For the best experience, open
https://m.punjabitribuneonline.com
on your mobile browser.
Advertisement

ਸ਼ਿਵ ਕੁਮਾਰ ਬਟਾਲਵੀ ਦੇ ਅੰਗ-ਸੰਗ

07:31 AM Jun 30, 2024 IST
ਸ਼ਿਵ ਕੁਮਾਰ ਬਟਾਲਵੀ ਦੇ ਅੰਗ ਸੰਗ
Advertisement

ਗੁਲਜ਼ਾਰ ਸਿੰਘ ਸੰਧੂ

Advertisement

ਜਦੋਂ ਕਦੇ ਵੀ ਭਾਰਤੀ ਸਾਹਿਤ ਅਕਾਦਮੀ ਵੱਲੋਂ ਐਲਾਨੇ ਗਏ ਛੋਟੇ ਵੱਡੇ ਪੁਰਸਕਾਰਾਂ ਦੀ ਗੱਲ ਚਲਦੀ ਹੈ ਤਾਂ 1967 ਵਿੱਚ 31 ਵਰ੍ਹੇ ਦੀ ਛੋਟੀ ਉਮਰੇ ਅਕਾਦਮੀ ਦਾ ਵੱਕਾਰੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਸ਼ਿਵ ਕੁਮਾਰ ਦਾ ਚੇਤੇ ਆਉਣਾ ਕੁਦਰਤੀ ਹੈ। ਇਸ ਵਾਰ ਸਬੱਬ ਦੋ ਹਫ਼ਤੇ ਪਹਿਲਾਂ ਅਕਾਦਮੀ ਵੱਲੋਂ ਐਲਾਨੇ ਗਏ ਬਾਲ ਸਾਹਿਤ ਤੇ ਯੁਵਾ ਪੁਰਸਕਾਰ ਬਣੇ ਹਨ।
ਪੰਡਿਤ ਜਵਾਹਰਲਾਲ ਨਹਿਰੂ ਦੇ ਕਾਰਜਕਾਲ ਸਮੇਂ 1954 ਵਿੱਚ ਸਥਾਪਿਤ ਹੋਈ ਇਹ ਅਕਾਦਮੀ 1955 ਤੋਂ ਵੱਡੇ ਮਹਾਰਥੀਆਂ ਨੂੰ ਨਿਵਾਜਦੀ ਆ ਰਹੀ ਹੈ। ਸ਼ਿਵ ਕੁਮਾਰ ਤੋਂ ਪਹਿਲਾਂ ਇਸ ਪੁਰਸਕਾਰ ਲਈ ਚੁਣੇ ਗਏ ਪੰਜਾਬੀ ਲੇਖਕ ਭਾਈ ਵੀਰ ਸਿੰਘ, ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ, ਨਾਨਕ ਸਿੰਘ, ਬਲਵੰਤ ਗਾਰਗੀ, ਪ੍ਰਭਜੋਤ ਕੌਰ ਤੇ ਕਰਤਾਰ ਸਿੰਘ ਦੁੱਗਲ ਸਨ। ਜਿੱਥੋਂ ਤੱਕ ਸ਼ਿਵ ਦੀ ਕਾਵਿਕ ਉੱਤਮਤਾ ਦਾ ਸਬੰਧ ਹੈ, ਹਾਲ ਵਿੱਚ ਹੀ ਪ੍ਰਲੋਕ ਸਿਧਾਰੇ ਪੰਜਾਬੀ ਕਵੀ ਸੁਰਜੀਤ ਪਾਤਰ ਦਾ ਹਵਾਲਾ ਦੇਣਾ ਕਾਫ਼ੀ ਹੈ। ਉਸ ਨੇ ਪੰਜਾਬ ਦੇ ਕਾਲੇ ਦਿਨਾਂ ਵਿੱਚ ਸੰਤ ਭਿੰਡਰਾਂਵਾਲੇ ਦੀ ਧਾਰਨਾ ਨੂੰ ਨਕਾਰਦਿਆਂ ਸ਼ਿਵ ਕੁਮਾਰ ਨੂੰ ਵਾਰਿਸ ਸ਼ਾਹ ਵਰਗਾ ਗਰਦਾਨਿਆ ਸੀ। 1947 ਵਿੱਚ ਭੋਗੇ ਦੁੱਖਾਂ ਨੂੰ ਆਧਾਰ ਬਣਾ ਕੇ। ਉਸ ਦੇ ਬੋਲ ਨੋਟ ਕਰਨ ਵਾਲੇ ਸਨ:
ਓਦੋਂ ਵਾਰਿਸ ਸ਼ਾਹ ਨੂੰ ਵੰਡਿਆ ਸੀ
ਹੁਣ ਸ਼ਿਵ ਕੁਮਾਰ ਦੀ ਵਾਰੀ ਹੈ
ਉਹ ਜ਼ਖ਼ਮ ਪੁਰਾਣੇ ਭੁੱਲ ਹੀ ਗਏ
ਨਵਿਆਂ ਦੀ ਹੋਈ ਤਿਆਰੀ ਹੈ
ਮੈਂ ਕਦੋਂ ਕਹਿਨੈ ਇਨਸਾਫ਼ ਨਾ ਮੰਗ
ਤੇ ਆਪਣੇ ਹੱਕ ਲਈ ਛੇੜ ਨਾ ਜੰਗ
ਪਰ ਕੱਟਦੈਂ ਕਿਉਂ ਆਪਣੇ ਹੀ ਅੰਗ
ਇਹ ਛੋਟੀ ਬਹੁਤ ਉਡਾਰੀ ਹੈ

Advertisement


ਉਂਝ ਵੀ ਉਸ ਦੀ ਰਚਨਾਕਾਰੀ ਵਿੱਚ ਅਜਿਹੀ ਹੀ ਗਤੀ ਤੇ ਵੇਗ ਸੀ ਕਿ ਉਸ ਨੇ ਪਹਿਲੀਆਂ ਚਾਰ ਪੁਸਤਕਾਂ ‘ਪੀੜਾਂ ਦਾ ਪਰਾਗਾ’, ‘ਲਾਜਵੰਤੀ’, ‘ਆਟੇ ਦੀਆਂ ਚਿੜੀਆਂ’ ਤੇ ‘ਮੈਨੂੰ ਵਿਦਾ ਕਰੋ’ ਸਿਰਫ਼ ਚਾਰ ਸਾਲਾਂ ਵਿੱਚ ਹੀ ਰਚ ਦਿੱਤੀਆਂ ਸਨ ਅਤੇ ਅਗਲੀਆਂ ਤਿੰਨ ‘ਬਿਰਹਾ ਤੂੰ ਸੁਲਤਾਨ’, ‘ਦਰਦਮੰਦਾਂ ਦੀਆਂ ਆਹੀਂ’ ਤੇ ‘ਲੂਣਾ’ ਕੇਵਲ ਦੋ ਸਾਲਾਂ ਵਿੱਚ।
ਉਸ ਦੀ ਕਾਵਿਕ ਉੱਤਮਤਾ ਤੇ ਜੀਵਨ ਪ੍ਰਾਪਤੀ ਦਾ ਇੱਕ ਪੱਖ ਇਹ ਵੀ ਸੀ ਕਿ ਉਸ ਦੇ ਤੁਰ ਜਾਣ ਪਿੱਛੋਂ ਉਸ ਦੀ ਪਤਨੀ ਅਰੁਣਾ ਬਟਾਲਵੀ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਆਪਣੀ ਲਾਇਬਰੇਰੀ ਵਿੱਚ ਨੌਕਰੀ ਤੇ ਕੈਂਪਸ ਵਿੱਚ ਰਿਹਾਇਸ਼ ਦੇ ਕੇ ਨਿਵਾਜਿਆ ਸੀ ਤੇ ਉਸ ਦੇ ਮੱਦਾਹਾਂ ਨੇ ਬੇਟੇ ਮਿਹਰਬਾਨ ਤੇ ਬੇਟੀ ਪੂਜਾ ਨੂੰ ਕ੍ਰਮਵਾਰ ਕੈਨੇਡਾ ਤੇ ਅਮਰੀਕਾ ਵਿੱਚ ਵਸਾਇਆ ਹੈ।
