For the best experience, open
https://m.punjabitribuneonline.com
on your mobile browser.
Advertisement

ਘੋਹ ਵਾਸੀਆਂ ਦੀ ਚਿਤਾਵਨੀ ਤੋਂ ਘਬਰਾਏ ਮੰਡੀ ਬੋਰਡ ਦੇ ਅਧਿਕਾਰੀ

09:35 AM Jun 30, 2024 IST
ਘੋਹ ਵਾਸੀਆਂ ਦੀ ਚਿਤਾਵਨੀ ਤੋਂ ਘਬਰਾਏ ਮੰਡੀ ਬੋਰਡ ਦੇ ਅਧਿਕਾਰੀ
ਮੰਡੀ ਬੋਰਡ ਦੇ ਐਕਸੀਅਨ ਅਮਨਦੀਪ ਸਿੰਘ ਸੜਕ ਦੀ ਮੁਰੰਮਤ ਦਾ ਭਰੋਸਾ ਦਿੰਦੇ ਹੋਏ।
Advertisement

ਐਨਪੀ ਧਵਨ
ਪਠਾਨਕੋਟ, 29 ਜੂਨ
ਇੱਥੋਂ ਦੇ ਪਿੰਡ ਘੋਹ ਮੋੜ ਤੋਂ ਪਿੰਡ ਦੁਰੰਗ ਕੋਠੀ ਨੂੰ ਜਾਂਦੀ ਖਸਤਾ ਹਾਲ ਸੜਕ ਦੀ ਮੁਰੰਮਤ ਕਰਵਾਉਣ ਲਈ ਪਿੰਡ ਵਾਸੀਆਂ ਵੱਲੋਂ ਅਣਮਿੱਥੇ ਸਮੇਂ ਲਈ ਸੰਘਰਸ਼ ਵਿੱਢਣ ਦੀ ਦਿੱਤੀ ਚਿਤਾਵਨੀ ਤੋਂ ਡਰਦਿਆਂ ਮੰਡੀ ਬੋਰਡ ਵਿਭਾਗ ਦੇ ਅਧਿਕਾਰੀ ਹਰਕਤ ਵਿੱਚ ਆ ਗਏ ਅਤੇ ਉਨ੍ਹਾਂ ਮੌਕਾ ਸਾਂਭਦੇ ਹੋਏ ਪਿੰਡ ਪੁੱਜ ਕੇ ਲੋਕਾਂ ਨੂੰ ਸੜਕ ਬਣਾਉਣ ਦਾ ਭਰੋਸਾ ਦੇ ਦਿੱਤਾ।
ਇਸ ਸਬੰਧੀ ਮੀਟਿੰਗ ਜਮਹੂਰੀ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਵੰਤ ਸਿੰਘ ਘੋਹ ਅਤੇ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ ਅਤੇ ਮਹਿਲਾ ਸਰਪੰਚ ਦੇ ਪਤੀ ਸਤੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਪਿੰਡ ਦੇ ਪੰਚਾਇਤ ਘਰ ਵਿੱਚ ਕੀਤੀ ਗਈ। ਮੀਟਿੰਗ ਵਿੱਚ ਮੰਡੀ ਬੋਰਡ ਦੇ ਐਕਸੀਅਨ ਅਮਨਦੀਪ ਸਿੰਘ, ਐੱਸਡੀਓ ਕੁਲਵੰਤ ਸਿੰਘ ਅਤੇ ਜੂਨੀਅਰ ਇੰਜਨੀਅਰ ਸਿਮਰਨਜੀਤ ਸਿੰਘ ਆਦਿ ਪੁੱਜੇ।
