For the best experience, open
https://m.punjabitribuneonline.com
on your mobile browser.
Advertisement

ਫ਼ਲਾਂ ਦੇ ਬਾਗ਼ਾਂ ਦੀ ਧਰਤੀ ਓਕਨਾਗਨ ਘਾਟੀ

10:47 AM May 29, 2024 IST
ਫ਼ਲਾਂ ਦੇ ਬਾਗ਼ਾਂ ਦੀ ਧਰਤੀ ਓਕਨਾਗਨ ਘਾਟੀ
Advertisement

ਗੁਰਪ੍ਰੀਤ ਸਿੰਘ ਤਲਵੰਡੀ

Advertisement

ਕੈਨੇਡਾ ਦੇ ਸਭ ਤੋਂ ਖ਼ੂਬਸੂਰਤ ਰਾਜ ਬ੍ਰਿਟਿਸ਼ ਕੋਲੰਬੀਆ ਦੀ ਓਕਨਾਗਨ ਵੈਲੀ (ਘਾਟੀ) ਦੇਖਣਯੋਗ ਹੈ। ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਤੋਂ ਕੈਨੇਡਾ ਆਉਣ ਵਾਲੇ ਲੋਕਾਂ ਨੂੰ ਓਕਨਾਗਨ ਘਾਟੀ ਆਪਣੇ ਵੱਲ ਖਿੱਚਦੀ ਹੋਈ ਪ੍ਰਤੀਤ ਹੁੰਦੀ ਹੈ ਕਿਉਂਕਿ ਇਸ ਖੇਤਰ ਦੀ ਸੁੰਦਰਤਾ ਅਤੇ ਕੁਦਰਤੀ ਸੁਹੱਪਣ ਦਾ ਆਨੰਦ ਲੈਣ ਦੀ ਹਰ ਇੱਕ ਵਿੱਚ ਚਾਹਨਾਂ ਹੁੰਦੀ ਹੈ। ਓਕਨਾਗਨ ਘਾਟੀ ਦੇ ਖੇਤਰ ਵਿੱਚ ਕੈਲੋਨਾ, ਪੱਛਮੀ ਕੈਲੋਨਾ, ਓਲੀਵਰ, ਸੋਹੀਅਸ, ਪੈਨਟਿਕਟਨ ਅਤੇ ਵਰਨਨ ਆਦਿ ਸ਼ਹਿਰ ਆਉਂਦੇ ਹਨ। ਇਸ ਘਾਟੀ ਨੂੰ ਇੱਥੋਂ ਦੀਆਂ ਵਿਸ਼ਵ ਪ੍ਰਸਿੱਧ ਵਾਇਨਰੀਜ਼ (ਸ਼ਰਾਬ ਬਣਾਉਣ ਵਾਲੇ ਕਾਰੋਬਾਰ) ਅਤੇ ਫ਼ਲਾਂ ਦੀ ਪੈਦਾਵਰ ਕਰਕੇ ਜਾਣਿਆ ਜਾਂਦਾ ਹੈ। ਓਕਨਾਗਨ ਵੈਲੀ ਦੇ ਸਾਰੇ ਹੀ ਸ਼ਹਿਰ ਓਕਨਾਗਨ ਝੀਲ ਦੇ ਕੰਢੇ ਵਸੇ ਹੋਏ ਹਨ। ਇਹੀ ਝੀਲ ਅਤੇ ਦੂਸਰੇ ਪਾਸੇ ਪਹਾੜ ਇਸ ਖੇਤਰ ਨੂੰ ਵੱਡੀ ਖ਼ੂਬਸੂਰਤੀ ਪ੍ਰਦਾਨ ਕਰਦੇ ਹਨ। ਇਹੀ ਕਾਰਨ ਹੈ ਕਿ ਵਿਸ਼ਵ ਭਰ ਦੇ ਵੱਡੀ ਗਿਣਤੀ ਸੈਲਾਨੀ ਗਰਮੀਆਂ ਵਿੱਚ ਇਸ ਖੇਤਰ ਵੱਲ ਨੂੰ ਵਹੀਰਾਂ ਘੱਤ ਦਿੰਦੇ ਹਨ।
