For the best experience, open
https://m.punjabitribuneonline.com
on your mobile browser.
Advertisement

ਓਹ ਮੇਰਾ ਮਾਮਾ

06:23 AM Mar 16, 2024 IST
ਓਹ ਮੇਰਾ ਮਾਮਾ
Advertisement

ਅਤੈ ਸਿੰਘ

Advertisement

ਜਿਨ੍ਹਾਂ ਵੇਲਿਆਂ ਵਿੱਚ ਆਨੰਦ ਕਾਰਜ ਪਿੱਛੋਂ ਸਿਹਰਾ/ਸਿੱਖਿਆ ਪੜ੍ਹਨਾ ਵੀ ਵਿਆਹ ਦੀਆਂ ਰਸਮਾਂ ਵਿਚ ਸ਼ਾਮਲ ਹੁੰਦਾ, ਉਨ੍ਹਾਂ ਵੇਲਿਆਂ ’ਚ ਕਿਸੇ ਕਵੀਸ਼ਰ ਦੇ ਮੂੰਹੋਂ ਸੁਣਿਆ ਚੇਤੇ ਏ: ‘ਮਾਂ ਆਖਣ ਵੇਲੇ ਇਕ ਵਾਰ ਬੁੱਲ੍ਹ ਜੁੜਦੇ ਆ ਤੇ ਮਾਮਾ ਆਖਣ ਵੇਲੇ ਦੋ ਵਾਰ- ਸਮਝੋ ਮਾਮਾ ਲਫ਼ਜ਼ ਦੁੱਗਣੀ ਮਿਠਾਸ ਵਾਲਾ ਏ’। ਲੋਕ ਬੋਲੀ ਵੀ ਏ: ‘ਮੇਰੇ ਮੂੰਹ ਵਿਚ ਮਿਸ਼ਰੀ ਘੁਲਦੀ, ਵੀਰਾ ਤੇਰਾ ਨਾਂ ਲੈਂਦਿਆਂ’। ਮੇਰੀ ਪੜ੍ਹੀ ਲਿਖੀ, ਰਿਟਾਇਰਡ ਹੈੱਡ ਟੀਚਰ ਮਾਂ, ਗਿਆਨੀ ਅਵਤਾਰ ਕੌਰ ਸਾਡੇ ਸਣੇ ਸਭਨਾਂ ਨੂੰ ‘ਜੀ’ ਆਖਣਾ ਸਿਖਾਉਂਦੀ। ਉਂਝ, ਸਾਡੇ ਸੂਬੇਦਾਰ ਮਾਮੇ ਨੂੰ ਜਿਵੇਂ ਉਹ ‘ਹਰਦਿੱਤ’, ‘ਹਰਦਿੱਤ ਸਿਹਾਂ’, ‘ਵੇ ਹਰਦਿੱਤ’ ਆਖ ਕੇ ਬੁਲਾਉਂਦੀ; ਉਵੇਂ ਮੈਨੂੰ ਮੇਰਾ ਮਾਮਾ ਕਦੇ ਮੇਰੀ ਨਾਨੀ ਦੇ ਕੁੱਛੜ ਚੜ੍ਹਿਆ, ਕਦੇ ਗੁੱਲੀ ਡੰਡਾ ਖੇਡਦਾ ਤੇ ਕਦੇ ਨਵਾਂ-ਨਵਾਂ ਰੰਗਰੂਟ ਭਰਤੀ ਹੋਇਆ ਲਗਦਾ। ਪੰਜਾਬੀ ਦੇ ਇਕਹਿਰੇ ਦੋ-ਮਾਤਰੀ ਸ਼ਬਦ ‘ਵੇ’ ਵਿਚ ਜਿੰਨੀ ਅਪਣੱਤ, ਨੇੜਤਾ, ਮਿਠਾਸ ਏ- ਓਨੀ ‘ਜੀ-ਜੀ’ ਆਖਣ ਵਿਚ ਕਿੱਥੇ!
