For the best experience, open
https://m.punjabitribuneonline.com
on your mobile browser.
Advertisement

ਬਨੂੜ ਤੇ ਡੇਰਾਬੱਸੀ ਦੀਆਂ ਮੰਡੀਆਂ ’ਚ ਸ਼ੁਰੂ ਨਹੀਂ ਹੋਈ ਝੋਨੇ ਦੀ ਸਰਕਾਰੀ ਖ਼ਰੀਦ

10:15 AM Oct 04, 2024 IST
ਬਨੂੜ ਤੇ ਡੇਰਾਬੱਸੀ ਦੀਆਂ ਮੰਡੀਆਂ ’ਚ ਸ਼ੁਰੂ ਨਹੀਂ ਹੋਈ ਝੋਨੇ ਦੀ ਸਰਕਾਰੀ ਖ਼ਰੀਦ
ਡੇਰਾਬੱਸੀ ਦੀ ਮੰਡੀ ਵਿੱਚ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਸੜਕ ’ਤੇ ਪਿਆ ਝੋਨਾ। -ਫੋਟੋ: ਰੂਬਲ
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 3 ਅਕਤੂਬਰ
ਅੱਜ ਤੀਜੇ ਦਿਨ ਵੀ ਬਨੂੜ ਮੰਡੀ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਇਥੇ ਝੋਨੇ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਝੋਨੇ ਦੀ ਕਟਾਈ ਨਾ ਹੋਣ ਕਾਰਨ ਆਲੂਆਂ ਦੀ ਲਵਾਈ ਪਛੜ ਸਕਦੀ ਹੈ। ਮੰਡੀ ਸੁਪਰਵਾਈਜ਼ਰ ਗੁਰਮੀਤ ਸਿੰਘ ਨੇ ਦੱਸਿਆ ਕਿ ਮੰਡੀ ਵਿੱਚ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਝੋਨੇ ਦੀ ਖ਼ਰੀਦ ਕਰਨ ਲਈ ਤਿਆਰ ਹਨ ਅਤੇ ਅੱਜ ਦੋ ਟਰੱਕ ਬਾਰਦਾਨਾ ਵੀ ਆ ਗਿਆ ਹੈ ਪਰ ਆੜ੍ਹਤੀ ਤੇ ਸ਼ੈਲਰ ਮਾਲਕਾਂ ਦੀ ਹੜਤਾਲ ਕਾਰਨ ਕੋਈ ਆੜ੍ਹਤੀ ਝੋਨਾ ਭਰਨ ਲਈ ਤਿਆਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ 2500 ਕੁਇੰਟਲ ਝੋਨਾ ਮੰਡੀ ਵਿੱਚ ਆ ਚੁੱਕਾ ਹੈ ਤੇ ਹੁਣ ਰੋਜ਼ਾਨਾ ਝੋਨੇ ਦੀ ਆਮਦ ਵਿੱਚ ਵਾਧਾ ਹੋ ਰਿਹਾ ਹੈ। ਕਿਸਾਨ ਸਭਾ ਦੇ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਮੋਹਨ ਸਿੰਘ ਸੋਢੀ, ਜਗੀਰ ਸਿੰਘ ਹੰਸਾਲਾ, ਕਿਸਾਨ ਯੂਨੀਅਨ ਆਗੂ ਕ੍ਰਿਪਾਲ ਸਿੰਘ ਸਿਆਊ, ਲਖਵੀਰ ਸਿੰਘ ਕਰਾਲਾ, ਜਗਜੀਤ ਸਿੰਘ ਜੱਗੀ ਨੇ ਕਿਹਾ ਕਿ ਜੇ ਝੋਨੇ ਦੀ ਖ਼ਰੀਦ ਵਿੱਚ ਹੋਰ ਦੇਰੀ ਕੀਤੀ ਗਈ, ਉਹ ਸੜਕਾਂ ਜਾਮ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।
ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਪੁਨੀਤ ਜੈਨ, ਮੰਡੀ ਪ੍ਰਧਾਨ ਆਸ਼ੂ ਜੈਨ, ਵਿਸ਼ਾਲ ਸਿੰਗਲਾ, ਗੁਰਵਿੰਦਰ ਸਿੰਘ ਨੇ ਕਿਹਾ ਕਿ ਜਦੋ ਤੱਕ ਉਨ੍ਹਾਂ ਦੇ ਕਮਿਸ਼ਨ ਵਿੱਚ ਵਾਧਾ ਅਤੇ ਸ਼ੈਲਰ ਮਾਲਕਾਂ ਵੱਲੋਂ ਖਰੀਦ ਲਈ ਹਾਮੀ ਨਹੀਂ ਭਰੀ ਜਾਂਦੀ, ਉਦੋਂ ਤੱਕ ਉਹ ਝੋਨੇ ਦੀ ਭਰਾਈ ਨਹੀਂ ਕਰਨਗੇ।
­ਡੇਰਾਬੱਸੀ(ਹਰਜੀਤ ਸਿੰਘ): ਪੰਜਾਬ ਸਰਕਾਰ ਵੱਲੋਂ ਭਾਵੇਂ ਸੂਬੇ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਦੀ ਸਰਕਾਰੀ ਖ਼ਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਹੈ ਪਰ ਇਸਦੇ ਉਲਟ ਡੇਰਾਬੱਸੀ ਵਿੱਚ ਅੱਜ ਤੀਜੇ ਦਿਨ ਵੀ ਫ਼ਸਲ ਦੀ ਖ਼ਰੀਦ ਸ਼ੁਰੂ ਨਹੀਂ ਹੋਈ। ਖਰੀਦ ਸ਼ੁਰੂ ਨਾ ਹੋਣ ਦਾ ਮੁੱਖ ਕਾਰਨ ਆੜ੍ਹਤੀਆਂ ਦੀ ਹੜਤਾਲ ਦੱਸਿਆ ਜਾ ਰਿਹਾ ਹੈ। ਮੰਡੀਆਂ ਵਿੱਚ ਫ਼ਸਲ ਦੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਇੱਥੇ ਤਿਆਰ ਫਸਲਾਂ ਦੇ ਢੇਰ ਲੱਗ ਗਏ ਹਨ ਅਤੇ ਇਥੇ ਥਾਂ ਦੀ ਘਾਟ ਪੈਦਾ ਹੋ ਗਈ ਹੈ। ਸਿੱਟੇ ਵਜੋਂ ਮੰਡੀਆਂ ਵਿੱਚ ਫ਼ਸਲ ਲੈ ਕੇ ਆ ਰਹੇ ਕਿਸਾਨਾਂ ਨੂੰ ਆਪਣੀ ਫਸਲ ਦੇ ਸੜਕਾਂ ’ਤੇ ਢੇਰ ਲਾਉਣੇ ਪੈ ਰਹੇ ਹਨ। ਡੇਰਾਬੱਸੀ ਦੀਆਂ ਤਿੰਨੋਂ ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਦੀ ਖਰੀਦ ਸ਼ੁਰੂ ਨਾ ਹੋਣ ਕਾਰਨ ਫਸਲ ਰੁਲ ਰਹੀ ਹੈ। ਇਸ ਖ਼ਿਲਾਫ਼ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆੜ੍ਹਤੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੇ ਅਜੇ ਖ਼ਰੀਦ ਸ਼ੁਰੂ ਨਹੀਂ ਕੀਤੀ। ਮੰਡੀ ਸੁਪਰਵਾਈਜ਼ਰ ਪੰਕਜ ਸ਼ਰਮਾ ਨੇ ਦਾਅਵਾ ਕੀਤਾ ਕਿ ਧਨੌਨੀ ਮੰਡੀ ਵਿੱਚ 5500 ਕੁਇੰਟਲ, ਸਮਗੌਲੀ ਮੰਡੀ ਵਿੱਚ 1600 ਕੁਇੰਟਲ ਅਤੇ ਅਮਲਾਲਾ ਮੰਡੀ ਵਿੱਚ 1000 ਕੁਇੰਟਲ ਫ਼ਸਲ ਪਹੁੰਚ ਗਈ ਹੈ, ਜਿਸ ਦੀ ਖ਼ਰੀਦ ਜਲਦੀ ਸ਼ੁਰੂ ਕਰਵਾ ਦਿੱਤੀ ਜਾਏਗੀ।

