ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉੜੀਸਾ: ਪੁਲੀਸ ਥਾਣੇ ’ਚ ਸਿੱਖ ਜੋੜੇ ਦੀ ਕੁੱਟਮਾਰ ਖ਼ਿਲਾਫ਼ 24 ਨੂੰ ਬੰਦ ਦਾ ਸੱਦਾ

06:28 PM Sep 22, 2024 IST

ਭੁਬਨੇਸ਼ਵਰ, 22 ਸਤੰਬਰ
Odisha Police assault on Army officer and His Fiance: ਉੜੀਸਾ ਦੀ ਮੁੱਖ ਵਿਰੋਧੀ ਪਾਰਟੀ ਬੀਜੂ ਜਨਤਾ ਦਲ (ਬੀਜੇਡੀ) ਨੇ ਸੂਬੇ ਦੀ ਰਾਜਧਾਨੀ ਭੁਬਨੇਸ਼ਵਰ ਦੇ ਭਰਤਪੁਰ ਪੁਲੀਸ ਥਾਣੇ ਵਿਚ ਬੀਤੀ 15 ਸਤੰਬਰ ਦੇ ਤੜਕੇ ਇਕ ਸਿੱਖ ਫ਼ੌਜੀ ਅਫ਼ਸਰ ਤੇ ਉਸ ਦੀ ਮੰਗੇਤਰ ਨਾਲ ਕਥਿਤ ਕੁੱਟਮਾਰ ਕੀਤੇ ਜਾਣ ਖ਼ਿਲਾਫ਼ 24 ਸਤੰਬਰ ਨੂੰ ਭੁਬਨੇਸ਼ਵਰ ਵਿਚ 6 ਘੰਟਿਆਂ ਦੇ ਬੰਦ ਦਾ ਸੱਦਾ ਦਿੱਤਾ ਹੈ। ਦੱਸਣਯੋਗ ਹੈ ਕਿ ਪੀੜਤ ਲੜਕੀ ਖ਼ੁਦ ਇਕ ਸਿੱਖ ਫ਼ੌਜੀ ਅਫ਼ਸਰ ਦੀ ਧੀ ਵੀ ਹੈ।
ਬੀਜੇਡੀ ਆਗੂ ਦੇਵੀ ਪ੍ਰਸਾਦ ਮਿਸ਼ਰਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉੜੀਸਾ ਅਮਨਪਸੰਦ ਸੂਬਾ ਹੈ ਪਰ ਇਥੇ ਭਾਜਪਾ ਦੇ 100 ਦਿਨਾਂ ਦੇ ਰਾਜ ਦੌਰਾਨ ਹੀ ਹਿੰਸਾ ਦੀਆਂ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦੇ ਰੋਸ ਵਜੋਂ ਮੰਗਲਵਾਰ ਨੂੰ 6 ਘੰਟੇ ਲਈ ਭੁਬਨੇਸ਼ਵਰ ਬੰਦ ਰੱਖਿਆ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਸਿੱਖ ਜੋੜੇ ਉਤੇ ਤਸ਼ੱਦਦ ਢਾਹੇ ਜਾਣ ਦੇ ਮੌਜੂਦਾ ਮਾਮਲੇ ਵਿਚ ਸਰਕਾਰ ਤਮਾਸ਼ਬੀਨ ਬਣੀ ਹੋਈ ਹੈ।
ਇਸ ਤੋਂ ਪਹਿਲਾਂ ਪਾਰਟੀ ਨੇ ਇਥੇ ਰਾਜ ਭਵਨ ਅੱਗੇ ਮੁਜ਼ਾਹਰਾ ਕਰ ਕੇ ਸਿੱਖ ਫ਼ੌਜੀ ਅਫ਼ਸਰ ਤੇ ਉਸ ਦੀ ਮੰਗੇਤਰ ਨਾਲ ਹੋਏ ਤਸ਼ੱਦਦ ਦੀ ਨਿਆਇਕ ਜਾਂਚ ਕਰਵਾ ਕੇ ਜ਼ਿੰਮਵਾਰ ਪੁਲੀਸ ਅਫ਼ਸਰਾਂ ਨੂੰ ਸਖ਼ਤ ਸਜ਼ਾਵਾਂ ਦਿੱਤੇ ਜਾਣ ਦੀ ਮੰਗ ਵੀ ਕੀਤੀ।
ਦੂਜੇ ਪਾਸੇ ਭਾਜਪਾ ਆਗੂ ਦਿਲੀਪ ਮਲਿਕ ਨੇ ਵਿਰੋਧੀ ਬੀਜੇਡੀ ਉਤੇ ਮਾਮਲੇ ਦਾ ਸਿਆਸੀਕਰਨ ਕੀਤੇ ਜਾਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਖ਼ਤ ਕਦਮ ਚੁੱਕੇ ਹਨ।