ਸਾਲ 2016 ਦੀ ਜਨਗਣਨਾ ਮੁਤਾਬਿਕ ਓਕਨਾਗਨ ਵੈਲੀ ਦੀ ਕੁਲ ਜਨਸੰਖਿਆ 3 ਲੱਖ 62258 ਸੀ। ਓਕਨਾਗਨ ਵੈਲੀ ਦੇ ਸ਼ਹਿਰਾਂ ਤੱਕ ਪਹੁੰਚਣ ਲਈ ਹਾਈਵੇ 97 ਜਾਂ ਹਾਈਵੇ 3 ਰਾਹੀਂ ਜਾਇਆ ਜਾ ਸਕਦਾ ਹੈ। ਹਾਈਵੇ 97 ਕੋਕਾਹਿੱਲ ਹਾਈਵੇ ਵਜੋਂ ਵੀ ਜਾਣਿਆ ਜਾਂਦਾ ਹੈ ਜੋ ਕੈਨੇਡਾ ਦੇ ਅਤਿ ਉੱਚੇ ਪਹਾੜ ਕੋਕਾਹਿੱਲ ਉੱਪਰੋਂ ਗੁਜ਼ਰਦਾ ਹੈ। ਇਸ ਕੋਕਾਹਿੱਲ ਪਹਾੜ ਦੀ ਉਚਾਈ ਬਾਰੇ ਕੈਨੇਡਾ ਦੇ ਟਰੱਕ ਡਰਾਈਵਰਾਂ ਜਾਂ ਪੰਜਾਬੀ ਗੀਤਾਂ ਵਿੱਚ ਵੀ ਜ਼ਿਕਰ ਅਕਸਰ ਕੀਤਾ ਜਾਂਦਾ ਹੈ। ਇਸ ਦੀ ਸਿੱਧੀ ਚੜ੍ਹਾਈ ਦਾ ਵੱਖਰਾ ਹੀ ਢੰਗ ਹੈ। ਚੰਗੀਆਂ ਮਜ਼ਬੂਤ ਗੱਡੀਆਂ ਵੀ ਕੋਕਾਹਿੱਲ ਦੀ ਚੜ੍ਹਾਈ ਚੜ੍ਹਦੀਆਂ ਦਮੋਂ ਉੱਖੜ ਜਾਂਦੀਆਂ ਹਨ।
ਓਕਨਾਗਨ ਘਾਟੀ ਦੇ ਸਮੁੱਚੇ ਵਾਤਾਵਰਨ ਵਿੱਚ ਹੁਣ ਥੋੜ੍ਹਾ ਬਦਲਾਅ ਆ ਰਿਹਾ ਹੈ। ਘਾਟੀ ਦੇ ਇੱਕ ਛੋਟੇ ਜਿਹੇ ਸ਼ਹਿਰ ਸਮਰਲੈਂਡ ਵਿੱਚ ਸਥਿਤ ਪੈਸੀਫਿਕ ਐਗਰੀਫੂਡ ਖੋਜ ਸੰਸਥਾ ਅਨੁਸਾਰ ਹੁਣ ਇਸ ਘਾਟੀ ਦਾ ਤਾਪਮਾਨ ਪਹਿਲਾਂ ਨਾਲੋਂ ਥੋੜ੍ਹਾ ਗਰਮ ਹੋ ਰਿਹਾ ਹੈ। ਪਹਿਲਾਂ ਪਹਿਲ ਇਸ ਘਾਟੀ ਵਿੱਚ ਕਰੀਬ 12 ਹਜ਼ਾਰ ਲੋਕ ਰਹਿਣ ਲਈ ਆਏ ਸਨ ਜੋ ਮੱਛੀਆਂ ਫੜਨ, ਸ਼ਿਕਾਰ ਕਰਨ ਜਾਂ ਆਪਣੇ ਭੋਜਨ ਦੀ ਤਲਾਸ਼ ਵਿੱਚ ਇੱਥੇ ਆਏ ਸਨ। ਇਨ੍ਹਾਂ ਨੂੰ ਰੈੱਡ ਇੰਡੀਅਨ ਵੀ ਕਿਹਾ ਜਾਂਦਾ ਹੈ, ਜਿਨ੍ਹਾਂ ਦਾ ਚਿਹਰਾ ਮੋਹਰਾ ਤੇ ਰੰਗ ਰੂਪ ਭਾਰਤੀ ਲੋਕਾਂ ਨਾਲ ਮਿਲਦਾ ਜੁਲਦਾ ਹੈ। ਇਹ ਹੀ ਇਸ ਮੁਲਕ ਦੇ ਮੂਲ ਵਾਸੀ ਸਨ। ਇਹ ਹਾਲੇ ਵੀ ਕੈਨੇਡਾ ਦੇ ਪੇਂਡੂ ਇਲਾਕਿਆਂ ਵਿੱਚ ਰਹਿੰਦੇ ਹਨ।
ਸਾਲ 1811 ਵਿੱਚ ਪਹਿਲੀ ਵਾਰ ਓਕਨਾਗਨ ਵੈਲੀ ਵਿੱਚ ਕਈ ਗ਼ੈਰ ਮੂਲ ਨਿਵਾਸੀ ਪੁੱਜੇ ਅਤੇ ਉਨ੍ਹਾਂ ਫਰ ਟਰੇਡਿੰਗ ਦਾ ਕੰਮ ਸ਼ੁਰੂ ਕਰ ਦਿੱਤਾ। 15 ਕੁ ਸਾਲਾਂ ਤੱਕ ਫਰ ਟਰੇਡਿੰਗ ਕੰਪਨੀ ਦਾ ਕਾਫ਼ੀ ਵਿਸਥਾਰ ਹੋਇਆ। 1849 ਵਿੱਚ ਬਰਤਾਨੀਆ ਅਧੀਨ ਉੱਤਰੀ ਅਮਰੀਕਾ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਹੱਦਬੰਦੀ ਸਬੰਧੀ ਓਰੇਗੌਨ ਸੰਧੀ ਹੋਈ। ਇਸ ਤੋਂ ਬਾਅਦ ਓਕਨਾਗਨ ਵੈਲੀ ਸੋਈਅਸ ਨਦੀ ਤੱਕ ਦੋ ਭਾਗਾਂ ਵਿੱਚ ਵੰਡੀ ਗਈ। ਫਿਰ ਕਸਬਾ ਹੋਪ ਤੋਂ ਲੈ ਕੇ ਰੌਕ ਕਰੀਕ, ਵਿਲਡ ਹੌਰਸ ਕਰੀਕ ਸੋਈਅਸ ਲੇਕ ਅਤੇ ਅਮਰੀਕਾ ਦੀ ਸਰਹੱਦ ਤੱਕ ਸੋਨੇ ਅਤੇ ਤਾਂਬੇ ਦੇ ਭੰਡਾਰ ਖੋਜੇ ਗਏ। ਦੱਖਣੀ ਓਕਨਾਗਨ ਖੇਤਰ ਵਿੱਚ ਸੋਨੇ ਦੀਆਂ ਖਾਣਾਂ ਸਬੰਧੀ ਪਲਾਂਟ ਓਲੀਵਰ ਦੇ ਕੋਲ ਲਗਾਇਆ ਗਿਆ। ਸੋਨੇ ਦੀਆਂ ਖਾਣਾਂ ਵਿੱਚ ਕੰਮ ਕਰਦੇ ਵਿਅਕਤੀਆਂ ਦੀਆਂ ਜ਼ਰੂਰੀ ਲੋੜਾਂ ਪੂਰੀਆਂ ਕਰਨ ਲਈ 19ਵੀਂ ਸਦੀ ਵਿੱਚ ਹੋਰ ਵਧੇਰੇ ਕਿਸਾਨਾਂ ਨੂੰ ਉਕਤ ਖੇਤਰ ਵਿੱਚ ਫ਼ਲ ਅਤੇ ਸਬਜ਼ੀਆਂ ਦੀ ਖੇਤੀ ਕਰਨ ਲਈ ਉਤਸ਼ਾਹਿਤ ਕੀਤਾ ਗਿਆ।
