For the best experience, open
https://m.punjabitribuneonline.com
on your mobile browser.
Advertisement

ਸਭ ਜੀਵਾਂ ਲਈ ਬੇਹੱਦ ਅਹਿਮ ਹਨ ਮਹਾਸਾਗਰ

07:03 AM Jun 30, 2024 IST
ਸਭ ਜੀਵਾਂ ਲਈ ਬੇਹੱਦ ਅਹਿਮ ਹਨ ਮਹਾਸਾਗਰ
Advertisement

ਅਸ਼ਵਨੀ ਚਤਰਥ

Advertisement

ਪੁਲਾੜ ਤੋਂ ਵੇਖਣ ’ਤੇ ਧਰਤੀ ਨੀਲੇ ਰੰਗ ਦੇ ਗੋਲੇ ਦੀ ਤਰ੍ਹਾਂ ਨਜ਼ਰ ਆਉਂਦੀ ਹੈ ਜਿਸ ਉੱਤੇ ਭੂਰੇ, ਚਿੱਟੇ, ਹਰੇ ਅਤੇ ਪੀਲੇ ਰੰਗ ਦੇ ਧੱਬੇ ਬਣੇ ਹੋਏ ਨਜ਼ਰ ਆਉਂਦੇ ਹਨ। ਹਰਾ ਰੰਗ ਜੰਗਲਾਂ, ਚਿੱਟਾ ਰੰਗ ਬਰਫ਼ ਦੀਆਂ ਚੱਟਾਨਾਂ, ਪੀਲਾ ਤੇ ਭੂਰਾ ਰੰਗ ਜ਼ਮੀਨ ਤੇ ਪਹਾੜਾਂ ਅਤੇ ਨੀਲਾ ਰੰਗ ਧਰਤੀ ਦੇ ਵੱਖ-ਵੱਖ ਮਹਾਸਾਗਰਾਂ (Oceans) ਕਰਕੇ ਨਜ਼ਰ ਆਉਂਦਾ ਹੈ। ਧਰਤੀ ਦੇ ਕੁੱਲ ਰਕਬੇ ਦੇ ਦੋ ਤਿਹਾਈ (71 ਫ਼ੀਸਦੀ) ਹਿੱਸੇ ਉੱਤੇ ਮਹਾਸਾਗਰ ਹੀ ਹਨ। ਧਰਤੀ ਦੇ ਕੁੱਲ ਪਾਣੀ ਦਾ 97 ਫ਼ੀਸਦੀ ਹਿੱਸਾ ਮਹਾਸਾਗਰਾਂ ਵਿੱਚ ਹੀ ਹੈ। ਖਣਿਜ ਪਦਾਰਥ ਘੁਲੇ ਹੋਣ ਕਰਕੇ ਇਹ ਪਾਣੀ ਖਾਰਾ ਭਾਵ ਲੂਣਾ ਹੈ ਅਤੇ ਮਨੁੱਖੀ ਆਬਾਦੀ ਦੇ ਪੀਣ ਯੋਗ ਨਹੀਂ ਹੈ। ਮਹਾਸਾਗਰਾਂ ਦੀ ਹੇਠਲੀ ਤਹਿ ਉੱਤੇ ਪਏ ਰੇਤ, ਚਿੱਕੜ ਅਤੇ ਪਥਰੀਲੇ ਕਣ ਧਰਤੀ ਦੀਆਂ ਵੱਖ ਵੱਖ ਕੁਦਰਤੀ ਗਤੀਵਿਧੀਆਂ ਜਿਵੇਂ ਜਵਾਲਾਮੁਖੀਆਂ ਦੇ ਫਟਣ, ਭੋਇੰ-ਖੋਰ ਅਤੇ ਪਹਾੜਾਂ ਦੇ ਟੁੱਟਣ ਕਾਰਨ ਪੈਦਾ ਹੋਏ ਕਣਾਂ ਦੇ ਦਰਿਆਈ ਪਾਣੀਆਂ ਨਾਲ ਵਹਿ ਕੇ ਸਮੁੰਦਰਾਂ ਵਿੱਚ ਆ ਕੇ ਮਿਲਣ ਨਾਲ ਬਣਦੇ ਹਨ। ਮਹਾਸਾਗਰਾਂ ਦਾ ਕੁੱਲ ਖੇਤਰਫਲ 36 ਕਰੋੜ ਵਰਗ ਕਿਲੋਮੀਟਰ ਦੇ ਕਰੀਬ ਹੈ ਜੋ ਆਪਣੇ ਅੰਦਰ 1.35 ਅਰਬ ਘਣ ਕਿਲੋਮੀਟਰ ਆਇਤਨ ਦੇ ਬਰਾਬਰ ਪਾਣੀ ਨੂੰ ਸਮੋਈ ਬੈਠੇ ਹਨ। ਮਹਾਸਾਗਰਾਂ ਦੀ ਔਸਤ ਗਹਿਰਾਈ 3688 ਮੀਟਰ ਹੈ ਜਦੋਂਕਿ ਮਾਰੀਆਨਾ ਟਾਪੂ ਨੇੜੇ ਮਾਰੀਆਨਾ ਖੱਡ ਸਮੁੰਦਰ ਦੀ ਸਭ ਤੋਂ ਡੂੰਘੀ ਜਗ੍ਹਾ ਹੈ ਜਿਸ ਦੀ ਡੂੰਘਾਈ 10,994 ਮੀਟਰ ਹੈ। ਮਹਾਸਾਗਰਾਂ ਨੂੰ ਪੰਜ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਜੋ ਕਿ ਖੇਤਰਫਲ ਦੀ ਘਟਦੀ ਤਰਤੀਬ ਵਿੱਚ ਇੰਝ ਹਨ: ਪ੍ਰਸ਼ਾਂਤ ਮਹਾਸਾਗਰ, ਅਟਲਾਂਟਿਕ, ਹਿੰਦ ਮਹਾਸਾਗਰ, ਅੰਟਾਰਕਟਿਕ (ਦੱਖਣੀ)ਅਤੇ ਆਰਕਟਿਕ ਮਹਾਸਾਗਰ। ਵਿਗਿਆਨੀਆਂ ਦਾ ਖ਼ਿਆਲ ਹੈ ਕਿ ਮਹਾਸਾਗਰਾਂ ਵਿੱਚ ਬਨਸਪਤੀ ਅਤੇ ਜੀਵ-ਜੰਤੂਆਂ ਦੀਆਂ ਤਕਰੀਬਨ ਦਸ ਲੱਖ ਪ੍ਰਜਾਤੀਆਂ ਮੌਜੂਦ ਹਨ। ਸਮੁੰਦਰ ਇਨ੍ਹਾਂ ਜੀਵ-ਜੰਤੂਆਂ ਦਾ ਕੁਦਰਤੀ ਘਰ ਹੈ ਜਿੱਥੇ ਇਹ ਜੀਵ ਆਪਣੇ ਜੀਵਨ ਦੀਆਂ ਸਾਰੀਆਂ ਕੁਦਰਤੀ ਗਤੀਵਿਧੀਆਂ ਨੂੰ ਨੇਪਰੇ ਚਾੜ੍ਹਦੇ ਹਨ। ਵਿਗਿਆਨੀ ਇਹ ਵੀ ਦੱਸਦੇ ਹਨ ਕਿ ਉਹ ਹੁਣ ਤੱਕ ਇਸ ਸਮੁੰਦਰੀ ਖ਼ਜ਼ਾਨੇ ਦਾ ਸਿਰਫ਼ ਪੰਜਵਾਂ ਹਿੱਸਾ ਹੀ ਲੱਭ ਸਕੇ ਹਨ। ਸਮੁੰਦਰਾਂ ਵਿੱਚ ਮਿਲਦੀ ਬਨਸਪਤੀ ਵਿੱਚ ਅਨੇਕਾਂ ਤਰ੍ਹਾਂ ਦੀਆਂ ਕਾਈਆਂ (Algae) ਜਿਵੇਂ ਲਾਲ, ਭੂਰੀ, ਪੀਲੀ ਅਤੇ ਹਰੀ ਕਾਈਆਂ ਤੋਂ ਇਲਾਵਾ ਸਮੁੰਦਰੀ ਉੱਲੀ, ਸਮੁੰਦਰੀ ਘਾਹ ਅਤੇ ਨੀਲੇ ਹਰੇ ਰੰਗ ਦੇ ਸਾਈਨੋ ਬੈਕਟੀਰੀਆ ਆਦਿ ਮੌਜੂਦ ਹਨ। ਇਹ ਸਾਰੀ ਬਨਸਪਤੀਆਂ ਸਮੁੰਦਰ ਦੇ ਉੱਪਰਲੇ ਤਲ ਤੋਂ ਸਿਰਫ਼ 200 ਮੀਟਰ ਦੀ ਡੂੰਘਾਈ ਤੱਕ ਹੀ ਮਿਲਦੀਆਂ ਹਨ। ਇਨ੍ਹਾਂ ਬਨਸਪਤੀਆਂ ਦੁਆਰਾ ਤਿਆਰ ਕੀਤਾ ਗਿਆ ਭੋਜਨ ਹੀ ਸਮੁੱਚੇ ਸਮੁੰਦਰਾਂ ਦੇ ਸਾਰੇ ਜੀਵਾਂ ਲਈ ਖ਼ੁਰਾਕ ਦਾ ਕੰਮ ਕਰਦਾ ਹੈ। ਮਹਾਸਾਗਰਾਂ ਵਿੱਚ ਮਿਲਦੇ ਜੰਤੂਆਂ ਵਿੱਚ ਡਾਲਫਿਨ, ਵੇਲ ਮੱਛੀ, ਸ਼ਾਰਕ, ਜੈਲੀ ਫਿਸ਼, ਸਮੁੰਦਰੀ ਸ਼ੇਰ, ਕੈੱਲਪ, ਕੱਛੂਕੁੰਮੇ, ਮੂੰਗੇ, ਧਰੂਵੀ ਰਿੱਛ, ਨੀਲੀ ਵੇਲ ਆਦਿ ਸ਼ਾਮਿਲ ਹਨ। ਅਣਗਿਣਤ ਬਨਸਪਤੀਆਂ ਅਤੇ ਜੰਤੂਆਂ ਨੂੰ ਆਪਣੇ ਅੰਦਰ ਧਾਰਨ ਕਰੀ ਬੈਠੇ ਸਮੁੰਦਰ ਧਰਤੀ ਉੱਪਰ ਵੱਸਦੇ ਜੀਵਾਂ ਲਈ ਫੇਫੜਿਆਂ ਦੀ ਨਿਆਈਂ ਹਨ ਕਿਉਂਕਿ ਵਾਯੂਮੰਡਲ ਵਿਚਲੀ ਕੁੱਲ ਆਕਸੀਜਨ ਦਾ ਤਕਰੀਬਨ ਅੱਧਾ ਹਿੱਸਾ ਸਮੁੰਦਰਾਂ ਤੋਂ ਹੀ ਆਉਂਦਾ ਹੈ। ਇਸ ਆਕਸੀਜਨ ਸਦਕਾ ਹੀ ਅਸੀਂ ਸਾਰੇ ਸਾਹ ਲੈਂਦੇ ਹਾਂ। ਇਸ ਲਈ ਸਮੂਹ ਜੀਵਾਂ ਦੀਆਂ ਸਾਹ ਕਿਰਿਆਵਾਂ ਜਾਰੀ ਰੱਖਣ ਲਈ ਸਮੁੰਦਰਾਂ ਨੂੰ ਸੁਰੱਖਿਅਤ ਰੱਖਣਾ ਬੇਹੱਦ ਲਾਜ਼ਮੀ ਹੈ। ਇਸ ਤੋਂ ਇਲਾਵਾ ਮਨੁੱਖ ਦੁਆਰਾ ਵੱਖ-ਵੱਖ ਕਿਰਿਆਵਾਂ ਰਾਹੀਂ ਛੱਡੀ ਗਈ ਕਾਰਬਨ ਡਾਇਆਕਸਾਈਡ ਦਾ ਤੀਜਾ ਹਿੱਸਾ ਸਮੁੰਦਰ ਹੀ ਸੋਖ ਲੈਂਦੇ ਹਨ। ਅਜਿਹਾ ਕਰਦਿਆਂ ਸਮੁੰਦਰ ਹਵਾ ਨੂੰ ਸ਼ੁੱਧ ਵੀ ਕਰਦੇ ਹਨ ਅਤੇ ਹਵਾ ਵਿਚਲੀ ਆਕਸੀਜਨ ਤੇ ਕਾਰਬਨ ਡਾਇਆਕਸਾਈਡ ਦੀ ਮਾਤਰਾ ਦਾ ਸੰਤੁਲਨ ਬਣਾਈ ਰੱਖਦੇ ਹਨ। ਮਹਾਸਾਗਰਾਂ ਦਾ ਪਾਣੀ ਸੂਰਜ ਦੀ ਗਰਮੀ ਆਪਣੇ ਅੰਦਰ ਸੋਖ ਕੇ ਆਲਮੀ ਤਪਸ਼ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ। ਸਮੁੰਦਰ ਗਰਮੀਆਂ ਵਿੱਚ ਧਰਤੀ ਦੀ ਗਰਮੀ ਸੋਖ ਕੇ ਠੰਢਕ ਪੈਦਾ ਕਰਦੇ ਹਨ ਅਤੇ ਸਰਦੀਆਂ ਵਿੱਚ ਧਰਤੀ ਨੂੰ ਗਰਮਾਹਟ ਦੇ ਕੇ ਵਾਤਾਵਰਨ ਨੂੰ ਨਿੱਘਾ ਕਰਦੇ ਹਨ। ਇਉਂ ਇਹ ਗਰਮੀਆਂ ਵਿੱਚ ਕੂਲਰ ਅਤੇ ਸਰਦੀਆਂ ਵਿੱਚ ਹੀਟਰ ਦਾ ਕੰਮ ਕਰਦੇ ਹਨ। ਮਹਾਸਾਗਰਾਂ ਤੋਂ ਚੱਲਦੀਆਂ ਪਾਣੀ ਨਾਲ ਭਰੀਆਂ ਹਵਾਵਾਂ ਵਿਸ਼ਵ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਵਰ੍ਹਾਉਣ ਦਾ ਕੰਮ ਕਰਦੀਆਂ ਹਨ ਜਿਸ ਨਾਲ ਫ਼ਸਲਾਂ ਦੀ ਸਿੰਚਾਈ ਕਰਨ ਦੇ ਨਾਲ-ਨਾਲ ਧਰਤੀ ਹੇਠਲੇ ਬੇਸ਼ਕੀਮਤੀ ਪਾਣੀ ਦੇ ਪੱਧਰ ਨੂੰ ਕਾਇਮ ਰੱਖਣ ਵਿੱਚ ਮਦਦ ਮਿਲਦੀ ਹੈ। ਇਹ ਪਾਣੀ ਧਰਤੀ ਦੇ ਜੀਵਾਂ ਲਈ ਪੀਣ ਦੇ ਕੰਮ ਆਉਂਦਾ ਹੈ ਅਤੇ ਪ੍ਰਿਥਵੀ ਉੱਤੇ ਜੀਵਨ ਦਾ ਆਧਾਰ ਹੈ। ਮੌਨਸੂਨ ਪੌਣਾਂ ਭਾਰਤ ਸਮੇਤ ਏਸ਼ੀਆ ਦੇ ਵੱਡੇ ਖਿੱਤੇ ਵਿੱਚ ਮੀਂਹ ਵਰ੍ਹਾ ਕੇ ਇਨ੍ਹਾਂ ਇਲਾਕਿਆਂ ਵਿੱਚ ਖੇਤੀ ਪ੍ਰਫੁੱਲਿਤ ਕਰਦੀਆਂ ਹਨ ਜਿਸ ਨਾਲ ਇਨ੍ਹਾਂ ਮੁਲਕਾਂ ਦੀ ਭੋਜਨ ਦੀ ਸਮੱਸਿਆ ਹੱਲ ਹੁੰਦੀ ਹੈ ਅਤੇ ਅਰਥਚਾਰੇ ਨੂੰ ਬਲ ਮਿਲਦਾ ਹੈ। ਇਹ ਪੌਣਾਂ ਏਸ਼ਿਆਈ ਖਿੱਤੇ ’ਚ ਰਹਿੰਦੇ ਲੋਕਾਂ ਲਈ ਬਹੁਪੱਖੀ ਢੰਗ ਨਾਲ ਫ਼ਾਇਦੇਮੰਦ ਹਨ। ਸਮੁੰਦਰ ਕੰਢੇ ਵੱਸਦੇ ਲੋਕਾਂ ਦੇ ਤਕਰੀਬਨ ਤੀਜੇ ਹਿੱਸਾ ਦਾ ਜੀਵਨ ਨਿਰਬਾਹ ਇਨ੍ਹਾਂ ਉੱਤੇ ਹੀ ਨਿਰਭਰ ਕਰਦਾ ਹੈ। ਇਨ੍ਹਾਂ ਲੋਕਾਂ ਲਈ ਸਮੁੰਦਰ ਭੋਜਨ ਪਦਾਰਥਾਂ ਦਾ ਸਰੋਤ ਹਨ ਅਤੇ ਨਮਕ, ਖਣਿਜ, ਰੇਤ, ਬਜਰੀ, ਮੱਛੀ, ਮੋਤੀ, ਮੂੰਗੇ, ਦਵਾਈਆਂ ਅਤੇ ਸਮੁੰਦਰੀ ਘਾਹ ਆਦਿ ਵਸਤਾਂ ਉਨ੍ਹਾਂ ਲਈ ਰੁਜ਼ਗਾਰ ਦਾ ਸਾਧਨ ਵੀ ਬਣਦੀਆਂ ਹਨ। ਉਕਤ ਤੋਂ ਇਲਾਵਾ ਸੈਰ ਸਪਾਟਾ ਅਤੇ ਊਰਜਾ ਦੇ ਸਾਧਨ ਪ੍ਰਾਪਤ ਕਰਕੇ ਇਨ੍ਹਾਂ ਲੋਕਾਂ ਦੁਆਰਾ ਹਰ ਸਾਲ ਤੀਹ ਖਰਬ ਡਾਲਰ ਦੇ ਕਰੀਬ ਆਮਦਨ ਵੀ ਕਮਾਈ ਜਾਂਦੀ ਹੈ। ਮਹਾਸਾਗਰਾਂ ਸਬੰਧੀ ਕੁਝ ਦਿਲਚਸਪ ਗੱਲਾਂ ਜਾਣਨਾ ਜ਼ਰੂਰੀ ਹੈ ਜਿਵੇਂ ਧਰਤੀ ਦੇ 90 ਫ਼ੀਸਦੀ ਜਵਾਲਾਮੁਖੀ ਸਮੁੰਦਰ ਵਿੱਚ ਹੀ ਆਉਂਦੇ ਹਨ। ਸਮੁੰਦਰ ਵਿੱਚ ਉੱਪਰੀ ਤਲ ਤੋਂ 330 