Advertisement

ਕੀ ਹੈ ਮਾਮਲਾ
ਰਿਪੋਰਟਾਂ ਮੁਤਾਬਕ ਪੱਛਮੀ ਬੰਗਾਲ ਦੇ ਜਲਪਾਇਗੁੜੀ ਵਿਚ ਤਾਇਨਾਤ 22ਵੀਂ ਸਿੱਖ ਰੈਜੀਮੈਂਟ ਨਾਲ ਸਬੰਧਤ ਅਫ਼ਸਰ ਗੁਰਵੰਸ਼ ਸਿੰਘ ਗੋਸਲ ਅਤੇ ਉਨ੍ਹਾਂ ਦੀ ਮੰਗੇਤਰ 15 ਸਤੰਬਰ ਦੇ ਤੜਕੇ ਸੜਕੀ ਲੜਾਈ-ਝਗੜੇ (ਰੋਡ ਰੇਜ) ਦੇ ਇਕ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਉਣ ਭੁਬਨੇਸ਼ਵਰ ਦੇ ਭਰਤਪੁਰ ਪੁਲੀਸ ਸਟੇਸ਼ਨ ਗਏ ਸਨ। ਇਸ ਦੌਰਾਨ ਉਨ੍ਹਾਂ ਦੀ ਥਾਣੇ ਵਿਚ ਮੌਜੂਦ ਮੁਲਾਜ਼ਮਾਂ ਨਾਲ ਬਹਿਸ ਹੋ ਗਈ। ਦੱਸਿਆ ਜਾਂਦਾ ਹੈ ਕਿ ਇਸ ’ਤੇ ਥਾਣੇ ਵਿਚ ਡਿਊਟੀ ’ਤੇ ਤਾਇਨਾਤ ਪੁਲੀਸ ਅਫ਼ਸਰਾਂ ਵੱਲੋਂ ਸਿੱਖ ਜੋੜੇ ਦੀ ਕੁੱਟਮਾਰ ਕੀਤੀ ਗਈ। ਇਹ ਵੀ ਦੋਸ਼ ਹਨ ਕਿ ਇਕ ਮਰਦ ਪੁਲੀਸ ਅਫ਼ਸਰ ਨੇ ਸਿੱਖ ਫ਼ੌਜੀ ਅਫ਼ਸਰ ਦੀ ਮੰਗੇਤਰ ਨਾਲ ਛੇੜਛਾੜ ਵੀ ਕੀਤੀ। ਇਸ ਘਟਨਾ ਦਾ ਵੱਡੇ ਪੱਧਰ ’ਤੇ ਵਿਰੋਧ ਹੋਣ ਪਿੱਛੋਂ ਇਸ ਸਬੰਧੀ ਪੰਜ ਪੁਲੀਸ ਅਫ਼ਸਰਾਂ ਨੂੰ ਮੁਅੱਤਲ ਕੀਤਾ ਗਿਆ ਹੈ। -ਆਈਏਐੱਨਐੱਸ

Advertisement
Advertisement