ਇਹ ਸਬੱਬ ਦੀ ਗੱਲ ਹੈ ਕਿ ਮੇਰੇ ਨਾਲੋਂ ਸਾਢੇ ਤਿੰਨ ਸਾਲ ਛੋਟਾ ਸ਼ਿਵ ਕੁਮਾਰ ਮਈ 1973 ਵਿੱਚ ਤੁਰ ਗਿਆ ਤੇ 11 ਸਾਲ ਛੋਟਾ ਪਾਤਰ ਇੱਕ ਮਹੀਨਾ ਪਹਿਲਾਂ ਇਸੇ ਸਾਲ। ਇਨ੍ਹਾਂ ਦੋਵਾਂ ਵਿੱਚੋਂ ਕਵੀ ਦੇ ਤੌਰ ’ਤੇ ਕੌਣ ਵੱਡਾ ਸੀ ਸਮੇਂ ਨੇ ਦੱਸਣਾ ਸੀ ਤੇ ਦੱਸ ਵੀ ਰਿਹਾ ਹੈ। ਮੈਂ ਆਪਣੇ ਵੱਲੋਂ ਸ਼ਿਵ ਦੀ ਉਸਤਤ ਵਿੱਚ ਸਿਰਫ਼ ਤਿੰਨ ਕਾਵਿ ਟੋਟਕੇ ਪੇਸ਼ ਕਰਦਾ ਹਾਂ। ਸ਼ਿਵ ਦੀਆਂ ਕਵਿਤਾਵਾਂ ਵਿੱਚੋਂ:

  • ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
    ਤੈਨੂੰ ਚੁੰਮਣ ਪਿਛਲੀ ਸੰਗ ਵਰਗਾ
    ਹੈ ਕਿਰਨਾਂ ਦੇ ਵਿੱਚ ਨਸ਼ਾ ਜਿਹਾ
    ਕਿਸੇ ਛੀਂਬੇ ਸੱਪ ਦੇ ਡੰਗ ਵਰਗਾ
  • ਮੈਨੂੰ ਲੋਕ ਕਹਿਣ ਮੇਰੇ ਗੀਤਾਂ ਨੇ
    ਮਹਿਲਾਂ ਦੀ ਜਿੰਦ ਹੰਢਾਈ ਹੈ
    ਪਰ ਲੋਕ ਵਿਚਾਰੇ ਕੀ ਜਾਨਣ
    ਗੀਤਾਂ ਦੀ ਵਿਥਿਆ ਦਰਦ ਭਰੀ
  • ਨੀ ਜਿੰਦੇ ਮੈਂ ਕਲ੍ਹ ਨਹੀਂ ਰਹਿਣਾ
    ਅੱਜ ਰਾਤੀਂ ਅਸਾਂ ਘੁੱਟ ਸਾਹਾਂ ਵਿੱਚ
    ਗੀਤ ਦਾ ਇੱਕ ਚੁੰਮਣ ਲੈਣਾ
    ਕੱਲ੍ਹ ਤੱਕ ਪੀੜ ਮੇਰੀ ਨੂੰ ਸਮਿਆਂ
    ਵਰ ਲੈ ਜਾਣਾ ਜ਼ੋਰੀ।

ਸ਼ਿਵ ਕੁਮਾਰ ਨਾਲ ਆਪਣੇ ਸਬੰਧ ਦੱਸਣ ਲਈ ਮੈਂ ਉਸ ਨੂੰ ਪੁਰਸਕਾਰ ਮਿਲਣ ਪਿੱਛੋਂ ਮਨਾਏ ਗਏ ਖੱਟੇ ਮਿੱਠੇ ਜਸ਼ਨਾਂ ਦਾ ਪ੍ਰਮਾਣ ਦਿੰਦਾ ਹਾਂ। ਉਦੋਂ ਸਨਮਾਨੇ ਗਏ ਸਾਰੇ ਸਾਹਿਤਕਾਰਾਂ ਨਾਲੋਂ ਮੀਡੀਆ ਦੀ ਖਿੱਚ ਦਾ ਕੇਂਦਰ ਬਣੇ ਕੇਵਲ ਦੋ ਹੀ ਸਨ। ‘ਲੂਣਾ’ ਰਚੇਤਾ ਪੰਜਾਬੀ ਕਵੀ ਸ਼ਿਵ ਕੁਮਾਰ ਤੇ ‘ਪਤਝੜ ਕੀ ਆਵਾਜ਼’ ਲਿਖਣ ਵਾਲੀ ਉਰਦੂ ਗਲਪਕਾਰ ਕੁਰਤੁਲਐਨ ਹੈਦਰ। ਇਹ ਗੱਲ ਵੱਖਰੀ ਹੈ ਕਿ ਉਦੋਂ ਤੱਕ ਦੋਵੇਂ ਪ੍ਰਸਿੱਧ ਹੋ ਚੁੱਕੇ ਸਨ। ਸ਼ਿਵ ਕੁਮਾਰ ਆਪਣੇ ਕਾਵਿ ਸੰਗ੍ਰਹਿ ‘ਬਿਰਹਾ ਤੂੰ ਸੁਲਤਾਨ’ ਲਈ ਅਤੇ ਕੁਰਤੁਲਐਨ ਹੈਦਰ ਆਪਣੇ ਨਾਵਲ ‘ਆਗ ਕਾ ਦਰਿਆ’ ਲਈ। ਪੁਰਸਕਾਰ ਪ੍ਰਾਪਤੀ ਸਮੇਂ ਸ਼ਿਵ ਕੁਮਾਰ ਨੇ ਤ੍ਰੈ-ਪੀਸ ਸਲੇਟੀ ਸੂਟ ਪਹਿਨਿਆ ਹੋਇਆ ਸੀ ਤੇ ਕੁਰਤੁਲਐਨ ਹੈਦਰ ਨੇ ਬਾਟਿਕ ਦੀ ਸਾੜੀ।
ਰਾਸ਼ਟਰਪਤੀ ਭਵਨ ਵਿੱਚ ਸਮਾਗਮ ਦੀ ਸਮਾਪਤੀ ਉੱਤੇ ਹਾਜ਼ਰ ਪੰਜਾਬੀ ਲੇਖਕਾਂ (ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਹਰਿਭਜਨ ਸਿੰਘ, ਬਲਵੰਤ ਗਾਰਗੀ, ਸ਼ਿਵ ਕੁਮਾਰ ਤੇ ਉਸ ਦੇ ਮਿੱਤਰਾਂ) ਨੇ ਮਿਲ ਬੈਠਣ ਦਾ ਮਨ ਬਣਾਇਆ ਤਾਂ ਮੇਰਾ ਘਰ ਹੀ ਨੇੜੇ ਪੈਂਦਾ ਸੀ। ਸਾਰੇ ਪੰਡਾਰਾ ਰੋਡ ਪਹੁੰਚੇ। ਸ਼ਿਵਰਾਤਰੀ ਸਦਕਾ ਡਰਾਈ ਡੇਅ ਹੋਣ ਕਾਰਨ ਸਾਰੇ ਹੀ ਜੱਕੋ-ਤੱਕੀ ਵਿੱਚ ਸਨ ਕਿ ਸ਼ਿਵ ਦਾ ਦੋਸਤ ਹਰਜੀਤ ਮਾਨ ਆਪਣੀ ਗੱਡੀ ਵਿੱਚੋਂ ਵਿਸਕੀ ਦੀ ਬੋਤਲ ਕੱਢ ਲਿਆਇਆ। ਹੌਸਲਾ ਵਧਾਉਣ ਲਈ ਮੇਰੇ ਕੋਲ ਵੀ ਪੌਣੀ ਬੋਤਲ ਹੈ ਸੀ ਜਿਸ ਦਾ ਜ਼ਿਕਰ ਕਰਕੇ ਮੈਂ ਸਾਰਿਆਂ ਨੂੰ ਆਪਣੇ ਘਰ ਲੈ ਆਇਆ ਸਾਂ। ਖ਼ੂਬ ਰੌਣਕਾਂ ਲੱਗੀਆਂ। ਸ਼ਿਵ ਦੇ ਗੀਤ, ਅੰਮ੍ਰਿਤਾ ਦੀ ਕਵਿਤਾ ਤੇ ਮੋਹਨ ਸਿੰਘ ਦੇ ਪੋਠੋਹਾਰੀ ਮਾਹੀਏ ਦੀ ‘ਤੁਣ ਤੁਣ ਤੁਣ, ਨਿੱਕਾ ਬਾਣ ਮੰਜੀ ਬੁਣ’, ਕੰਨ ਧਰ ਕੇ ਸੁਣ’ ਵਾਲੇ ਬੋਲਾਂ ਸਮੇਤ।
ਥੋੜ੍ਹੇ ਦਿਨ ਪਿੱਛੋਂ ਸਭ ਤੋਂ ਪ੍ਰਭਾਵੀ ਵੋਟ ਪਾਉਣ
