ਪਾਵਨ ਸਰੂਪ ਅਗਨ ਭੇਟ; ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਜਾਇਜ਼ਾ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 30 ਮਾਰਚ
ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭਾਮ ਵਿਖੇ ਗੁਰਦੁਆਰਾ ਸਾਹਿਬ 'ਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਤੇ ਗੁਰਬਾਣੀ ਦੀਆਂ ਪੋਥੀਆਂ ਅਗਨ ਭੇਟ ਹੋਣ ਦੀ ਘਟਨਾ ਸਬੰਧੀ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੌਕੇ ਦਾ ਜਾਇਜ਼ਾ ਲਿਆ ਹੈ ਅਤੇ ਇਸ ਘਟਨਾ ਨੂੰ ਪ੍ਰਬੰਧਕਾਂ ਦੀ ਲਾਪ੍ਰਵਾਹੀ ਕਰਾਰ ਦਿੱਤਾ। ਇਸ ਦੌਰਾਨ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਾਪਰੀ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ।
ਜਥੇਦਾਰ ਨੇ ਆਖਿਆ ਕਿ ਪਿੰਡ ਦੇ ਇਸ ਗੁਰਦੁਆਰੇ ਅਤੇ ਹੋਰ ਵੀ ਕਈ ਗੁਰਦੁਆਰਿਆਂ ਵਿੱਚ ਪਹਿਰੇਦਾਰ ਨਹੀਂ ਹਨ। ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਤੇ ਸਤਿਕਾਰ ਵਾਸਤੇ ਸਮੂਹ ਗੁਰਦੁਆਰਿਆਂ ਵਿੱਚ ਸਵੇਰ ਅਤੇ ਰਾਤ ਵੇਲੇ ਪਹਿਰੇਦਾਰੀ ਜ਼ਰੂਰੀ ਹੈ ਜਿਨ੍ਹਾਂ ਗੁਰਦੁਆਰਿਆਂ ਵਿੱਚ ਪਹਿਰੇਦਾਰੀ ਦਾ ਪ੍ਰਬੰਧ ਨਹੀਂ ਹੈ ਅਤੇ ਹੋਰ ਪ੍ਰਬੰਧਾਂ ਦੀ ਘਾਟ ਹੈ, ਉਥੋਂ ਪਾਵਨ ਸਰੂਪ ਨੇੜਲੇ ਇਤਿਹਾਸਕ ਗੁਰਦੁਆਰਿਆਂ ਵਿੱਚ ਪਹੁੰਚਾਏ ਜਾਣਗੇ। ਗੁਰੂ ਸਾਹਿਬ ਦੇ ਮਾਣ ਸਤਿਕਾਰ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਪਿੰਡ ਦੇ ਸਮੂਹ ਘਰਾਂ ਵਿੱਚੋਂ ਇੱਕ ਇੱਕ ਮੈਂਬਰ ਨੂੰ ਸ੍ਰੀ ਅਕਾਲ ਤਖਤ ਵਿਖੇ ਸੱਦਿਆ ਜਾਵੇਗਾ।
ਇਸ ਦੌਰਾਨ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਸ਼ਾਸਨ ਵੀ ਪੁੱਜ ਗਿਆ ਸੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਥੇਦਾਰ ਨੇ ਆਖਿਆ ਕਿ ਭਾਵੇਂ ਅੱਗ ਲੱਗਣ ਨਾਲ ਵੱਡਾ ਨੁਕਸਾਨ ਹੋਇਆ ਹੈ ਪਰ ਗੁਰਦੁਆਰੇ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੇ ਡੀਵੀਡੀ ਤੋਂ ਪਤਾ ਲਾਉਣ ਦਾ ਯਤਨ ਕੀਤਾ ਜਾਵੇਗਾ ਕਿ ਘਟਨਾ ਕਿਵੇਂ ਵਾਪਰੀ ਹੈ।