ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਚ ਪਰਦੇਸਾਂ ਦੇ...

06:18 AM Jan 04, 2024 IST

ਗੱਜਣਵਾਲਾ ਸੁਖਮਿੰਦਰ

Advertisement

ਅੱਜ ਕੱਲ੍ਹ ਬਈ ਜਦ ਮੁੰਡੇ ਕੁੜੀ ਦਾ ਆਪਸ ਵਿਚ ਵਿਆਹ ਹੋ ਜਾਂਦਾ ਹੈ ਤੇ ਉਹ ਬਾਹਰਲੇ ਦੇਸ਼ੀਂ ਚਲੇ ਜਾਂਦੇ ਤਾਂ ਕਈ ਘਰਾਂ ਵਿਚ ਉਨ੍ਹਾਂ ਦੇ ਮਾਂ-ਬਾਪ ਦਾ ਉਨ੍ਹਾਂ ਦੀ ਜੀਵਨ ਸ਼ੈਲੀ ਵਿਚ ਜ਼ਰੂਰਤ ਤੋਂ ਜ਼ਿਆਦਾ ਦਖ਼ਲ ਦੇਖਣ ਨੂੰ ਮਿਲਦਾ ਜੋ ਬੱਚਿਆਂ ਦੀ ਘਰ ਗ੍ਰਹਿਸਤੀ ਵਿਚ ਖਲਲ ਦਾ ਬਾਇਸ ਬਣ ਜਾਂਦਾ। ਕੁੜੀਆਂ ਸਹੁਰੇ ਘਰੀਂ ਜਾ ਕੇ ਵੀ ਆਪਣੇ ਮਾਂ ਪਿਉ ਦਾ ਹੱਦੋਂ ਵੱਧ ਹੇਜ ਨਹੀਂ ਗੁਆਉਂਦੀਆਂ। ਮੁੰਡੇ ਵਾਲੇ ਪਾਸਿਓਂ ਵੀ ਉਸ ਦੇ ਮਾਂ-ਪਿਉ ਫੋਨਾਂ ’ਤੇ ਚੱਕ ਥੱਲ ਕਰਨੋਂ ਨਹੀਂ ਹਟਦੇ। ਆਜ਼ਾਦ ਬੈਠੀਆਂ ਕੁੜੀਆਂ ਚੱਤੋ ਪਹਿਰ ਮਾਂ ਦੀ ਮੱਤ ਨੂੰ ਵੱਡਾ ਜਾਣਦੀਆਂ ਹੋਈਆਂ ਉਨ੍ਹਾਂ ਨੂੰ ਪਹਿਲੀ ਤਰਜੀਹ ਦੇਈ ਜਾਂਦੀਆਂ ਤੇ ਮਾਵਾਂ ਦੇ ਫੋਨਾਂ ’ਚੋਂ ਹੀ ਬਾਹਰ ਨਹੀਂ ਨਿਕਲਦੀਆਂ। ਬੱਚੇ ਜਦੋਂ ਆਪੋ-ਆਪਣੇ ਮਾਂ ਬਾਪ ਦੀਆਂ ਸਲਾਹਾਂ ਅਤੇ ਚੱਕ ਥੱਲ ਮਗਰ ਲੱਗ ਜਾਂਦੇ ਤਾਂ ਉਨ੍ਹਾਂ ਘਰਾਂ ’ਚੋਂ ਰੂਹਦਾਰੀ ਦੇ ਅੰਸ਼ ਤੇ ਪਿਆਰ ਭਾਵਨਾ ਵਾਲੀ ਸਪੇਸ ਮਨਫੀ ਹੋਣ ਲੱਗ ਪੈਂਦੀ ਹੈ।