Advertisement

ਅਮਲੋਹ ਵਿੱਚ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ

ਅਮਲੋਹ (ਰਾਮ ਸਰਨ ਸੂਦ): ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਅਨਾਜ ਮੰਡੀ ਅਮਲੋਹ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ। ਮੰਡੀ ਵਿੱਚ ਮਾਰਕਫੈੱਡ ਦੇ ਫੜ੍ਹ ’ਤੇ ਗੁਰਮੀਤ ਸਿੰਘ ਦੀ ਢੇਰੀ ਦੀ ਬੋਲੀ ਕਰਵਾ ਕੇ ਖ਼ਰੀਦ ਦਾ ਰਸਮੀ ਆਗਾਜ਼ ਕੀਤਾ। ਉਨ੍ਹਾਂ ਕਿਹਾ ਕਿ ਝੋਨੇ ਦੀ ਖ਼ਰੀਦ ਵਿੱਚ ਕਿਸੇ ਵੀ ਧਿਰ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਮੰਡੀਆਂ ਵਿੱਚ ਝੋਨਾ ਸੁਕਾ ਕੇ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਫ਼ਸਲ ਦੀ ਅਦਾਇਗੀ ਨਾਲੋਂ ਨਾਲ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਕੰਬਾਈਨਾਂ ਨਾਲ ਰਾਤ ਨੂੰ ਝੋਨਾ ਨਾ ਕੱਟਣ ਦੀ ਵੀ ਅਪੀਲ ਕੀਤੀ।

Advertisement

Advertisement
Author Image

sukhwinder singh

View all posts

Advertisement