ਫ਼ਲਾਂ ਦੀ ਖੇਤੀ ਅੱਜ ਓਕਨਾਗਨ ਵੈਲੀ ਦੀ ਇੱਕ ਵੱਡੀ ਪਛਾਣ ਬਣ ਚੁੱਕੀ ਹੈ। ਸੇਬਾਂ ਦੀ ਖੇਤੀ ਸਭ ਤੋਂ ਪਹਿਲਾਂ ਉਕਤ ਖੇਤਰ ਵਿੱਚ ਸੰਨ 1892 ਦੇ ਆਸ ਪਾਸ ਸ਼ੁਰੂ ਹੋਈ ਦੱਸੀ ਜਾਂਦੀ ਹੈ। ਸੋਈਅਸ, ਓਲੀਵਰ ਤੇ ਕੇਰੇਮੀਓਸ ਆੜੂ ਅਤੇ ਅੰਗੂਰਾਂ ਦੀ ਖੇਤੀ ਲਈ ਪ੍ਰਸਿੱਧ ਹਨ। ਇੱਥੇ ਪੰਜਾਬੀਆਂ ਦੇ ਵੀ ਫ਼ਲਾਂ ਦੇ ਬਾਗ਼ ਹਨ। ਕੈਨੇਡਾ ਵਿੱਚ ਟਰੱਕਿੰਗ ਦੇ ਕਾਰੋਬਾਰ ਵਿੱਚ ਵੱਡਾ ਦਬਦਬਾ ਬਣਾਉਣ ਤੋਂ ਬਾਅਦ ਖੇਤੀਬਾੜੀ ਦੇ ਖੇਤਰ ਵਿੱਚ ਪੰਜਾਬੀ ਲਗਾਤਾਰ ਛਾਏ ਹੋਏ ਹਨ। ਸਰੀ, ਵੈਨਕੂਵਰ, ਲੈਂਗਲੀ ਅਤੇ ਐਬਟਸਫੋਰਡ ਇਲਾਕਿਆਂ ਵਿੱਚ ਬਲੂਬੈਰੀ, ਰਸਬੈਰੀ ਤੇ ਸਟਰਾਬੈਰੀ ਦੀ ਖੇਤੀ ਤੋਂ ਇਲਾਵਾ ਰਿਚਮੰਡ, ਡੈਲਟਾ ਅਤੇ ਚਿੱਲੀਵੈਕ ਸਮੇਤ ਹੋਰਨਾਂ ਕਈ ਇਲਾਕਿਆਂ ਵਿੱਚ ਸਬਜ਼ੀਆਂ, ਆਲੂ ਜਾਂ ਮੱਕੀ ਦੀ ਭਰਪੂਰ ਪੈਦਾਵਾਰ ਵੀ ਪੰਜਾਬੀਆਂ ਦੀ ਸਖ਼ਤ ਮਿਹਨਤ ਦਾ ਹੀ ਨਤੀਜਾ ਹੈ। ਇਸ ਤੋਂ ਇਲਾਵਾ ਕੋਕਾਹਿੱਲ ਪਹਾੜੀ ਲੜੀ ਪਾਰ ਕਰਕੇ ਕੇਰੇਮੀਓਸ, ਸੋਈਅਸ, ਓਲੀਵਰ, ਕੈਲੋਨਾ, ਵਰਨਨ, ਕੈਮਲੂਪਸ ਵਿੱਚ ਆੜੂ, ਅੰਗੂਰ ਜਾਂ ਸੇਬਾਂ ਦੇ ਵਿਸ਼ਾਲ ਬਾਗ਼ ਵੀ ਲਗਭਗ ਪੰਜਾਬੀਆਂ ਦੇ ਹਨ।
