ਉੜੀਸਾ: ਫ਼ੌਜੀ ਅਧਿਕਾਰੀ ਤੇ ਮੰਗੇਤਰ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ
ਭੁਬਨੇਸ਼ਵਰ, 23 ਸਤੰਬਰ
ਫੌਜੀ ਅਧਿਕਾਰੀ ਤੇ ਉਸ ਦੀ ਮੰਗੇਤਰ, ਜਿਨ੍ਹਾਂ ’ਤੇ ਪੁਲੀਸ ਥਾਣੇ ਵਿਚ ਕਥਿਤ ਹਮਲਾ ਕੀਤਾ ਗਿਆ ਸੀ, ਨੇ ਅੱਜ ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨਾਲ ਮੁਲਾਕਾਤ ਕੀਤੀ। ਸੂਬਾ ਸਰਕਾਰ ਨੇ ਲੰਘੇ ਦਿਨ ਇਸ ਮਾਮਲੇ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਸਨ। ਮੁੱਖ ਮੰਤਰੀ ਨਾਲ ਅੱਜ ਸਵੇਰੇ ਸਕੱਤਰੇਤ ਵਿਚ ਹੋਈ ਬੈਠਕ ਮੌਕੇ ਮਹਿਲਾ ਦਾ ਪਿਤਾ ਵੀ ਮੌਜੂਦ ਸੀ। ਇਸ ਦੌਰਾਨ ਮੁੱਖ ਵਿਰੋਧੀ ਧਿਰ ਬੀਜੂ ਜਨਤਾ ਦਲ ਨੇ ਮੰਗਲਵਾਰ ਲਈ ਦਿੱਤਾ ਭੁਬਨੇਸ਼ਵਰ ਬੰਦ ਦਾ ਸੱਦਾ ਵਾਪਸ ਲੈ ਲਿਆ ਹੈ। ਮਾਝੀ ਨਾਲ ਬੈਠਕ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿਲਾ ਦੇ ਪਿਤਾ ਨੇ ਕਿਹਾ, ‘ਅਸੀਂ ਉੜੀਸਾ ਸਰਕਾਰ ਨੂੰ ਨਿਆਂਇਕ ਜਾਂਚ ਕਰਵਾਉਣ ਦੀ ਅਪੀਲ ਕੀਤੀ ਸੀ ਤੇ ਸਰਕਾਰ ਨੇ ਇਸ ਦੀ ਸਹਿਮਤੀ ਵੀ ਦਿੱਤੀ। ਅਸੀਂ ਫੈਸਲੇ ਦਾ ਸਵਾਗਤ ਤੇ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹਾਂ।’ ਮਾਝੀ ਨੇ ਭਰਤਪੁਰ ਦੇ ਪੁਲੀਸ ਥਾਣੇ ਵਿਚ ਫੌਜੀ ਅਧਿਕਾਰੀ ਨੂੰ ਕਥਿਤ ਤਸੀਹੇ ਦੇਣ ਤੇ ਉਸ ਦੀ ਮੰਗੇਤਰ ’ਤੇ ‘ਜਿਨਸੀ ਹਮਲਾ’ ਕਰਨ ਦੇ ਮਾਮਲੇ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਸਨ। ਮੁੱਖ ਮੰਤਰੀ ਨਾਲ ਹੋਈ ਬੈਠਕ ਵਿਚ ਕੁਝ ਸੇਵਾਮੁਕਤ ਫੌਜੀ ਅਧਿਕਾਰੀ, ਉਪ ਮੁੱਖ ਮੰਤਰੀ ਕੇਵੀ ਸਿੰਘ ਦਿਓ ਤੇ ਮਾਲੀਆ ਮੰਤਰੀ ਸੁਰੇਸ਼ ਪੁਜਾਰੀ ਵੀ ਮੌਜੂਦ ਸਨ। -ਪੀਟੀਆਈ