ਬਈ ਸਾਡੇ ਪਿੰਡ ਸਭਿਆਚਾਰ ਦੀ ਖਾਸ ਰਹਿਤਲ ਹੈ ਜਿਥੇ ਸੰਗ ਸ਼ਰਮ ਨੂੰ ਵੱਡਾ ਮੁਕਾਮ ਦਿੱਤਾ ਗਿਆ। ਬਈ ਜਿਹੜਾ ਪਿੰਡ ਹੁੰਦਾ ਨਾ, ਇਹ ਘਰ ਘਰ ਦੀ ਹਯਾ - ਇਜ਼ਤ ਦੀ ਮਰਯਾਦਾ ਨੂੰ ਬੜੇ ਗੌਰ ਨਾਲ ਵਾਚ ਰਿਹਾ ਹੁੰਦਾ। ਸੱਸ ਸਹੁਰੇ ਦੀ ਕਦਰ ਨੂੰ ਖਾਸ ਸੱਭਿਆਚਾਰੀ ਫਰਜ਼ ਦੇ ਜੁਮਰੇ ਵਿਚ ਲਿਆ ਜਾਂਦਾ। ਜਦ ਅਸੀਂ ਆਪਣੇ ਕਲਚਰ ਨੂੰ ਵਿਸਾਰ ਬੈਠਦੇ ਹਾਂ ਤਾਂ ਅਣਕਿਆਸਿਆ ਹੱਦੋਂ ਬਾਹਲਾ ਗੁਆ ਲੈਂਦੇ ਹਾਂ। ਸਾਡੇ ਇਕ ਸੁਚੇਤ ਮਿੱਤਰ ਨੇ ਵੱਡੇ ਅਰਥਾਂ ਵਾਲੀ ਗੱਲ ਸੁਣਾਈ:
... ਬਹੁਤ ਹੀ ਦਾਨਿਸ਼ਵਰ ਬੰਦਾ ਸਟੇਜਾਂ ’ਤੇ ਵੱਡੇ ਵਿਚਾਰ-ਮੱਤਾਂ ਦਾ ਪਰਸਾਰ ਕਰਦਾ। ਉਸ ਨੇ ਆਪਣੇ ਵਿਦੇਸ਼ ਗਏ ਜ਼ਹੀਨ, ਆਈਟੀ ਪ੍ਰੋਫੈਸ਼ਨਲ ਮੁੰਡੇ ਲਈ ਹੁੱਬ ਕੇ ਹਰ ਪੱਖ ਤੋਂ ਵਿਦਿਆ, ਸੁੰਦਰਤਾ, ਸਰੀਰਕ ਹਾਣ ਦਾ ਖਿਆਲ ਰੱਖਦਿਆਂ ਯੋਗ ਲੜਕੀ ਲੱਭ ਕੇ ਹਾਂ ਕੀਤੀ; ਤੇ ਫੇਰ ਬੜੇ ਚਾਵਾਂ ਮਲਾਰਾਂ ਨਾਲ ਸ਼ਾਦੀ ਰਚਾਈ।
ਸਾਡੇ ਤੇ ਬਾਹਰਲੇ ਦੇਸ਼ਾਂ ਦੇ ਪਾ੍ਰਈਵੇਟ ਸੈਕਟਰ ਦੀਆਂ ਨੌਕਰੀਆਂ ਵਿਚ ਬਹੁਤ ਅੰਤਰ ਹੈ। ਬਾਹਰ ਕੰਮ ਦਾ ਦਬਾਅ ਇੰਨਾ ਜ਼ਿਆਦਾ ਹੈ ਕਿ ਬੰਦਾ ਸਰੀਰਕ ਤੇ ਦਿਮਾਗੀ ਤੌਰ ’ਤੇ ਬੁਰੀ ਤਰ੍ਹਾਂ ਥੱਕ ਟੁੱਟ ਕੇ ਘਰੇ ਪਹੁੰਚਦਾ। ਉਹ ਜਾ ਕੇ ਸਾਡੇ ਦੇਸ਼ ਵਰਗੇ ਸੁਖਾਵੇਂ ਮਾਹੌਲ ਤੋਂ ਖਾਰਜ ਹੋ ਜਾਂਦਾ। ਚੌਵੀ ਘੰਟੇ ਕੰਮ ਦਾ ਬੋਝ ਹੀ ਸਿਰ ਉਪਰ ਛਾਇਆ ਰਹਿੰਦਾ।