ਮੇਰੀ ਮਾਂ ਆਪਣੇ ਵੇਲੇ ਦੀ ਸਿਦਕੀ ਸਿੰਘ ਸਭੀ ਔਰਤ ਹੋਈ ਏ। ਉਹਨੇ ਆਪਣੇ ਸਹੁਰੇ ਪਿੰਡ ਵਿਚ ਬੜਾ ਕੁਝ ਬਦਲਿਆ, ਉਲਟਾਇਆ, ਸੰਵਾਰਿਆ। ਉਹਨੇ ਆਉਂਦਆਂ ਈ ਘੁੰਡ ਚੁੱਕ ਦਿੱਤਾ। ਕੰਨ-ਨੱਕ ਨਾ ਵਿੱਧੇ। ਕੋਈ ਗਹਿਣਾ ਅੰਗ ਨਾ ਲਾਇਆ। ਨਾ ਈ ‘ਗੱਡੇ ਉਤੇ ਆ ਗਿਆ ਸੰਦੂਖ ਮੁਟਿਆਰ ਦਾ’ ਵਾਲਾ ਗੌਣ ਉਹਦੇ ਨੇੜੇ ਆਇਆ। ਉਂਝ, ‘ਜੱਟੀ ਪੜ੍ਹ ਕੇ ਜਮੈਤਾਂ ਚਾਰ, ਪੈਂਚਣੀ ਪਿੰਡ ਦੀ ਬਣੀ’, ਉਹਦੇ ਥੋੜ੍ਹਾ ਕੁ ਨੇੜੇ ਜ਼ਰੂਰ ਆਇਆ। ਅੱਠ ਜਮਾਤਾਂ ਪੜ੍ਹ ਕੇ, ਗਿਆਨੀ ਤੇ ਬੇਸਿਕ ਕਰ ਕੇ ਆਪਣੇ ਘਰ, ਵਿਹੜੇ, ਹਵੇਲੀ ਵਿੱਚ ਸਕੂਲ ਚਲਾ ਕੇ, ਆਪਣੇ ਚਾਚਾ ਜੀ (ਉਦੋਂ ਮੁੱਖ ਮੰਤਰੀ) ਪਰਤਾਪ ਸਿੰਘ ਕੈਰੋਂ ਤੋਂ ਮਨਜ਼ੂਰ ਕਰਵਾ ਕੇ, ਉਹ ਪੈਂਚਣੀ ਦੀ ਥਾਂ ਮਾਸਟਰਨੀ ਜ਼ਰੂਰ ਬਣੀ। ਸ਼ਾਇਦ ਇਸੇ ਕਰ ਕੇ ਉਹਦੇ ਚਹੇਤੇ ਉਹਦੇ ਤੁਰ ਜਾਣ ਬਾਅਦ ਵੀ ਉਹਨੂੰ ‘ਬੀਜੀ’ ਆਖ ਕੇ ਚੇਤੇ ਕਰਦੇ ਨੇ! ਕਈ ਤਾਂ ਉਹਦੀ ਬੈਠਕ ਨੂੰ ਮੱਥਾ ਟੇਕ ਕੇ ਲੰਘਦੇ ਨੇ। ਮੈਂ ਵੀ ਇਉਂ ਹੀ ਕਰਦਾਂ।
ਉਦੋਂ ਮੈਂ ਪ੍ਰਾਇਮਰੀ ’ਚ ਪੜ੍ਹਦਾ ਹੋਣਾ, ਜਦੋਂ ਸਿਆਲੀ ਦੁਪਹਿਰੇ ਕੋਈ ਉੱਚਾ ਲੰਮਾ ਗੱਭਰੂ, ਪੋਚਵੀਂ ਪੱਗ ਬੱਧੀ, ਕੋਟ ਪੈਂਟ ਪਾਈ, ਟਾਈ ਬੰਨ੍ਹੀ ਸਕੂਲ ਆਇਆ। ਮੇਰੀ ਮਾਂ ਨੂੰ ਮਿਲ ਕੇ ਕੁਰਸੀ ’ਤੇ ਉਹਦੇ ਲਾਗੇ ਬਹਿ ਗਿਆ। ਮੈਨੂੰ ਬੌਂਦਲੇ ਨੂੰ ਦੇਖ ਕੇ ਮੇਰੀ ਮਾਂ ਨੇ ਮੈਨੂੰ ‘ਵਾਜ ਮਾਰੀ, ‘ਤੈ, ਤੇਰੇ ਮਾਮਾ ਜੀ ਆਏ ਨੇ; ਸਾਸਰੀ ‘ਕਾਲ ਬੁਲਾ। ਇਹ ਸ਼ਾਇਦ ਮੇਰੀ ਜ਼ਿੰਦਗੀ ਦੀ ਪਹਿਲੀ ਸਾਸਰੀ ‘ਕਾਲ ਤੇ ਪਹਿਲੀ ਸ਼ਰਮਿੰਦਗੀ ਹੋਵੇ ਮੇਰੀ, ਭਈ ਮੈਨੂੰ ਪਹਿਲਾਂ ਪਤਾ ਕਿਉਂ ਨਾ ਲੱਗਾ, ‘ਓਹ ਮੇਰਾ ਮਾਮਾ’ ਏ! ਮੈਨੂੰ ਪਛਾਣ ਕਿਉਂ ਨਾ ਆਈ? ਝਕਿਆ ਕਿਉਂ ਮੈਂ? ਇਹ ਸੁਆਲ ਅਜੇ ਵੀ ਉਵੇਂ ਈ ਗੂੰਜਦੇ ਨੇ ਮੇਰੇ ਜ਼ਿਹਨ ’ਚ। ਜ਼ਬਾਨ ’ਤੇ ਭਾਵੇਂ ਕਦੇ ਨਾ ਆਏ। ਨਾ ਈ ਕਦੇ ਇਨ੍ਹਾਂ ਦੇ ਜੁਆਬ ਮੈਨੂੰ ਲੱਭੇ। ਜੇ ਸਾਰਿਆਂ ਸੁਆਲਾਂ ਦੇ ਜੁਆਬ ਮਿਲ ਜਾਣ ਤਾਂ ਸੁਆਲ ਮੁੱਕ ਨਾ ਜਾਣ! ਮੈਂ ਸਦਾ ਆਪਣੇ ਮਾਮਾ ਜੀ ਦੇ ਫੌਜੀ ਸੁਭਾ ਤੋਂ ਝਕਦਾ ਝਕਦਾ ਈ ਉਨ੍ਹਾਂ ਨੂੰ ਮਿਲਿਆ- ਅਨੁਸ਼ਾਸਨੀ ਜੁ ਨਹੀਂ ਮੈਂ! ਉਂਝ ਮੇਰੇ ਮਾਮਾ ਜੀ ਦੀਆਂ ਧੀਆਂ- ਮੇਰੀਆਂ ਭਰਾਵਾਂ ਵਰਗੀਆਂ ਭੈਣਾਂ- ਨਾਲ ਗੱਲਾਂ ਕਦੇ ਮੁੱਕਦੀਆ ਨਾ। ਨਾ ਉਹ ਕਦੇ ਭੂਆ ਕੋਲ ਆਣ ਕੇ ਮੁੜਨ ਦਾ ਨਾਂ ਲੈਂਦੀਆਂ, ਨਾ ਮੈਂ ਕਦੇ ਨਾਨਕਿਓਂ ਸੌਖਿਆਂ ਮੁੜਦਾ! ਤੇ ਫਿਰ ਉਹੋ ਚੱਲ ਸੋ ਚੱਲ!...
ਇਹ ਆਪਣੇ ਮਾਮੇ ਦੀਆਂ ਸਿਫਤਾਂ ਗਿਣਾਉਣਾ ਨਹੀਂ- ਉਹਦੇ ਗੁਣਾਂ ’ਚੋਂ ਦਾਲ ’ਚੋਂ ਦਾਣਾ ਟੋਹਣ ਵਾਂਗ ਕੁਝ ਕੁ ਚੁਣਨਾ ਏ ਜਿਹੜੇ ਕਦੇ ਨਹੀਂ ਭੁੱਲੇ, ਜਿਨ੍ਹਾਂ ਕਰ ਕੇ ਮੈਨੂੰ ਪੜ੍ਹਨ ਦਾ ਉਤਸ਼ਾਹ ਮਿਲਿਆ, ਰਿਸ਼ਤੇਦਾਰੀ ’ਚ ਮੇਲ ਜੋਲ ਨਿਭਾਉਣ ਦੀ ਜਾਚ ਆਈ; ਸਾਂਝਾਂ ਨਿਭਾਉਣ ਦਾ ਵੱਲ ਆਇਆ। ਸਾਡਾ ਸਭ ਤੋਂ ਵੱਡਾ ਭਰਾ ਸਤਰਾਜਪਾਲ ਤਾਂ ਮਾਮਾ ਜੀ ਦੀਆਂ ਚੰਗਿਆਈਆਂ ਨਿਭਾਉਂਦਾ ਉਨ੍ਹਾਂ ਵਰਗਾ ਈ ਹੋ ਗਿਆ। ਮਾਮਾ ਜੀ ਦੀ ਸ਼ਖ਼ਸੀਅਤ ਦੀ ਵੱਡੀ ਵਡਿਆਈ ਤਾਂ ਇਹ ਏ, ਭਈ ਉਨ੍ਹਾਂ ਸਾਡੀਆਂ ਭੈਣਾਂ ਨੂੰ ਪੁੱਤਾਂ ਵਾਂਗ ਪਾਲਿਆ। ਸਾਡੇ ਭਣਵੱਈਆਂ ਨੂੰ ਪੁੱਤਰਾਂ ਵਾਂਗ ਪਿਆਰਿਆ ਤੇ ਉਨ੍ਹਾਂ ਵੀ ਉਨ੍ਹਾਂ ਨੂੰ ਸਦਾ ਪਾਪਾ ਵਾਂਗ ਈ ਸਤਿਕਾਰਿਆ। ਉਨ੍ਹਾਂ ਆਪਣੀਆਂ ਭੈਣਾਂ ਨੂੰ ਮਿਲਣ ਦਾ ਚੇਤਾ ਕਦੇ ਨਾ ਭੁਲਾਇਆ। ਅਕਸਰ ਅੱਗੋਂ ਪਿੱਛੋਂ ਵੀ, ਦੁਖ-ਸੁਖ ਵੇਲੇ ਵੀ ਤੇ ਦਿਨ ਦਿਹਾਰ ’ਤੇ ਵੀ ਆਉਣਾ ਈ ਆਉਣਾ। ਰੱਖੜੀ ਵਾਲੇ ਦਿਨ ਉਨ੍ਹਾਂ ਮੇਰੀ ਮਾਂ ਕੋਲ ਜ਼ਰੂਰ ਆਉਣਾ। ਲੰਮਾ ਸਮਾਂ ਬਹਿਣਾ। ਪਿਆਰ ਦੇਣਾ ਤੇ ਲੈ ਜਾਣਾ। ਬੜਾ ਮਲੂਕ ਜਿਹਾ ਸਲੀਕਾ! ਜਿਵੇਂ ਸਾਡੇ ਨਾਨਾ ਜੀ ਨੇ ਆਪਣੀਆਂ ਧੀਆਂ ਨੂੰ ਦਾਜ ਦੀ ਥਾਂ ਵਿਦਿਆ ਦਾਨ ਦਿੱਤਾ, ਇਵੇਂ ਈ ਮਾਮਾ ਜੀ ਨੇ ਸਾਡੀਆਂ ਭਰਾਵਾਂ ਵਰਗੀਆਂ ਭੈਣਾਂ ਨੂੰ ਪੜ੍ਹਾਈ ਦੇ ਨਾਲ ਬਹਾਦਰੀ, ਅਕਲਮੰਦੀ ਤੇ ਹੁਨਰਮੰਦੀ ਨਾਲ ਜ਼ਿਦਗੀ ਜਿਊਣੀ ਸਿਖਾਈ। ਨਾਲ ਈ ਆਪਣੇ ਭਰਾ, ਭੈਣਾਂ ਤੇ ਸ਼ਰੀਕੇ ਬਰਾਦਰੀ ਦਿਆਂ ਬੱਚਿਆਂ ਨੂੰ ਵੀ ਪੜ੍ਹਾਉਣ, ਸਹੀ ਰਾਹ ਲੱਭਣ ਤੇ ਚੰਗੇ ਇਨਸਾਨ ਬਣਨ ਦਾ ਸਬਕ ਸ਼ਬਦਾਂ ਨਾਲ ਨਹੀਂ- ਆਪਣੇ ਵਿਹਾਰ, ਵਤੀਰੇ, ਵਿਚਾਰ ਦੀ ਮਿਸਾਲ ਦੇ ਕੇ ਇਉਂ ਸਮਝਾਇਆ ਜਿਉਂ ਕੋਈ ਬਜ਼ੁਰਗ ਨਿਆਣਿਆਂ ਨੂੰ ਮਖਾਣੇ ਵੰਡਦਿਆਂ ਪਿਆਰ ਨਾਲ ਸਿਰ ’ਚ ਪਟੋਕੀ ਮਾਰ ਕੇ ਮੁਸਕਰਾ ਕੇ ਕੋਈ ਕੰਮ ਦੀ ਗੱਲ ਵੀ ਦੱਸੀ ਜਾਂਦਾ ਏ।
