ਉੜੀਸਾ: ਆਮਦਨ ਕਰ ਵਿਭਾਗ ਵੱਲੋਂ 351 ਕਰੋੜ ਰੁਪਏ ਜ਼ਬਤ
ਨਵੀਂ ਦਿੱਲੀ/ਭੁਵਨੇਸ਼ਨਵਰ, 10 ਦਸੰਬਰ
ਉੜੀਸਾ ਸਥਿਤ ਬੌਧ ਡਿਸਟਿਲਰੀ ਪ੍ਰਾਈਵੇਟ ਲਿਮਿਟਡ ਅਤੇ ਹੋਰਾਂ ਖ਼ਿਲਾਫ਼ ਆਮਦਨ ਕਰ ਵਿਭਾਗ ਦੇ ਛਾਪਿਆਂ ’ਚ ਹੁਣ ਤੱਕ ਬਰਾਮਦ ਕੀਤੀ ਗਈ ਨਕਦੀ 351 ਕਰੋੜ ਰੁਪਏ ਤੋਂ ਪਾਰ ਹੋ ਗਈ ਹੈ। ਇਹ ਦੇਸ਼ ’ਚ ਕਿਸੇ ਵੀ ਜਾਂਚ ਏਜੰਸੀ ਵੱਲੋਂ ਕੀਤੀ ਗਈ ਇਕੋ-ਇਕ ਕਾਰਵਾਈ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਜ਼ਬਤੀ ਬਣ ਗਈ ਹੈ। ਅਧਿਕਾਰਤ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਬੌਧ ਡਿਸਟਿਲਰੀ ਪ੍ਰਾਈਵੇਟ ਲਿਮਿਟਡ, ਉਸ ਦੇ ਪ੍ਰਮੋਟਰ ਅਤੇ ਹੋਰਾਂ ਖ਼ਿਲਾਫ਼ ਮਾਰੇ ਗਏ ਛਾਪਿਆਂ ਮਗਰੋਂ ਕਾਰਵਾਈ ਅੱਜ ਪੰਜਵੇਂ ਦਿਨ ’ਚ ਦਾਖਲ ਹੋ ਗਈ ਹੈ। ਟੈਕਸ ਚੋਰੀ ਅਤੇ ‘ਆਫ ਦਿ ਬੁੱਕ’ (ਜਿਸ ਦਾ ਲੇਖਾਜੋਖਾ ਕੰਪਨੀ ਦੇ ਵਿੱਤੀ ਰਿਕਾਰਡ ’ਚ ਨਾ ਹੋਵੇ) ਲੈਣ-ਦੇਣ ਦੇ ਦੋਸ਼ ਹੇਠ ਟੈਕਸ ਅਧਿਕਾਰੀਆਂ ਵੱਲੋਂ 6 ਦਸੰਬਰ ਨੂੰ ਛਾਪੇ ਮਾਰਨੇ ਸ਼ੁਰੂ ਕੀਤੇ ਗਏ ਸਨ। ਸੂਤਰਾਂ ਨੇ ਦੱਸਿਆ ਕਿ ਗਿਣਤੀ ਦੌਰਾਨ 351 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਵਿਭਾਗ ਦਾ ਮੰਨਣਾ ਹੈ ਕਿ ਇਹ ਬੇਹਿਸਾਬੀ ਨਕਦੀ ਵਪਾਰਕ ਸਮੂਹ, ਵਿਕਰੇਤਾਵਾਂ ਤੇ ਹੋਰਾਂ ਵੱਲੋਂ ਦੇਸ਼ੀ ਸ਼ਰਾਬ ਦੀ ਨਕਦ ਵਿਕਰੀ ਤੋਂ ਇਕੱਠੀ ਕੀਤੀ ਗਈ ਹੈ। ਸੂਤਰਾਂ ਨੇ ਕਿਹਾ ਕਿ ਕਿਸੇ ਇੱਕ ਸਮੂਹ ਤੇ ਉਸ ਨਾਲ ਜੁੜੀਆਂ ਸੰਸਥਾਵਾਂ ਖ਼ਿਲਾਫ਼ ਕਾਰਵਾਈ ਤਹਿਤ ਦੇਸ਼ ’ਚ ਕਿਸੇ ਏਜੰਸੀ ਵੱਲੋਂ ਕੀਤੀ ਗਈ ਇਹ ਸਭ ਤੋਂ ਵੱਧ ਨਕਦੀ ਦੀ ਜ਼ਬਤੀ ਹੈ। ਇਸ ਤੋਂ ਪਹਿਲਾਂ ਇੰਨੀ ਵੱਡੀ ਮਾਤਰਾ ’ਚ ਨਕਦੀ 2019 ਵਿੱਚ ਬਰਾਮਦ ਕੀਤੀ ਗਈ ਸੀ ਜਦੋਂ ਜੀਐੱਸੀਟੀ ਇੰਟੈਲੀਜੈਂਸ ਨੇ ਕਾਨਪੁਰ ਦੇ ਇੱਕ ਕਾਰੋਬਾਰੀ ਦੇ ਟਿਕਾਣਿਆਂ ’ਤੇ ਛਾਪੇ ਮਾਰ ਕੇ 257 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ। ਉੱਥੇ ਹੀ ਜੁਲਾਈ 2018 ਵਿੱਚ ਤਾਮਿਲ ਨਾਡੂ ’ਚ ਇਕ ਸੜਕ ਨਿਰਮਾਣ ਫਰਮ ਖ਼ਿਲਾਫ਼ ਤਲਾਸ਼ੀ ਦੌਰਾਨ ਆਮਦਨ ਕਰ ਵਿਭਾਗ ਵੱਲੋਂ 163 ਕਰੋੜ ਰੁਪਏ ਦੀ ਨਕਦੀ ਮਿਲਣ ਦਾ ਖੁਲਾਸਾ ਕੀਤਾ ਗਿਆ ਸੀ। ਵਿਭਾਗ ਉਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਬਿਆਨ ਵੀ ਦਰਜ ਕਰ ਰਿਹਾ ਹੈ ਜੋ ਛਾਪਿਆਂ ਵਾਲੀਆਂ ਥਾਵਾਂ ’ਤੇ ਮੌਜੂਦ ਸਨ। -ਪੀਟੀਆਈ