ਫੁੱਟ ਡੂੰਘੇ ਪਾਣੀ ਤੱਕ ਹੀ ਰੌਸ਼ਨੀ ਹੈ ਅਤੇ ਇਸ ਤੋਂ ਥੱਲੇ ਹਨੇਰਾ ਹੀ ਹੈ। ਸਮੁੰਦਰ ਵਿੱਚ ਤਕਰੀਬਨ 2 ਕਰੋੜ ਟਨ ਸੋਨਾ ਪਾਣੀ ਵਿੱਚ ਘੁਲਿਆ ਹੋਇਆ ਹੈ। ਅਮਰੀਕਾ ਦੀ ਇੱਕ ਖੋਜ ਏਜੰਸੀ ਅਨੁਸਾਰ ਧਰਤੀ ਗ੍ਰਹਿ ਦੇ ਜੀਵਾਂ ਦੀ ਕੁੱਲ ਆਬਾਦੀ ਦਾ 94 ਫ਼ੀਸਦੀ ਹਿੱਸਾ ਮਹਾਸਾਗਰਾਂ ਵਿੱਚ ਹੀ ਹੈ। ਵਿਗਿਆਨੀਆਂ ਵੱਲੋਂ 2002 ਦੀ ਇੱਕ ਖੋਜ ਵਿੱਚ ਪਤਾ ਲੱਗਾ ਹੈ ਕਿ ਕੈਲੀਫੋਰਨੀਆ ਨੇੜੇ ਪ੍ਰਸ਼ਾਂਤ ਮਹਾਸਾਗਰ ਵਿੱਚ ਵ੍ਹਾਈਟ ਸ਼ਾਰਕ ਕੈਫੇ ਨਾਂ ਦੀ ਜਗ੍ਹਾ ਉੱਤੇ ਚਿੱਟੇ ਰੰਗ ਦੀਆਂ ਸ਼ਾਰਕਾਂ ਸਰਦ ਰੁੱਤ ਦੀਆਂ ਛੁੱਟੀਆਂ ਮਨਾਉਣ ਚਲੀਆਂ ਜਾਂਦੀਆਂ ਹਨ। ਸਮੁੰਦਰ ਵਿੱਚ ਮਿੱਡ ਓਸ਼ਨਿਕ ਰਿਜ ਨਾਂ ਦੀ ਪਹਾੜੀ ਦੀ ਲੰਬਾਈ 40390 ਮੀਲ ਹੈ ਜੋ ਕਿ ਧਰਤੀ ਦੀ ਸਭ ਤੋਂ ਵੱਡੀ ਪਹਾੜੀ ਤੋਂ ਕਿਤੇ ਜ਼ਿਆਦਾ ਲੰਮੀ ਹੈ। ਸਤਾਰਾਂ ਜਨਵਰੀ 1966 ਨੂੰ ਇੱਕ ਹਾਦਸੇ ਕਾਰਨ ਅਮਰੀਕਾ ਦਾ ਹਾਈਡ੍ਰੋਜਨ ਬੰਬ ਭੂ-ਮੱਧ ਸਾਗਰ ਵਿੱਚ ਡਿੱਗ ਪਿਆ ਜੋ ਕਿ ਗੋਤਾਖੋਰਾਂ ਦੀ ਢਾਈ ਮਹੀਨਿਆਂ ਦੀ ਮਿਹਨਤ ਨਾਲ ਲੱਭਿਆ ਜਾ ਸਕਿਆ ਸੀ। ਸਮੁੰਦਰ ਦੇ ਹੇਠਲੇ ਤਲ ਉੱਤੇ ਵੰਨ-ਸੁਵੰਨੀ ਕਲਾ ਦੀਆਂ ਮੂਰਤੀਆਂ ਹੀ ਵੇਖੀਆਂ ਗਈਆਂ ਹਨ।