ਮੇਰਾ ਮਾਮਾ ਕਦੇ-ਕਦੇ ਸਖਤ, ਕਰੜਾ, ਗੁਸੈਲ ਵੀ ਹੋ ਜਾਂਦਾ। ਉਦੋਂ ਮੈਨੂੰ ਲਗਦਾ, ਉਹ ਮੇਰਾ ਨਹੀਂ, ਕਿਸੇ ਹੋਰ ਦਾ ਮਾਮਾ ਹੋਣਾ! ਮੇਰਾ ਮਾਮਾ ਤਾਂ ਮੁਸਕੜੀਏ ਹਸਦਾ, ਪਕਿਆਈ ਨਾਲ ਤੁਰਦਾ, ਹਰ ਇਕ ਨੂੰ ਪਿਆਰ ਵੰਡਦਾ ਪਿਆਰ ਨਾਲ ਗਲ ਲਾਉਂਦਾ ਏ। ਤਾਂ ਈ ਤਾਂ ਮੈਨੂੰ ਹੁਣ ਉਸ ’ਤੇ ਗਿਲਾ ਏ, ਭਈ ਉਹ ਬੁੱਢਾ ਕਿਉਂ ਹੋ ਗਿਆ? ਕਾਲੇ ਕੋਟ ਪੈਂਟ ਵਾਲੇ ਤੋਂ ਕਰੀਮ ਪਜਾਮੇ ਕੁੜਤੇ ਵਾਲਾ ਕਿਉਂ ਹੋ ਗਿਆ? ਇਹਦਾ ਜੁਆਬ ਮੈਨੂੰ ਹੁਣੇ ਅਹੁੜਿਆ: ਉਹ ਆਪਣੇ ਬਾਪ, ਸਾਡੇ ਨਾਨੇ, ਭੈਣਾਂ ਦੇ ਦਾਦੇ ਜ਼ੈਲਦਾਰ ਸੂਰਤ ਸਿੰਘ ਹੋਰਾਂ ਦੇ ਪੈਰ ਚਿੰਨ੍ਹਾਂ ’ਤੇ ਚੱਲਿਆ। ਉਹੋ ਚਿੱਟਾ ਖੁੱਲ੍ਹਾ ਦਾੜ੍ਹਾ, ਉਹੋ ਚਿੱਟੀ ਫਬਵੀਂ ਪੱਗ, ਉਹੋ ਬਜ਼ੁਰਗੀ ਰੋਅਬ! ਉਹ ਮੇਰਾ ਮਾਮਾ, ਮੇਰੇ ਨਾਨਾ ਨਾਨੀ ਦਾ ਸਰਵਣ ਪੁੱਤ, ਭੈਣਾਂ ਦਾ ਪੁੰਨਿਆ ਦਾ ਚੰਨ, ਧੀਆਂ ਦਾ ਰਾਜਾ ਬਾਬਲ!
ਸੱਚੀਂ ਜੇ ਕਿਤੇ ਲਾਲ ਗੁਆਚੇ ਲੱਭਦੇ ਹੋਣ ਤਾਂ ਮੈਂ ਜ਼ਰੂਰ ਲੱਭਣ ਜਾਵਾਂ ਆਪਣੇ ਮਾਮੇ ਨੂੰ!... ਭਲਾ ਜਾਵਾਂ ਕਿਉਂ! ਉਹ ਤਾਂ ਮੇਰੇ ਸਾਹਵੇਂ ਏ- ਸਾਬਤ ਸੂਰਤ। ਆਪਣੀ ਮਿੱਠੀ ਝਿੜਕ, ਚੰਗੀ ਸਿੱਖਿਆ, ਸਿਆਣੀ ਸਮਝੌਣੀ ਸਣੇ- ‘ਉਹ ਮੇਰਾ ਮਾਮਾ’!
ਸੰਪਰਕ: 98151-77577

Advertisement
Author Image

joginder kumar

View all posts

Advertisement
Advertisement
×