ ਵੀ ਦੇਣੇ ਚਾਹੇ। ਉਹਨੇ ਤਲਖੀ ਜਿਹੀ ’ਚ ਉੱਠਦਿਆਂ ਆਪਣੇ ਗਲ਼ ਪਾਏ ਕਮੀਜ਼ ਦੀ ਵੱਖੀ ਵਾਲੀ ਜੇਬ੍ਹ ਅੰਦਰੋਂ ਕੁਝ ਰੁਪਈਏ ਦਿਖਾਉਂਦਿਆਂ ਕਿਹਾ, “ਤੂੰ ਮੈਨੂੰ ਮਾੜਾ-ਧਾੜਾ ਸਮਝਦੈਂ... ਕਮਾਊ ਪੁੱਤਰ ਐ ਮੇਰੇ”, ਤੇ ਨਾਲ ਹੀ ਮੂੰਹ ਫੇਰ ਲਿਆ। ਮੈਂ ਕੱਚਾ ਜਿਹਾ ਹੋ ਗਿਆ ਸਾਂ ਤੇ ਉਹ ਬਿਨਾਂ ਕੁਝ ਹੋਰ ਬੋਲੇ ਖਿਸਕ ਗਿਆ ਸੀ।
ਅੱਜ ਫਿਰ ਉਹ ਮੇਰੇ ਸਾਹਮਣੇ ਸੀ। ਮੇਰੇ ਵੱਲ ਖ਼ਾਲੀ ਖ਼ਾਲੀ ਜਿਹੀ ਨਜ਼ਰੇ ਝਾਕਦਾ। ਮੈਂ ਉਸ ਕੋਲੋਂ ਕੁਝ ਸੁਣਨਾ ਚਾਹੁੰਦਾ ਸਾਂ। ਉਹਦੇ ਬਾਰੇ, ਉਹਦੇ ਜੀਆ-ਜੰਤ ਬਾਰੇ। ਉਹ ਵੀ ਕੁਝ ਕਹਿਣਾ ਚਾਹੁੰਦਾ ਸੀ। ਉਹਦੇ ਬੁੱਲ੍ਹ ਵੀ ਫਰਕਦੇ ਸਨ ਕਦੇ ਕਦੇ। ਫਿਰ ਵੀ ਉਹਦੇ ਕੋਲੋਂ ਪਹਿਲਾਂ ਵਰਗੀ ਲੈਅ ਨਹੀਂ ਸੀ ਬੱਝ ਰਹੀ।
“ਬਾਪੂ ਜੀ ਅੱਜ ਸਵੇਰੇ ਸਵੇਰੇ?” ਮੈਂ ਗੱਲ ਛੇੜੀ।
“ਮੁੰਡਾ ਢਿੱਲਾ-ਮੱਠਾ ਸੀ ਇੱਥੋਂ ਵਾਲਾ। ਮਾਂ ਉਹਦੀ ਖਹਿੜੇ ਪਈ ਸੀ ਕਈ ਦਿਨਾਂ ਦੀ ਕਿ ਪਤਾ ਲੈ ਕੇ ਆ। ਆਪ ਉਹਤੋਂ ਤੁਰਿਆ ਫਿਰਿਆ ਨਹੀਂ ਜਾਂਦਾ। ਸਰੀਰ ਭਾਰਾ, ਗੱਡੀਆਂ-ਮੋਟਰਾਂ ’ਤੇ ਚੜ੍ਹ ਨਹੀਂ ਹੁੰਦਾ ਉਹਤੋਂ।” ਉਸ ਲੜੀ ਤਾਂ ਸ਼ੁਰੂ ਕੀਤੀ ਪਰ ਆਵਾਜ਼ ਧੀਮੀ ਤੇ ਨਿਰਾਸ਼ਤਾ ਵਾਲੀ ਸੀ।
“ਫਿਰ ਮਿਲਿਆ ਮੁੰਡਾ?” ਮੈਂ ਪੁੱਛਿਆ।
“ਲਹੂ ਸਫ਼ੈਦ ਹੋ ਗਏ ਐ ਅੱਜ ਕੱਲ੍ਹ।” ਕਹਿੰਦਿਆਂ ਉਸ ਗੱਲਾਂ ਦੀ ਸਿ਼ਸਤ ਬੰਨ੍ਹ ਲਈ। ਮੈਂ ਵੀ ਉਹਨੂੰ ਅਟਕਾਉਣਾ ਨਹੀਂ ਸੀ ਚਾਹੁੰਦਾ। ਇਸੇ ਲਈ ਹੁੰਗਾਰਾ ਵੀ ਬਹੁਤ ਮੱਠਾ ਜਿਹਾ ਹੀ ਭਰ ਰਿਹਾ ਸਾਂ। ਖੰਗੂਰਾ ਮਾਰਦਿਆਂ ਕਹਿੰਦਾ, “ਏਥੋਂ ਵਾਲਾ ਮੁੰਡਾ ਗੁੱਸੇ ਐ ਛੋਟੇ ਭਰਾ ਨਾਲ। ਕਹਿੰਦਾ ਸੀ, ਮੈਂ ਪਿੰਡ ਵਾਲਾ ਥਾਂ ਵੇਚਣਾ ਆਪਣੇ ਹਿੱਸੇ ਦਾ ਅੱਧਾ। ਪਿੰਡ ਵਾਲੇ ਨੇ ਕਬੀਲਦਾਰੀ ਦੱਸਦਿਆਂ ਨਾਂਹ-ਨੁੱਕਰ ਕੀਤੀ। ਆਪਾਂ ਬੁੱਢਾ-ਬੁੱਢੀ ਜਿਹਦੇ ਬੂਹੇ ਬੈਠੇਂ, ਉਹਦੀ ਖ਼ੈਰ ਮੰਗਦਿਆਂ ਸਮਝਾਇਆ- ਨਾ ਵੇਚ, ਭੁੱਖੇ ਧਿਆਏ ਰਹਿ ਕੇ ਥਾਂ ਬਣਾਇਆ, ਬਣਿਆ ਰਹਿਣ ਦੇ। ਤੇਰਾ ਵੀ ਆਉਣ ਜਾਣ ਬਣਿਆ ਰਹੂ। ਇਸੇ ਗੱਲੋਂ ਵੱਟ ਖਾ ਗਿਆ।”
ਖ਼ਜ਼ਾਨ ਸਿਹੁੰ ਦੇ ਗੱਲ ਕਰਦਿਆਂ ਕਈ ਰੰਗ ਬਦਲ ਰਹੇ ਸਨ, ਕਹਿੰਦਾ, “ਜਦ ਪਤਾ ਲੱਗਿਆ ਮੁੰਡਾ ਢਿੱਲਾ-ਮੱਠਾ ਰਿਹਾ, ਕਿੱਥੇ ਰਹਿ ਹੁੰਦਾ, ਆਂਦਰਾਂ ਜੂ ਹੋਈਆਂ। ਮਾਂ ਇਹਦੀ ਨੇ ਸਾਰੀ ਰਾਤ ਜ਼ੁਬਾਨ ਮੂੰਹ ’ਚ ਨਹੀਂ ਪਾਈ, ਸੁੱਚੇ ਮੂੰਹ ਹੀ ਤੋਰ’ਤਾ ਕਿ ਜਾ ਕੇ ਪਤਾ ਲੈ ਕੇ ਆ।” ਉਹ ਅਗਲੀ ਗੱਲ ਕਹਿਣ ਲਈ ਰੁਕ ਗਿਆ, ਸ਼ਾਇਦ ਆਪਣੀ ਅੰਦਰਲੀ ਸੱਤਿਆ ਇਕੱਠੀ ਕਰਨ ਲਈ। ਘਗਿਆਈ ਆਵਾਜ਼ ਵਿੱਚ ਕਹਿੰਦਾ, “ਮੈਂ ਉਹਦੇ ਘਰ ਅੰਦਰਲੇ ਦਰਵਾਜ਼ੇ ਨੂੰ ਕਈ ਵਾਰੀ ਖੜਕਾਇਆ। ਜਾਲੀ ਵਾਲੇ ਬੰਦ ਬੂਹੇ ਅੱਗੇ ਆਇਆ ਵੀ। ਨਿਰਮੋਹਿਆਂ ਵਾਂਗ ਵਿੰਹਦਾ ਰਿਹਾ ਚੁੱਪ-ਚਾਪ। ਹਾਰ ਕੇ ਮੈਂ ਹੀ ਪੁੱਛਿਆ- ‘ਕਰਨੈਲ ਸਿਹਾਂ ਕੀ ਹਾਲ ਤੇਰਾ ਹੁਣ’।... ਅੱਗਿਉਂ ਕਹਿੰਦਾ- ‘ਪਿੰਡ ਵਾਲੇ ਦੀ ਚਿੰਤਾ ਕਰਿਆ ਕਰ। ਮੌਤ ਨਹੀਂ ਪਈ ਸਾਨੂੰ’। ਕਹਿ ਕੇ ਦਰਵਾਜ਼ਿਓਂ ਓਹਲੇ ਹੋ ਗਿਆ। ਮੁੜ ਕੋਈ ਜੀਅ ਬਾਹਰ ਨਹੀਂ ਆਇਆ।” ਕਹਿੰਦਿਆਂ ਬਾਪੂ ਦਾ ਗੱਚ ਭਰ ਆਇਆ।