... ਲੜਕਾ ਇਕ ਦਿਨ ਆਪਣੀ ਡਿਊਟੀ ਖ਼ਤਮ ਕਰ ਕੇ ਹਨੇਰੇ ਹੋਏ ਘਰ ਪਹੁੰਚਦਾ। ਮੂੰਹ ਹੱਥ ਧੋ ਕੇ ਉਹ ਤੇ ਉਸ ਦੀ ਪਤਨੀ ਖਾਣਾ ਖਾਣ ਲਈ ਡਾਈਨਿੰਗ ਟੇਬਲ ’ਤੇ ਬੈਠੇ ਸਨ, ਅਜੇ ਦਾਲ ਸਬਜ਼ੀ ਕੌਲੀਆਂ ਪਲੇਟਾਂ ’ਚ ਪਾ ਹੀ ਰਹੇ ਸੀ ਕਿ ਫੋਨ ਦੀ ਘੰਟੀ ਵੱਜੀ। ਲੜਕੀ ਵਿਚੇ ਸਾਰਾ ਕੁਝ ਛੱਡ ਕੇ ਫੋਨ ਨੂੰ ਚਿੰਬੜ ਗਈ। ਲੜਕੇ ਨੇ ਪੁੱਛਿਆ, “ਕੀਹਦਾ ਫੋਨ ਐ?” ਲੜਕੀ ਨੇ ਕਿਹਾ, “ਮੇਰੀ ਮੰਮੀ ਦਾ...।” ਲੜਕੇ ਨੇ ਕਿਹਾ, “ਲਿਆ ਮੈਨੂੰ ਫੜਾ...।” ਦਿਨ ਭਰ ਦਾ ਥੱਕਿਆ-ਟੁੱਟਿਆ ਲੜਕਾ ਤਪਿਆ ਪਿਆ ਸੀ- “ਮਸਾਂ ਰੋਟੀ ਖਾਣ ਵੇਲੇ ਸਕੂਨ ਦੇ ਚਾਰ ਪਲ ਮਿਲੇ ਸੀ, ਇਨ੍ਹਾਂ ਨੂੰ ਗੱਲਾਂ ਤੋਂ ਇਲਾਵਾ ਕੋਈ ਕੰਮ ਹੀ ਨਹੀਂ।” ਉਸ ਨੇ ਬੁੜ ਬੁੜ ਕਰਦੇ ਹੋਏ “ਮੰਮੀ ਸਾਡਾ ਐਸ ਵੇਲੇ ਰੋਟੀ ਖਾਣ ਦਾ ਵਕਤ ਹੁੰਦਾ, ਸਾਨੂੰ ਰੋਟੀ ਖਾ ਲੈਣ ਦਿਆ ਕਰੋ... ਆਹ ਹੀ ਤਾਂ ਸਾਡੇ ਕੋਲ ਚਾਰ ਮਿੰਟ ਹੁੰਦੇ ਆ... ਥੋਨੂੰ ਫੋਨ ਤੋਂ ਬਿਨਾ... ਜਦੋਂ ਜੀਅ ਕਰਦਾ ਆਪਣੇ ਪਰਵਚਨ ਲੈ ਬਹਿੰਦੇ ਹੋ...।” ਸੱਸ ਸਾਹਿਬਾ ਖਿਝ ਗਈ; ਉਸ ਨੇ ਲੜਕੀ ਕੋਲ ਹੇਜ ਜਤਾਇਆ- “ਮੇਰਾ ਤਾਂ ਰਿਹਾ ਹੀ ਕੁਛ ਨੀ, ਮੇਰਾ ਹਜਾਅ ਹੀ ਲਾਹ ਕੇ ਰੱਖਤਾ। ਅੱਗੇ ਤੋਂ ਮੈਂ ਥੋਨੂੰ ਫੋਨ ਈ ਨਹੀਂ ਕਰਨਾ...।”
ਗੱਲ ਵਧ ਗਈ। ਲੜਕੇ ਲੜਕੀ ਵਿਚਕਾਰ ਤੂੰ ਤੂੰ ਮੈਂ ਮੈਂ ਤੋਂ ਅੱਗੇ ਗੱਲ ਹੋਰ ਰੂਪ ਧਾਰ ਗਈ। ਸ਼ਬਦੀ ਜੰਗ ਐਸੀ ਟੇਢੀ ਦਿਸ਼ਾ ਵੱਲ ਚਲੀ ਗਈ ਕਿ ਗੱਲ ਪ੍ਰਸ਼ਾਸਨ ਕੋਲ ਪੁੱਜ ਗਈ। ਪੁਲੀਸ ਆਈ। ਰੌਲਾ ਮਾਂ ਦੇ ਹੇਜ ਦਾ। ਤਪੇ ਦੋਨੋਂ ਹੀ ਪਏ ਸੀ। ਪੁਲੀਸ ਨੇ ਤੁਰੰਤ ਹੁਕਮ ਸਾਦਰ ਕਰ ਦਿੱਤਾ- ‘ਲੜਕਾ ਤੁਰੰਤ ਘਰ ਛੱਡ ਦੇਵੇ। ਇਕ ਮਹੀਨਾ ਘਰੋਂ ਬਾਹਰ ਰਹੇਗਾ ਅਤੇ ਉਸ ਨੂੰ 200 ਮੀਟਰ ਦੇ ਘੇਰੇ ਵਿਚ ਘਰ ਦੇ ਨੇੜੇ ਨਹੀਂ ਆਉਣਾ ਹੋਵੇਗਾ। ਨਾ ਕੋਈ ਫੋਨ, ਨਾ ਕੋਈ ਰਾਬਤਾ ਕਰਨਾ ਹੋਵੇਗਾ। ਬਹੁਤ ਜ਼ਰੂਰੀ ਹੋਵੇ ਤਾਂ ਪੁਲੀਸ ਦੀ ਮਦਦ ਲੈਣੀ ਹੋਵੇਗੀ।’
ਯਕਦਮ ਲੜਕੇ ਨੂੰ ਆਪਣੇ ਹੱਥੀਂ ਤਿਆਰ ਕੀਤਾ ਘਰ ਛੱਡਣਾ ਪਿਆ ਤੇ ਕਿਸੇ ਦੋਸਤ ਮਿੱਤਰ ਕੋਲ ਪਨਾਹ ਲੈਣੀ ਪਈ। ਆਪਣੇ ਘਰ ਵੱਲ ਝਾਕਣਾ ਵੀ ਮਨ੍ਹਾ ਹੋ ਗਿਆ ਸੀ। ਅਜੇ ਹਫ਼ਤਾ ਦਸ ਦਿਨ ਹੀ ਬੀਤੇ ਸੀ ਕਿ ਲੜਕੀ ਨੂੰ ਪਰੇਸ਼ਾਨੀਆਂ ਨੇ ਘੇਰ ਲਿਆ। ਉਨ੍ਹਾਂ ਦਾ ਛੋਟਾ ਜਿਹਾ ਦੋ ਕੁ ਸਾਲ ਦਾ ਬੱਚਾ, ਉਸ ਇਕੱਲੀ ਤੋਂ ਸੂਤ ਨਾ ਆਵੇ। ਅਖ਼ੀਰ ਅਤਿਅੰਤ ਦੁਖੀ ਹੋਈ ਨੂੰ ਕੋਈ ਵੀ ਚਾਰਾ ਨਾ ਚਲਦਾ ਦੇਖ ਕੇ ਪੁਲੀਸ ਅੱਗੇ ਬੇਨਤੀ ਕਰਨੀ ਪਈ- ‘ਮੇਰੇ ਪਤੀ ਨੂੰ ਘਰੇ ਵਾਪਸ ਆਉਣ ਦੀ ਆਗਿਆ ਦਿੱਤੀ ਜਾਵੇ। ਸਾਡਾ ਅੱਗੇ ਤੋਂ ਕੋਈ ਝਗੜਾ ਨਹੀਂ ਹੋਵੇਗਾ’ ਪਰ ਪੁਲੀਸ ਨੇ ਨਾਂਹ ਕਰ ਦਿਤੀ- ‘ਤੁਹਾਡੇ ਪਤੀ ਦਾ ਜਿੰਨਾ ਚਿਰ ਮਹੀਨੇ ਦਾ ਸਮਾਂ ਪੂਰਾ ਨਹੀਂ ਹੁੰਦਾ, ਉਹ ਕਿਸੇ ਵੀ ਸੂਰਤ ਵਿਚ ਇਸ ਘਰ ਅੰਦਰ ਪੈਰ ਨਹੀਂ ਰੱਖ ਸਕਦਾ। ਪੂਰਾ ਮਹੀਨਾ ਬਾਹਰ ਕੱਟਣਾ ਪਵੇਗਾ।’
ਦੇਖੋ! ਜੇ ਬੋਲਣ ਕੂਣ ਵਿਚ ਇਹੋ ਜਿਹੀ ਵਾਧ ਘਾਟ ਐਧਰ ਸਾਡੇ ਵਤਨ ’ਚ ਹੋਈ ਹੁੰਦੀ ਤਾਂ ਸਾਕਾਂ ਸਬੰਧੀਆਂ ਨੇ ਨਜਿੱਠ ਲੈਣਾ ਸੀ। ਘਰਾਂ ਵਿਚ ਨਿੱਕੇ ਮੋਟੇ ਝਗੜੇ ਹੁੰਦੇ ਈ ਰਹਿੰਦੇ ਪਰ ਦੋ ਚਾਰ ਦਿਨਾਂ ਬਾਅਦ ਸਾਰਾ ਮਾਹੌਲ ਅਕਸਰ ਆਮ ਵਰਗਾ ਹੋ ਜਾਂਦਾ। ਇਸੇ ਕਰ ਕੇ ਆਵਦੀ ਮਿੱਟੀ ਦੇ ਸੁਖ ਸਕੂਨ ਹੋਰ ਹੁੰਦੇ, ਤੇ ਹੋਰ ਹੀ ਹੁੰਦੇ ਮਸਲੇ ਪਰਦੇਸਾਂ ਦੇ। ਹੁਣ ਵੱਡਾ ਵਿਚਾਰਨ ਵਾਲਾ ਸਵਾਲ ਇਹ ਖੜ੍ਹਾ ਹੋ ਗਿਆ ਲੱਗਦਾ, ਬਈ ਉਸ ਲੜਕੇ ਲੜਕੀ ਦੀ ਅਜੇ ਢੇਰ ਸਾਰੀ ਉਮਰ ਪਈ ਹੈ। ਇਸ ਘਟਨਾ ਨੇ ਉਨ੍ਹਾਂ ਦੇ ਗ੍ਰਹਿਸਤੀ ਜੀਵਨ ’ਤੇ ਵੱਡਾ ਪ੍ਰਸ਼ਨ ਚਿੰਨ ਲਾ ਦਿੱਤਾ... ਭਵਿੱਖ ਵਿਚ ਉਨ੍ਹਾਂ ਦੀਆਂ ਆਸਾਂ ਉਮੀਦਾਂ ਦਾ ਕੀ ਬਣੂਗਾ?
ਸੰਪਰਕ: 99151-06449

Advertisement
Advertisement