ਮਹਾਸਾਗਰਾਂ ਨਾਲ ਸਬੰਧਿਤ ਕੁਝ ਮੁੱਦੇ ਵੀ ਹਨ ਜਿਨ੍ਹਾਂ ਵੱਲ ਫੌਰੀ ਤੌਰ ’ਤੇ ਧਿਆਨ ਦੇਣ ਦੀ ਲੋੜ ਹੈ। ਵਾਯੂਮੰਡਲ ਦੀ ਓਜ਼ੋਨ ਪਰਤ ਵਿੱਚ ਪੈਦਾ ਹੋਏ ਓਜ਼ੋਨ ਛੇਕ ਕਾਰਨ ਧਰਤੀ ’ਤੇ ਪਹੁੰਚ ਰਹੀਆਂ ਸੂਰਜ ਦੀਆਂ ਪਰਾ-ਬੈਂਗਣੀ ਕਿਰਨਾਂ ਕਰਕੇ ਸਮੁੰਦਰਾਂ ਵਿਚਲੇ ਅਣਗਿਣਤ ਜੀਵ ਮਰ ਚੁੱਕੇ ਹਨ ਜਿਸ ਕਰਕੇ ਮਹਾਸਾਗਰਾਂ ਤੋਂ ਪ੍ਰਾਪਤ ਹੁੰਦੇ ਸਮੁੰਦਰੀ ਭੋਜਨ ਦਾ 15 ਫ਼ੀਸਦੀ ਹਿੱਸਾ ਘਟ ਚੁੱਕਾ ਹੈ। ਕਈ ਮੱਛੀਆਂ ਅਤੇ ਹੋਰ ਸਮੁੰਦਰੀ ਜੀਵਾਂ ਦਾ ਤਾਂ ਹੁਣ ਤੱਕ ਵੰਸ਼ ਨਾਸ਼ ਹੀ ਕਰ ਛੱਡਿਆ ਹੈ। ਇੱਕ ਅਨੁਮਾਨ ਅਨੁਸਾਰ ਸਮੁੰਦਰਾਂ ’ਚੋਂ ਜਿੰਨੀਆਂ ਮੱਛੀਆਂ ਫੜਨ ਦੀ ਇਜਾਜ਼ਤ ਹੈ ਉਸ ਤੋਂ ਪੰਜ ਗੁਣਾ ਮੱਛੀਆਂ ਗ਼ੈਰ-ਮਨਜ਼ੂਰਸ਼ੁਦਾ ਤਰੀਕੇ ਨਾਲ ਫੜ ਲਈਆਂ ਜਾਂਦੀਆਂ ਹਨ। ਅਜਿਹਾ ਕਰਨ ਨਾਲ ਸਮੁੰਦਰੀ ਜਲ ਜੀਵਨ ਦਾ ਭਵਿੱਖ ਖ਼ਤਰੇ ਵਿੱਚ ਪੈ ਰਿਹਾ ਹੈ। ਸਮਝਣ ਦੀ ਲੋੜ ਹੈ ਕਿ ਰੋਜ਼ਾਨਾ ਹੀ ਲੱਖਾਂ-ਕਰੋੜਾਂ ਪੰਛੀ-ਪੰਖੇਰੂ ਸਮੁੰਦਰੀ ਜੀਵਾਂ ਨੂੰ ਆਪਣਾ ਭੋਜਨ ਬਣਾਉਂਦੇ ਹਨ। ਇਸ ਤਰ੍ਹਾਂ ਸਮੁੰਦਰੀ ਜੀਵਾਂ ਦੇ
ਘਟਣ ਨਾਲ ਕੁਦਰਤੀ ਭੋਜਨ ਲੜੀ ਅਤੇ ਕੁਦਰਤੀ ਸੰਤੁਲਨ ਖ਼ਤਰੇ ਵਿੱਚ ਪੈ ਜਾਂਦੇ ਹਨ। ਇਸ ਲਈ ਗ਼ੈਰ-ਕਾਨੂੰਨੀ ਢੰਗ ਨਾਲ ਮੱਛੀ ਫੜਨ ਨੂੰ ਸਮਾਂ ਰਹਿੰਦੇ ਠੱਲ੍ਹ ਪਾਉਣ ਦੀ ਲੋੜ ਹੈ।
ਸੰਪਰਕ: 62842-20595

Advertisement

Advertisement
Author Image

Advertisement