ਵਾਲੇ ਕਰਤਾਰ ਸਿੰਘ ਦੁੱਗਲ ਦਾ ਵੀ ਸੱਦਾ ਆ
ਗਿਆ। ਉੱਥੇ ਪ੍ਰੀਤਮ ਸਿੰਘ ਸਫ਼ੀਰ, ਸੱਜਾਦ ਜ਼ਹੀਰ, ਕੁਲਵੰਤ ਸਿੰਘ ਵਿਰਕ, ਬਲਵੰਤ ਗਾਰਗੀ, ਅਲੀ ਸਰਦਾਰ ਜਾਫ਼ਰੀ, ਹਰਿਭਜਨ ਸਿੰਘ ਤੇ ਲੇਖਕ ਆਪੋ ਆਪਣੇ ਜੀਵਨ ਸਾਥੀਆਂ ਨਾਲ ਪਹੁੰਚੇ ਹੋਏ ਸਨ। ਵੱਡੀ ਗੱਲ ਇਹ ਕਿ ਚਾਹ ਪੀਣੇ ਦੁੱਗਲ ਨੇ ਦਾਰੂ ਦੀ ਬੋਤਲ ਵੀ ਰੱਖੀ ਹੋਈ ਸੀ।
ਦੁੱਗਲ ਦੇ ਸੁਭਾਅ ਤੋਂ ਜਾਣੂ ਸਾਰੇ ਮਹਿਮਾਨ ਸਾਢੇ ਸੱਤ ਵਜੇ ਪਹੁੰਚ ਗਏ। ਸ਼ਿਵ ਕੁਮਾਰ ਦਾ ਵੇਲੇ ਸਿਰ ਨਾ ਪਹੁੰਚਣਾ ਏਸ ਲਈ ਮੁਆਫ਼ ਸੀ ਕਿ ਉਸ ਨੇ ਦੂਰੋਂ ਪੰਜਾਬ ਤੋਂ ਆਉਣਾ ਸੀ। ਮੁੱਖ ਮਹਿਮਾਨ ਹੋਣ ਕਾਰਨ ਉਡੀਕ ਕਰਨੀ ਬਣਦੀ ਸੀ। ਦੁੱਗਲ ਦੇ ਮਨ ਵਿੱਚ ਸ਼ਾਇਦ ਇਹ ਵੀ ਹੋਵੇ ਕਿ ਉਹ ਆਪਣੀ ਬੀਵੀ ਆਇਸ਼ਾ ਸਮੇਤ ਆਪਣੇ ਉਰਦੂ ਭਾਸ਼ੀ ਸਾਥੀਆਂ ਤੇ ਰਿਸ਼ਤੇਦਾਰਾਂ ਵਿੱਚ ਆਪਣੀ ਧਾਂਕ ਜਮਾਉਣੀ ਚਾਹੁੰਦਾ ਹੋਵੇ। ਉਹ ਆਮ ਨਾਲੋਂ ਵਧੇਰੇ ਖ਼ੁਸ਼ ਤੇ ਸੰਤੁਸ਼ਟ ਜਾਪਦਾ ਸੀ।
ਜਦੋਂ ਪੌਣੇ ਅੱਠ, ਅੱਠ ਤੇ ਸਵਾ ਅੱਠ ਤੱਕ ਸ਼ਿਵ ਨਹੀਂ ਪਹੁੰਚਿਆ ਤਾਂ ਦੁੱਗਲ ਨੇ ਆਪਣੇ ਰਸੋਈਏ ਨੂੰ ਖਾਣਾ ਤਿਆਰ ਕਰਨ ਲਈ ਕਹਿ ਦਿੱਤਾ। ਏਸ ਲਈ ਵੀ ਕਿ ਸ਼ਿਵ ਕੁਮਾਰ ਲਈ ਬਚਾਈ ਹੋਈ ਵਿਸਕੀ ਵੀ ਮੰਗੀ ਜਾਣ ਦੇ ਆਸਾਰ ਹੋ ਰਹੇ ਸਨ। ਸਾਢੇ ਅੱਠ ਤੱਕ ਮੁੱਖ ਮਹਿਮਾਨ ਨਹੀਂ ਆਇਆ ਤਾਂ ਮੇਜ਼ ਉੱਤੇ ਖਾਣਾ ਲੱਗ ਗਿਆ। ਮੁੱਕਦੀ ਗੱਲ ਇਹ ਕਿ ਸਵਾ ਨੌਂ ਤੱਕ ਸਾਰੇ ਮਹਿਮਾਨ ਖਾਣਾ ਮੁਕਾ ਕੇ ਮਿੱਠੇ ਦੀ ਝਾਕ ਵਿੱਚ ਸਨ ਤਾਂ ਗੇਟ ਉੱਤੇ ਦੋ ਚਾਰ ਬੰਦਿਆਂ ਦੇ ਉੱਚੀ ਉੱਚੀ ਬੋਲਣ ਦੀ ਆਵਾਜ਼ ਸੁਣਾਈ ਦਿੱਤੀ। ਹਥਲੀ ਪਲੇਟ ਮੇਜ਼ ਉੱਤੇ ਰੱਖ ਕੇ ਦੁੱਗਲ ਖ਼ੁਦ ਵੇਖਣ ਗਿਆ ਤਾਂ ਅੰਦਰ ਵਾਲੇ ਮਹਿਮਾਨਾਂ ਨੂੰ ਕੇਵਲ ਏਨਾ ਹੀ ਸੁਣਾਈ ਦਿੱਤਾ ਜਿਵੇਂ ਦੁੱਗਲ ਆਉਣ ਵਾਲਿਆਂ ਨੂੰ ਕਹਿ ਰਿਹਾ ਹੋਵੇ, ‘ਜਾਓ ਤੁਹਾਡੇ ਲਈ ਮੇਰੇ ਘਰ ਕੋਈ ਖਾਣਾ ਨਹੀਂ।’
ਦੁੱਗਲ ਪਰਤਿਆ ਤਾਂ ਬੜੇ ਗੁੱਸੇ ਵਿੱਚ ਸੀ। ਅਸਾਧਾਰਨ ਗੁੱਸੇ ਵਿੱਚ। ‘ਸਭਨਾਂ ਨੇ ਸ਼ਰਾਬ ਪੀ ਰੱਖੀ ਸੀ। ... ਆਓ ਆਪੋ ਆਪਣਾ ਮਿੱਠਾ ਲੈ ਲਓ।’ ਉਹ ਬੋਲਿਆ। ਉਸ ਦਾ ਗੁੱਸਾ ਜਾਇਜ਼ ਸੀ। ਉਹ ਸਹਿਜੇ ਕੀਤੇ ਇਸ ਤਰ੍ਹਾਂ ਦੇ ਉਚੇਚ ਨਹੀਂ ਸੀ ਕਰਦਾ। ਆਪਣੀ ਪਤਨੀ ਦੇ ਉਲਟ। ਸ਼ਿਵ ਨੂੰ ਮਿਲਣ ਤੇ ਸੁਣਨ ਦੇ ਚਾਹਵਾਨ ਖਾਣਾ ਖਾ ਕੇ ਵਿਦਾ ਹੋਣ ਸਮੇਂ ਦੁੱਗਲ ਨੂੰ ਢਾਰਸ ਦੇ ਰਹੇ ਸਨ। ਉਸਦੀ ਹਮਸਫ਼ਰ ਆਇਸ਼ਾ ਉਨ੍ਹਾਂ ਨੂੰ ਵਰਚਾ ਰਹੀ ਸੀ।
ਮੇਰੀ ਪਤਨੀ ਸੁਰਜੀਤ ਤੇ ਮੈਂ ਆਪਣੇ ਘਰ ਪਹੁੰਚੇ ਤਾਂ ਸ਼ਿਵ ਕੁਮਾਰ ਤੇ ਉਸ ਦੇ ਦੋ ਸਾਥੀ ਸਾਡੇ ਪੰਡਾਰਾ ਰੋਡ ਵਾਲੇ ਘਰ ਦੇ ਸਾਹਮਣੇ ਖੜ੍ਹੇ ਸਾਡੀ ਉਡੀਕ ਕਰ ਰਹੇ ਸਨ। ਉਹ ਪੰਡਾਰਾ ਰੋਡ ਦੀ ਮਾਰਕੀਟ ਤੋਂ ਖਾਣਾ ਖਾ ਆਏ ਸਨ। ਸ਼ਿਵ ਦੀ ਪੀਤੀ ਲੱਥ ਚੁੱਕੀ ਸੀ। ਉਸ ਨੇ ਜਿਹੜੀ ਮੁਆਫ਼ੀ ਦੁੱਗਲ ਤੋਂ ਮੰਗਣੀ ਸੀ ਮੈਥੋਂ ਮੰਗ ਰਿਹਾ ਸੀ।
ਸ਼ਿਵ ਚੰਗਾ ਲਿਖਦਾ ਸੀ ਤੇ ਵਧੀਆ ਗਾਉਂਦਾ ਸੀ। ਓ.ਪੀ. ਸ਼ਰਮਾ ਨੇ ਜਿਹੜੀ ਉਸ ਬਾਰੇ ਅੰਗਰੇਜ਼ੀ ਭਾਸ਼ਾ ਵਿੱਚ ਕਿਤਾਬ ਲਿਖੀ ਸੀ, ਉਸ ਦਾ ਸਿਰਲੇਖ ‘Shiv Batalvi: A Solitary and Passionate Singer’ ਸੀ ਤੇ ਇਸ ਨੂੰ ਸਟਰਲਿੰਗ ਪਬਲਿਸ਼ਰਜ਼, ਨਵੀਂ ਦਿੱਲੀ ਨੇ ਪ੍ਰਕਾਸ਼ਿਤ ਕੀਤਾ ਸੀ।