ਇਸ ਦੌਰਾਨ ਸਤੀਸ਼ ਕੁਮਾਰ, ਬਲਵੰਤ ਸਿੰਘ ਅਤੇ ਸ਼ਿਵ ਕੁਮਾਰ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਘੋਹ ਮੋੜ ਤੋਂ ਦੁਰੰਗ ਕੋਠੀ ਨੂੰ ਜਾਣ ਵਾਲੀ ਸੜਕ ਦੀ ਮੁਰੰਮਤ ਸਾਲ 2016 ਵਿੱਚ ਕੀਤੀ ਗਈ ਸੀ, ਜਿਸ ਤੋਂ ਬਾਅਦ ਅਜੇ ਤੱਕ ਇਸ ਦੀ ਕਿਸੇ ਨੇ ਵੀ ਮੁਰੰਮਤ ਨਹੀਂ ਕੀਤੀ। ਇਸ ਸੜਕ ’ਤੇ ਵੱਡੇ-ਵੱਡੇ ਟੋਏ ਪੈ ਚੁੱਕੇ ਹਨ ਤੇ ਲੋਕਾਂ ਦਾ ਲੰਘਣਾ ਮੁਸ਼ਕਲ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ’ਤੇ ਲਗਪਗ 15 ਪਿੰਡ ਪੈਂਦੇ ਹਨ ਅਤੇ ਇੱਥੇ 5-6 ਛੋਟੇ-ਵੱਡੇ ਸਰਕਾਰੀ ਸਕੂਲ ਵੀ ਹਨ।
ਉਨ੍ਹਾਂ ਦੱਸਿਆ ਕਿ ਸੜਕ ਦੀ ਮਾੜੀ ਹਾਲਤ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ। ਇਸ ਦੌਰਾਨ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ 2 ਜੁਲਾਈ ਤੋਂ ਪੈਚ ਵਰਕ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਇਕ ਹਫਤੇ ਦੇ ਅੰਦਰ-ਅੰਦਰ ਪੈਚ ਵਰਕ ਨਾਲ 14 ਕਿਲੋਮੀਟਰ ਪੂਰੀ ਸੜਕ ਤਿਆਰ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਇਹ ਵੀ ਦੱਸਿਆ ਕਿ ਇਸ ਸੜਕ ਦੇ ਇੱਕ ਪਾਸੇ ਘਰਾਂ ਦੇ ਗੰਦੇ ਪਾਣੀ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਨਾਲਾ ਵੀ ਬਣਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਇਸ ਸੜਕ ਦੀ ਮੁਰੰਮਤ ਲਈ ਪਿੰਡ ਵਾਸੀਆਂ ਨੇ 14 ਜੂਨ ਨੂੰ ਰੋਸ ਪ੍ਰਦਰਸ਼ਨ ਕੀਤਾ ਸੀ ਅਤੇ ਫਿਰ 16 ਜੂਨ ਨੂੰ ਪੰਗੋਲੀ ਚੌਕ ਤੋਂ ਜੁਗਿਆਲ ਨੂੰ ਜਾਣ ਵਾਲੀ ਸੜਕ ਤੇ 4 ਘੰਟੇ ਚੱਕਾ ਜਾਮ ਕੀਤਾ ਸੀ। ਉਸ ਮੌਕੇ ਆਗੂਆਂ ਨੇ ਅਣਮਿੱਥੇ ਸਮੇਂ ਲਈ ਸੰਘਰਸ਼ ਸ਼ੁਰੂ ਕਰਨ ਦੀ ਚਿਤਾਵਨੀ ਵੀ ਦਿੱਤੀ ਸੀ।
ਇਸ ਮੌਕੇ ਸੁਰਜੀਤ ਸਿੰਘ, ਅਵਤਾਰ ਸਿੰਘ, ਕਰਨ ਸਿੰਘ, ਪੁਰਸ਼ੋਤਮ ਸਿੰਘ, ਉਂਕਾਰ ਸਿੰਘ, ਜੰਗ ਬਹਾਦਰ, ਮੋਹਨ ਲਾਲ ਆਦਿ ਵੀ ਹਾਜ਼ਰ ਸਨ।

Advertisement

Advertisement
Author Image

Advertisement
Advertisement
×