ਮੈਂ ਝੰਜੋੜਿਆ ਗਿਆ। ਚਿੱਤ ਕਰੇ ਮੈਂ ਉਹਨੂੰ ਕਲਾਵੇ ’ਚ ਲੈ ਕੇ ਦਿਲਾਸਾ ਦੇਵਾਂ। ਇਸੇ ਲਈ ਉਹਦੇ ਮੋਢੇ ’ਤੇ ਹੱਥ ਧਰਦਿਆਂ ਕਿਹਾ, “ਬਾਬਾ ਜੇ ਕਹੇਂ ਤਾਂ ਬਾਈਪਾਸ ਤੀਕ ਛੱਡ ਆਵਾਂ।” ਥੋੜ੍ਹਾ ਚਿਰ ਉਹ ਮੇਰੇ ਮੂੰਹ ਵੱਲ ਵਿੰਹਦਾ ਰਿਹਾ, ਫਿਰ ਪਤਾ ਨਹੀਂ ਕੀ ਸੋਚ ਕੇ ਕਹਿਣ ਲੱਗਿਆ- “ਦਿਲ ਤਾਂ ਨਹੀਂ ਮੰਨਦਾ ਸ਼ੇਰਾ ਪਰ ਤੂੰ ਐਂ ਕਰ, ਮੈਨੂੰ ਕਿਤੇ ਛੱਡ ਕੇ ਆਉਣ ਨਾਲੋਂ ਅੱਜ ਵੀਹ ਰੁਪਏ ਦੇ। ਪਿੰਡ ਜਾਣ ਲਈ ਪੰਜਾਹ ਲੱਗਣੇ ਐ, ਤੀਹ ਬਚੇ ਐ ਮੇਰੇ ਕੋਲ।” ਮੈਂ ਕਾਹਲੀ ਨਾਲ ਸੌ ਦਾ ਨੋਟ ਕੱਢ ਕੇ ਉਹਦੇ ਵੱਲ ਵਧਾਇਆ। ਉਹਨੇ ਅੱਗਿਉਂ ਦੋਵੇਂ ਹੱਥ ਪਿਛਾਂਹ ਕਰਦਿਆਂ ਵੀਹ ਰੁਪਏ ਵਾਲੀ ਲੋੜ ਦੁਹਰਾਈ, “ਪਾੜ੍ਹਿਆ ਕੀ ਕਰਨੇ ਆਂ ਮੈਂ ਵਾਧੂ ਪੈਸੇ, ਪਿੰਡ ਪਹੁੰਚਣ ਲਈ ਵੀਹਾਂ ਦੀ ਲੋੜ ਆ ਬੱਸ।”
ਮੇਰਾ ਵਧਿਆ ਹੱਥ ਉੱਥੇ ਹੀ ਅਟਕ ਗਿਆ। ਮੈਂ ਉਹਦੇ ਚਿਹਰੇ ਵੱਲ ਨੀਝ ਨਾਲ ਝਾਕ ਰਿਹਾ ਸਾਂ। ਉਹਦੇ ਚਿਹਰੇ ’ਤੇ ਬੇਸ਼ੱਕ ਔਲਾਦ ਦੀ ਬੇਰੁਖ਼ੀ ਦਾ ਸੰਘਣਾ ਪ੍ਰਛਾਵਾਂ ਝਲਕ ਰਿਹਾ ਸੀ ਪਰ ਉਹਦੀਆਂ ਮਹੀਨ ਅੱਖਾਂ ਦੀ ਲਿਸ਼ਕ ਅੰਦਰ ਦਰਵੇਸ਼ਾਂ ਵਰਗੀ ਸਹਿਜਤਾ ਕਿਤੇ ਧੁਰ ਅੰਦਰ ਠੰਢਕ ਦਾ ਅਹਿਸਾਸ ਕਰਵਾ ਰਹੀ ਸੀ।

Advertisement

ਸੰਪਰਕ: 98721-65707

Advertisement
Author Image

sukhwinder singh

View all posts

Advertisement
Advertisement
×