ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐ ਜ਼ਿੰਦਗੀ

06:33 AM Jun 15, 2024 IST

ਜਸਬੀਰ ਢੰਡ

Advertisement

ਉਦੋਂ ਅਸੀਂ ਗਾਂਧੀ ਸਕੂਲ ਦੇ ਨਾਲ ਵਾਲੀ ਗਲੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਾਂ। ਵੱਡਾ ਸਾਰਾ ਸਾਂਝਾ ਪਰਿਵਾਰ ਸੀ।
ਵੱਡਾ ਭਰਾ ਜਿਸਨੂੰ ਅਸੀਂ ਭਾਪਾ ਕਿਹਾ ਕਰਦੇ ਸਾਂ, ਸ਼ੁਰੂ ਤੋਂ ਹੀ ਦਿੱਲੀ ਵੱਸ ਗਿਆ ਸੀ। ਫੇਰ ਮੇਰਾ ਵਿਆਹ ਹੋ ਗਿਆ। ਦੋ ਬੱਚੇ ਵੀ ਹੋ ਗਏ। ਹੁਣ ਛੋਟੇ ਭਰਾ ਬਲਦੇਵ ਦਾ ਵਿਆਹ ਕਰਨਾ ਸੀ। ਏਨੇ ਜਣਿਆਂ ਦੇ ਸਿੰਗ ਇਸ ਛੋਟੇ ਜਿਹੇ ਮਕਾਨ ਵਿੱਚ ਕਿਵੇਂ ਸਮਾ ਸਕਦੇ ਸਨ। ਨਤੀਜਾ ਸਾਡੇ ਅੱਡ ਹੋਣ ਦਾ ਫੈਸਲਾ ਹੋ ਗਿਆ। ਘਰ ਦੇ ਨੇੜੇ ਦੋ ਗਲੀਆਂ ਛੱਡ ਕੇ ਰਾਮ ਪਿਆਰੀ ਵਾਲੀ ਗਲੀ ਵਿੱਚ ਜਿਹੜਾ ਮਕਾਨ ਕਿਰਾਏ ਲਈ ਵੇਖਿਆ ਉਹ ਹਾਲੇ ਅਧੂਰਾ ਸੀ। ਨਾ ਬਿਜਲੀ ਸੀ ਤੇ ਨਾ ਹੀ ਪਾਣੀ ਲਈ ਨਲਕਾ। ਰਸੋਈ ਤੇ ਗੁਸਲਖਾਨਾ ਅਧੂਰੇ ਸਨ। ਪਾਣੀ ਗੁਆਂਢੀਆਂ ਦੇ ਨਲਕੇ ਤੋਂ ਲਿਆਉਣਾ ਪੈਂਦਾ।
ਪਰ ਸਾਰੀ ਤੰਗੀ ਦੇ ਬਾਵਜੂਦ ਉਸ ਘਰ ਵਿੱਚ ਮੈਂ ਗੁਸਲਖਾਨੇ ਤੇ ਰਸੋਈ ਦੇ ਪਾਣੀ ਨੂੰ ਅਜਾਈਂ ਨਹੀਂ ਜਾਣ ਦਿੱਤਾ ਸੀ। ਉਸੇ ਪਾਣੀ ਨਾਲ ਉਗਾਏ ਰੰਗ-ਬਿਰੰਗੇ ਪਟੂਨੀਏਂ ਦੇ ਬੂਟੇ, ਗੇਂਦੇ ਤੇ ਗੁਲਮੋਹਰ ਦੇ ਖਿੜ੍ਹੇ ਹੋਏ ਫੁੱਲ ਮੇਰੇ ਚੇਤਿਆਂ ’ਚੋਂ ਅਜੇ ਵੀ ਵਿਸਰਦੇ ਨਹੀਂ !
ਇਸੇ ਘਰ ਵਿੱਚ ਮੈਂ ਬੀ.ਏ. ਪਾਰਟ ਵਨ ਦੇ ਪੇਪਰ ਲੈਂਪ ਦੀ ਰੌਸ਼ਨੀ ਵਿੱਚ ਪੜ੍ਹ ਕੇ ਦਿੱਤੇ ਸਨ। ਸਭ ਤੋਂ ਵੱਡੀ ਸਮੱਸਿਆ ਸੀ ਗਰਮੀ ਵਿੱਚ ਪੱਖੇ ਦੀ ਅਣਹੋਂਦ ਵਿੱਚ ਦੋਹਾਂ ਛੋਟੇ ਬੱਚਿਆਂ ਨੂੰ ਪੱਖੀ ਝੱਲਣਾ। ਜਦੋਂ ਹੀ ਪਤਨੀ ਜਾਂ ਮੈਂ ਪੱਖਾ ਝੱਲਣੋਂ ਹਟ ਜਾਂਦੇ ਉਹ ਰੋਣ ਲੱਗਦੇ। ਥੱਕ ਕੇ ਆਪ ਨੂੰ ਵੀ ਨੀਂਦ ਦੇ ਝੋਕੇ ਆਉਣ ਲੱਗਦੇ ਪਰ ਸੌਂ ਨਹੀਂ ਸਕਦੇ ਸਾਂ। ਅਸੀਂ ਵਾਰੀ ਬੰਨ੍ਹੀ ਹੋਈ ਸੀ ਸਵੇਰ ਦੀ ਸ਼ਿਫ਼ਟ ਜਦੋਂ ਮੈਂ ਡਿਊਟੀ ’ਤੇ ਜਾਂਦਾ ਤਾਂ ਪਤਨੀ ਪੱਖਾ ਝੱਲਦੀ। ਸਕੂਲੋਂ ਆ ਕੇ ਛੁੱਟੀ ਤੋਂ ਬਾਅਦ ਇਹ ਡਿਊਟੀ ਮੈਂ ਸਾਂਭ ਲੈਂਦਾ। ਪਤਨੀ ਨੂੰ ਮਸਾਂ ਦੋ ਘੜੀਆਂ ਆਰਾਮ ਮਿਲਦਾ। ਘਰ ਦੇ ਸਾਰੇ ਕੰਮ ਨਾਲੋਂ ਇਹ ਡਿਊਟੀ ਸਭ ਤੋਂ ਔਖੀ ਸੀ। ਦੋਵੇਂ ਬੱਚੇ ਅਜੇ ਸ਼ੀਸ਼ੀਆਂ ’ਚ ਦੁੱਧ ਪੀਂਦੇ ਸਨ। ਸਿਆਲਾਂ ਦੀਆਂ ਰਾਤਾਂ ਨੂੰ ਜਦੋਂ ਠੰਢ ਕਾਰਨ ਰਜਾਈ ਵਿੱਚੋਂ ਹੱਥ ਬਾਹਰ ਕਰਨ ਨੂੰ ਜੀਅ ਨਾ ਕਰਦਾ, ਜੁਆਕ ਦੁੱਧ ਲਈ ਰਿਹਾੜ ਕਰਨ ਲਗਦੇ। ਪਤਨੀ ਅਣਮੰਨੇ ਜਿਹੇ ਮਨ ਨਾਲ ਉੱਠਦੀ। ਕਮਰੇ ਦੇ ਖੂੰਜੇ ਵਿੱਚ ਰੱਖੀ ਅੰਗੀਠੀ ਤੋਂ ਕਾਗਜ਼ਾਂ ਜਾਂ ਪਾਥੀਆਂ ਦੇ ਨਾਲ ਅੱਗ ਬਾਲਕੇ ਦੁੱਧ ਗਰਮ ਕਰਕੇ ਸ਼ੀਸ਼ੀਆਂ ਵਿੱਚ ਪਾ ਕੇ ਉਨ੍ਹਾਂ ਦੇ ਹੱਥਾਂ ਵਿੱਚ ਫੜਾਉਂਦੀ।
ਮਕਾਨ ਮਾਲਕ ਆਪ ਤਾਂ ਪਿੰਡ ਵਿੱਚ ਰਹਿੰਦਾ ਸੀ ਪਰ ਉਸਦੀ ਸੱਸ ਸ਼ਹਿਰ ਵਿੱਚ ਵੀਰ ਨਗਰ ਮੁਹੱਲੇ ਵਿੱਚ ਰਹਿੰਦੀ ਸੀ। ਕਦੀ-ਕਦੀ ਉਹ ਗੇੜਾ ਮਾਰਨ ਆ ਜਾਂਦੀ। ਗੇੜਾ ਕਾਹਦਾ ਮਾਰਦੀ ਜਿਵੇਂ ਅੰਗਰੇਜ਼ ਦੇ ਸਮੇਂ ਅੰਗਰੇਜ਼ ਇੰਸਪੈਕਟਰ ਸਕੂਲਾਂ ਦਾ ਮੁਆਇਨਾ ਕਰਨ ਆਉਂਦੇ ਹੁੰਦੇ....। ਉਸਨੂੰ ਬਿਜਲੀ ਫਿਟਿੰਗ ਜਾਂ ਨਲਕਾ ਲੁਆਉਣ ਲਈ ਆਖਦੇ ਤਾਂ ਉਸਦਾ ਘੜਿਆ-ਘੜਾਇਆ ਜਵਾਬ ਹੁੰਦਾ, ਮਾਲਕ ਨੂੰ ਕਹੋ! ਦਬਕੇ ਵਿੱਚ ਇੱਕ ਪੁਰਾਣਾ ਜਿਹਾ ਬੱਠਲ ਪਿਆ ਸੀ। ਪਤਨੀ ਨੇ ਪੌੜੀ ਲਾ ਕੇ ਲਾਹ ਲਿਆ ਸੀ। ਬੱਠਲ ਦਬਕੇ ’ਚੋਂ ਲਾਹ ਕੇ ਵਰਤਣ ਬਾਰੇ ਜਦੋਂ ਉਸਨੂੰ ਪਤਾ ਲੱਗਾ ਤਾਂ ਉਸਨੇ ਉਹ ਸਲਵਾਤਾਂ ਸੁਣਾਈਆਂ ਕਿ ਰਹੇ ਰੱਬ ਦਾ ਨਾਂ ! ਮਕਾਨ ਖਾਲੀ ਕਰਾਉਣ ਬਾਰੇ ਵੀ ਦਬਕਾ ਮਾਰ ਗਈ।
ਮਕਾਨ ਮਾਲਕ ਨੇ ਬਿਜਲੀ ਕੁਨੈਕਸ਼ਨ ਲੈਣ ਲਈ ਫਾਈਲ ਬਿਜਲੀ ਬੋਰਡ ਦੇ ਦਫ਼ਤਰ ਜਮ੍ਹਾਂ ਕਰਵਾ ਦਿੱਤੀ। ਇੱਕ ਦਿਨ ਬਿਜਲੀ ਫਿਟਿੰਗ ਵਾਲੇ ਆਏ ਤੇ ਮਾਰ-ਮਾਰ ਹਥੌੜੇ ਚੰਗੀਆਂ ਭਲੀਆਂ ਕੰਧਾਂ ਤੋਂ ਸੀਮਿੰਟ ਦੇ ਖਲੇਪੜ ਖਲਾਰ ਗਏ। ਪਰ ਬਿਜਲੀ ਉਦੋਂ ਆਈ ਜਦੋਂ ਅਸੀਂ ਮਕਾਨ ਬਦਲ ਲਿਆ। ਸ਼ਾਇਦ ਦਸੌਣੇ ਸਾਡੇ ਭਾਗਾਂ ਵਿੱਚ ਹੀ ਲਿਖੇ ਹੋਏ ਸਨ।
ਜ਼ਿੰਦਗੀ ਹੌਲੀ-ਹੌਲੀ ਸਰਕਦੀ ਰਹੀ। ਸਹਿੰਦੜ ਜਿਹੇ ਹੋ ਕੇ ਜ਼ਿੰਦਗੀ ਘਸੀਟਦੇ ਰਹੇ। ਦਿਨਾਂ ਨੇ ਪਾਸਾ ਪਰਤਿਆ....।
ਬੱਚੇ ਪੜ੍ਹ-ਲਿਖ ਕੇ ਨੌਕਰੀਆਂ ’ਤੇ ਲੱਗ ਗਏ। ਵਿਆਹੇ ਗਏ.. ਬਾਲ ਬੱਚਿਆਂ ਵਾਲੇ ਵੀ ਹੋ ਗਏ। ਅੱਜ ਪ੍ਰਮਾਤਮਾ ਨੇ ਮੈਥੋਂ ਕੁੱਝ ਵੀ ਲੁਕੋ ਕੇ ਨਹੀਂ ਰੱਖਿਆ। ਜਦੋਂ ਪੁੱਤਰ ਤੇ ਨੂੰਹ ਕਾਰ ’ਤੇ ਬੈਠ ਕੇ ਡਿਊਟੀ ’ਤੇ ਜਾਂਦੇ ਹਨ ਤਾਂ ਮੈਂ ਉਹਨਾਂ ਨੂੰ ਗਲੀ ਦੇ ਮੋੜ ਤੱਕ ਦੇਖਦਾ ਰਹਿੰਦਾ ਹਾਂ। ਮਨ ਹੀ ਮਨ ਅਰਦਾਸ ਕਰਦਾ ਹਾਂ ਕਿ ਉਹ ਸੁੱਚੀ ਕਿਰਤ ਕਰਨ। ਸ਼ੁਕਰ ਕਰਦਾ ਹਾਂ ਕਿ ਸਾਡੀ ਘਾਲਣਾ ਵਿਅਰਥ ਨਹੀਂ ਗਈ।
ਸੰਪਰਕ: 94172-87399

Advertisement
Advertisement
Advertisement