ਇਨ੍ਹਾਂ ਕਈ-ਕਈ ਸੈਂਕੜੇ ਏਕੜਾਂ ਦੇ ਫਾਰਮਾਂ ਅੱਗੇ ਪੰਜਾਬੀਆਂ ਦੇ ਗੋਤ ਜਾਂ ਨਾਮ ਦਰਸਾਉਂਦੇ ਬੋਰਡ ਇਨ੍ਹਾਂ ਖਿੱਤਿਆਂ ਵਿੱਚ ਪੰਜਾਬੀਆਂ ਦੀ ਚੜ੍ਹਤ ਨੂੰ ਦਰਸਾਉਂਦੇ ਹਨ। ਸੰਘਣੀ ਆਬਾਦੀ ਵਾਲੇ ਸ਼ਹਿਰਾਂ ਦੀ ਚਕਾਚੌਂਧ ਤੋਂ ਹਟ ਕੇ ਜਦ ਗਰਮੀਆਂ ਵਿੱਚ ਪੰਜਾਬੀ ਪਰਿਵਾਰ ਆਪਣੇ ਬੱਚਿਆਂ ਸਮੇਤ ਦੂਰ ਦੁਰਾਡੇ ਇਨ੍ਹਾਂ ਪੇਂਡੂ ਖੇਤਰਾਂ ਵਿੱਚ ਘੁੰਮਣ ਲਈ ਜਾਂਦੇ ਹਨ ਤਾਂ ਪੰਜਾਬੀਆਂ ਦੇ ਨਾਵਾਂ ਵਾਲੇ ਬੋਰਡ ਦੇਖ ਕੇ ਹਰ ਇੱਕ ਦਾ ਸੀਨਾ ਫਖ਼ਰ ਨਾਲ ਚੌੜਾ ਹੋ ਜਾਂਦਾ ਹੈ ਅਤੇ ਹਰ ਕੋਈ ਆਪਣੇ ਪੰਜਾਬੀ ਭਾਈਚਾਰੇ ਦੀ ਮਿਹਨਤ ਅਤੇ ਮਾਰੀਆਂ ਮੱਲਾਂ ’ਤੇ ਮਾਣ ਕਰਦਾ ਹੈ। ਇੱਥੇ ਇਹ ਗੱਲ ਵੀ ਕਾਬਲੇ ਗੌਰ ਹੈ ਕਿ ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲੇ ਪੰਜਾਬੀ ਪਰਿਵਾਰ ਆਪਣੇ ਆਸ ਪਾਸ ਦੇ ਲੋਕਾਂ ਨਾਲ ਬਹੁਤ ਘੱਟ ਸਹਿਚਾਰ ਰੱਖਦੇ ਹਨ ਜਦੋਂਕਿ ਬਹੁਤੇ ਆਪਣੇ ਗੁਆਂਢੀ ਨੂੰ ਜਾਣਦੇ ਤੱਕ ਵੀ ਨਹੀਂ ਹਨ। ਪਰ ਸ਼ਹਿਰਾਂ ਤੋਂ ਦੂਰ ਦੁਰਾਡੇ ਛੋਟੇ ਕਸਬਿਆਂ ਵਿੱਚ ਰਹਿਣ ਵਾਲੇ ਪੰਜਾਬੀ ਲਗਭਗ ਹਰ ਇੱਕ ਪੰਜਾਬੀ ਪਰਿਵਾਰ ਨੂੰ ਕੇਵਲ ਜਾਣਦੇ ਹੀ ਨਹੀਂ, ਸਗੋਂ ਆਪਣਾ ਸਹਿਚਾਰ ਵੀ ਪੂਰਾ ਰੱਖਦੇ ਹਨ। ਸ਼ਹਿਰੀ ਲੋਕਾਂ ਦੇ ਮੁਕਾਬਲੇ ਇਨ੍ਹਾਂ ਪਰਿਵਾਰਾਂ ਦੀ ਪ੍ਰਹੁਣਾਚਾਰੀ ਦਾ ਵੀ ਕੋਈ ਸਾਨੀ ਨਹੀਂ ਹੈ।
ਸੋਈਅਸ ਵਿੱਚ ਵਸਦਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਤਲਵੰਡੀ ਖੁਰਦ ਦਾ ਔਜਲਾ ਪਰਿਵਾਰ ਵੀ ਆਪਣੀ ਸਖ਼ਤ ਮਿਹਨਤ ਜ਼ਰੀਏ ਚੋਖਾ ਨਾ ਕਮਾਂ ਰਿਹਾ ਹੈ। ਅਮਰ ਸਿੰਘ ਔਜਲਾ ਦੇ ਵੱਡੇ ਲੜਕੇ ਮਨਪ੍ਰੀਤ ਸਿੰਘ ਔਜਲਾ ਕੋਲ ਸੋਈਅਸ ਅਤੇ ਛੋਟੇ ਲੜਕੇ ਮਨਜੋਤ ਸਿੰਘ ਕੋਲ ਓਲੀਵਰ ਵਿੱਚ ਸੈਂਕੜੇ ਏਕੜਾਂ ਦੇ ਫ਼ਲਾਂ ਦੇ ਫਾਰਮ ਹਨ। ਹਾਈਵੇ ਨੰਬਰ 3 ਰਾਹੀਂ ਸੋਈਅਸ ਵਿੱਚ ਦਾਖਲ ਹੁੰਦਿਆਂ ਹੀ ਸੋਈਅਸ ਫਰੂਟ ਬਾਸਕਟ ਨਾਮ ਦਾ ਤਾਜ਼ੇ ਫ਼ਲ ਅਤੇ ਸਬਜ਼ੀਆਂ ਦਾ ਵੱਡਾ ਸਟੋਰ ਅਤੇ ਅੱਗੇ ਸ਼ਿੰਗਾਰ ਕੇ ਖੜ੍ਹਾ ਕੀਤਾ ਪੰਜਾਬੋਂ ਮੰਗਵਾਇਆ ਫੋਰਡ ਟਰੈਕਟਰ ਹਰ ਇੱਕ ਪੰਜਾਬੀ ਦਾ ਧਿਆਨ ਖਿੱਚਦਾ ਹੈ। ਇਸੇ ਤਰ੍ਹਾਂ ਓਲੀਵਰ ਦਾ ਔਜਲਾ ਫਰੂਟ ਸਟੈਂਡ ਵੀ ਤਾਜ਼ੇ ਫ਼ਲ ਅਤੇ ਸਬਜ਼ੀਆਂ ਲਈ ਕਾਫ਼ੀ ਪ੍ਰਸਿੱਧ ਹੈ। ਮਨਪ੍ਰੀਤ ਸਿੰਘ ਔਜਲਾ ਕੋਲ ਦੋ ਦਿਨ ਛੁੱਟੀਆਂ ਦੇ ਬਿਤਾ ਕੇ ਪੰਜਾਬੀਆਂ ਵੱਲੋਂ ਕੀਤੀ ਜਾ ਰਹੀ ਫ਼ਲਾਂ ਦੀ ਖੇਤੀ ਬਾਰੇ ਕਾਫ਼ੀ ਜਾਣਕਾਰੀ ਇਕੱਤਰ ਕਰਨ ਦਾ ਮੌਕਾ ਮਿਲਿਆ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਕੈਨੇਡਾ ਪਹੁੰਚ ਕੇ ਹੋਰ ਵੀ ਕਈ ਤਰ੍ਹਾਂ ਦੇ ਕੰਮ ਕੀਤੇ ਪਰ ਪਿਤਾ ਪੁਰਖੀ ਧੰਦੇ ਖੇਤੀਬਾੜੀ ਵਿੱਚ ਲੱਗ ਕੇ ਉਨ੍ਹਾਂ ਦੀ ਰੂਹ ਨੂੰ ਅਸਲ ਸਕੂਨ ਮਿਲਿਆ। ਉਨ੍ਹਾਂ ਨੇ ਫ਼ਲਾਂ ਤੇ ਸਬਜ਼ੀਆਂ ਦੀ ਰਿਕਾਰਡਤੋੜ ਕਾਸ਼ਤ ਦੇ ਨਾਲ ਨਾਲ ਹੁਣ ਵਾਇਨਰੀ ਦਾ ਕਾਰੋਬਾਰ ਵੀ ਸ਼ੁਰੂ ਕੀਤਾ ਹੈ। ਉਹ ਦੱਸਦੇ ਹਨ ਕਿ ਉਨ੍ਹਾਂ ਦਾ ਸਮੁੱਚਾ ਪਰਿਵਾਰ ਖੇਤੀਬਾੜੀ ਵਿੱਚ ਬੜੇ ਹੀ ਉਤਸ਼ਾਹ ਨਾਲ ਜੁਟਿਆ ਹੋਇਆ ਹੈ। ਇੱਥੋਂ ਤੱਕ ਕਿ ਬੱਚੇ ਸਕੂਲ ਜਾਂ ਕਾਲਜ ਦੀ ਪੜ੍ਹਾਈ ਤੋਂ ਵਿਹਲੇ ਹੋ ਕੇ ਉਨ੍ਹਾਂ ਨਾਲ ਕੰਮ ਵਿੱਚ ਹੱਥ ਵਟਾਉਂਦੇ ਹਨ। ਉਨ੍ਹਾਂ ਖੇਤੀਬਾੜੀ ਦਾ ਕੰਮ ਕਰਨ ਦੇ ਨਾਲ ਨਾਲ ਆਪਣੇ ਪਰਿਵਾਰ ਜਾਂ ਹੋਰਨਾਂ ਸ਼ਹਿਰਾਂ ਤੋਂ ਘੁੰਮਣ ਆਏ ਪੰਜਾਬੀਆਂ ਦੇ ਮਨੋਰੰਜਨ ਲਈ ਇੰਜਣ ਵਾਲੀ ਵੱਡੀ ਕਿਸ਼ਤੀ ਵੀ ਰੱਖੀ ਹੋਈ ਹੈ। ਕਿਸ਼ਤੀ ਨੂੰ ਸੋਈਅਸ ਝੀਲ ਵਿੱਚ ਠੇਲ ਕੇ ਪਾਣੀ ਵਿੱਚ ਅਠਖੇਲੀਆਂ ਕਰਦੇ ਵੀ ਮਨਪ੍ਰੀਤ ਸਿੰਘ ਔਜਲਾ ਦਿਖਾਈ ਦਿੰਦਾ ਹੈ।
ਸੋਈਅਸ ਦੀ ਵਿਸ਼ਾਲ ਝੀਲ ਤੋਂ ਪਾਰ ਜਾ ਕੇ ਇੱਕ ਬਹੁਤ ਹੀ ਵੱਡਾ ਨਿਰੋਲ ਰੇਤੇ ਵਾਲਾ ਟਿੱਬਾ ਆਉਂਦਾ ਹੈ ਜੋ ਪੰਜਾਬ ਦੇ ਟਿੱਬਿਆਂ ਦਾ ਹੀ ਭੁਲੇਖਾ ਪਾਉਂਦਾ ਹੈ। ਇਸ ਟਿੱਬੇ ਉੱਪਰ ਛੋਟੀਆਂ ਝਾੜੀਆਂ, ਸਰਕੰਢੇ ਅਤੇ ਭੱਖੜਾ ਵੀ ਵੱਡੀ ਪੱਧਰ ’ਤੇ ਹੈ। ਇੱਥੇ ਪੰਜਾਬੀ ਹੀ ਨਹੀਂ ਸਗੋਂ ਗੋਰਿਆਂ ਦੇ ਬੱਚੇ ਅਤੇ ਖ਼ੁਦ ਗੋਰੇ-ਗੋਰੀਆਂ ਰੇਤੇ ਉੱਪਰ ਲਿਟ ਕੇ ਮਸਤੀ ਕਰਦੇ ਦਿਖਾਈ ਦਿੰਦੇ ਹਨ। ਇਸ ਤਰ੍ਹਾਂ ਕੈਨੇਡਾ ਜਿਹੇ ਦੇਸ਼ ਵਿੱਚ ਆਪਣੀ ਸਖ਼ਤ ਮਿਹਨਤ ਦੇ ਬਲਬੂਤੇ ਚੰਗਾ ਮੁਕਾਮ ਹਾਸਲ ਕਰ ਰਹੇ ਅਜਿਹੇ ਵੱਡੀ ਗਿਣਤੀ ਪੰਜਾਬੀ ਪਰਿਵਾਰ ਇਸੇ ਤਰ੍ਹਾਂ ਮਿਹਨਤ ਕਰਦਿਆਂ ਆਪਣੇ ਭਾਈਚਾਰੇ ਨਾਲ ਜੁੜੇ ਰਹਿਣ।
ਸੰਪਰਕ: 77898-09196

Advertisement
Author Image

joginder kumar

View all posts

Advertisement
Advertisement
×