ਉਸ ਦੀ ਆਵਾਜ਼ ਦਾ ਕੋਈ ਜਵਾਬ ਨਹੀਂ ਸੀ। ਉਸ ਦੇ ਮੱਦਾਹ ਉਸ ਨੂੰ ਪਿਲਾ ਪਿਲਾ ਕੇ ਉਹਦੇ ਬੋਲ ਸੁਣਦੇ ਨਹੀਂ ਸਨ ਥੱਕਦੇ। ਅੰਤਕਾਰ ਉਸਦੀ ਆਵਾਜ਼ ਹੀ ਉਸ ਨੂੰ ਲੈ ਡੁੱਬੀ। ਖ਼ਾਸ ਕਰਕੇ ਆਵਾਜ਼ ਦੀ ਬੁਲੰਦੀ ਉੱਤੇ ਸਵਾਰ ਹੋ ਕੇ ਮਾਰੀ ਵਲਾਇਤ ਫੇਰੀ। ਵਲਾਇਤੀਆਂ ਨੇ ਆਪਣੀ ਉਨ੍ਹਾਂ ਦਿਨਾਂ ਦੀ ਕਮਾਈ ਦਾ ਕਾਫ਼ੀ ਹਿੱਸਾ ਸ਼ਿਵ ਨੂੰ ਵਧੀਆ ਵਿਸਕੀ ਪਿਲਾ ਕੇ ਉਸ ਦੇ ਬੋਲ ਸੁਣਨ ਉੱਤੇ ਲਾ ਦਿੱਤਾ। ਇੱਥੋਂ ਤੱਕ ਕਿ ਉਸ ਨੂੰ ਵਾਪਸੀ ਉੱਤੇ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ਵਿੱਚ ਦਾਖ਼ਲ ਹੋਣਾ ਪਿਆ।
ਮੈਂ ਖ਼ੁਦ ਉਸ ਦੀ ਰਚਨਾਕਾਰੀ, ਆਵਾਜ਼ ਤੇ ਸੁਭਾਅ ਦਾ ਬੜਾ ਪ੍ਰਸ਼ੰਸਕ ਸਾਂ। ਜਦੋਂ ਉਸ ਦੀ ਅੰਮ੍ਰਿਤਾ ਪ੍ਰੀਤਮ ਦੇ ਘਰ ਵਾਲੀ ਠਾਹਰ ਵਿੱਚ ਦਿੱਕਤ ਆਉਣ ਲੱਗੀ ਤਾਂ ਉਸ ਨੇ ਵੀ ਦਿੱਲੀ ਫੇਰੀ ਸਮੇਂ ਮੇਰੇ ਘਰ ਠਹਿਰਨਾ ਪੱਕਾ ਕਰ ਲਿਆ ਸੀ। ਉਸ ਦੀ ਵਲਾਇਤ ਫੇਰੀ ਪਿੱਛੋਂ ਮੈਂ ਚੰਡੀਗੜ੍ਹ ਆ ਕੇ ਉਸ ਨੂੰ ਹਸਪਤਾਲ ਦੇਖਣ ਗਿਆ ਤਾਂ ਉਸ ਦੇ ਚਿਹਰੇ ਤੋਂ ਜਾਪਿਆ ਜਿਵੇਂ ਉਹ ਬਿਲਕੁਲ ਵੱਖਰਾ ਸ਼ਿਵ ਹੋਵੇ। ਉਸ ਨੇ ਮੈਨੂੰ ਪਛਾਣਿਆ ਤੱਕ ਨਹੀਂ। ਕੋਲ ਬੈਠੇ ਸੱਜਣ ਨੂੰ ਕਹਿਣ ਲੱਗਿਆ, ‘‘ਗੁਰਵੇਲ ਪੰਨੂ ਆਇਐ!’’ ਉਸ ਦੇ ਇਸ ਦੁਨੀਆ ਤੋਂ ਤੁਰ ਜਾਣ ਸਮੇਂ ਮੈਂ ਅੰਡੇਮਾਨ ਨਿਕੋਬਾਰ ਜਾ ਰਹੇ ਸਮੁੰਦਰੀ ਜਹਾਜ਼ ਐਮ ਵੀ ਅੰਡੇਮਾਨ ਵਿੱਚ ਹੋਵਾਂਗਾ। ਮੈਨੂੰ ਇਹ ਮਾੜੀ ਖ਼ਬਰ ਮੇਰੀ ਪਤਨੀ ਦੀ ਚਿੱਠੀ ਤੋਂ ਮਿਲੀ। ਉਸ ਦੇ ਦੇਹਾਂਤ ਤੋਂ ਦੋ ਹਫ਼ਤੇ ਪਿੱਛੋਂ। ਮੈਂ ਪੋਰਟ ਬਲੇਅਰ ਦੇ ਗੈਸਟ ਹਾਊਸ ਵਿੱਚ ਬਿਲਕੁਲ ਇਕੱਲਾ ਸਾਂ। ਮੈਨੂੰ ਉਸ ਦੇ ਹੀ ਇਹ ਬੋਲ ਚੇਤੇ ਆ ਗਏ:
ਅਸਾਂ ਤਾਂ ਜੋਬਨ ਰੁੱਤੇ ਮਰਨਾ
ਮਰਨੇ ਦੀ ਰੁੱਤ ਸੋਈ
ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ
ਮੈਂ ਉਦਾਸੀ ਦੀ ਅਵਸਥਾ ਵਿੱਚ ਆਕਾਸ਼ ਵੱਲ ਤੱਕਿਆ। ਆਸਮਾਨ ਸਾਫ਼ ਸੀ, ਤਾਰੇ ਚਮਕ ਰਹੇ ਸਨ, ਹਵਾ ਜਿਵੇਂ ਰੁਮਕਣੋਂ ਹਟ ਗਈ ਸੀ। ਸਾਹ ਬੋਝਲ ਹੋ ਰਹੇ ਸਨ। ਮੈਂ ਹੋਰ ਵੀ ਉਦਾਸ ਹੋ ਗਿਆ।
ਸੰਪਰਕ: 98157-78469

ਮਿਰਚਾਂ ਦੇ ਪੱਤਰ

ਪੁੰਨਿਆਂ ਦੇ ਚੰਨ ਨੂੰ ਕੋਈ ਮੱਸਿਆ
ਕੀਕਣ ਅਰਘ ਚੜ੍ਹਾਏ ਵੇ
ਕਿਉਂ ਕੋਈ ਡਾਚੀ ਸਾਗਰ ਖ਼ਾਤਰ
ਮਾਰੂਥਲ ਛੱਡ ਜਾਏ ਵੇ।
ਕਰਮਾਂ ਦੀ ਮਹਿੰਦੀ ਦਾ ਸੱਜਣਾ
ਰੰਗ ਕਿਵੇਂ ਦੱਸ ਚੜ੍ਹਦਾ ਵੇ
ਜੇ ਕਿਸਮਤ ਮਿਰਚਾਂ ਦੇ ਪੱਤਰ
ਪੀਠ ਤਲੀ ’ਤੇ ਲਾਏ ਵੇ।
ਗ਼ਮ ਦਾ ਮੋਤੀਆ ਉਤਰ ਆਇਆ
ਸਿਦਕ ਮੇਰੇ ਦੇ ਨੈਣੀਂ ਵੇ
ਪ੍ਰੀਤ ਨਗਰ ਦਾ ਔਖਾ ਪੈਂਡਾ
ਜਿੰਦੜੀ ਕਿੰਜ ਮੁਕਾਏ ਵੇ।
ਕਿੱਕਰਾਂ ਦੇ ਫੁੱਲਾਂ ਦੀ ਅੜਿਆ
ਕੌਣ ਕਰੇਂਦਾ ਰਾਖੀ ਵੇ
ਕਦ ਕੋਈ ਮਾਲੀ ਮਲ੍ਹਿਆਂ ਉੱਤੋਂ
ਹਰੀਅਲ ਆਣ ਉਡਾਏ ਵੇ।
ਪੀੜਾਂ ਦੇ ਧਰਕੋਨੇ ਖਾ ਖਾ
ਹੋ ਗਏ ਗੀਤ ਕਸੈਲੇ ਵੇ
ਵਿਚ ਨੜੋਏ ਬੈਠੀ ਜਿੰਦੂ
ਕੀਕਣ ਸੋਹਲੇ ਗਾਏ ਵੇ।
ਪ੍ਰੀਤਾਂ ਦੇ ਗਲ ਛੁਰੀ ਫਿਰੇਂਦੀ
ਵੇਖ ਕੇ ਕਿੰਜ ਕੁਰਲਾਵਾਂ ਵੇ
ਲੈ ਚਾਂਦੀ ਦੇ ਬਿੰਗ ਕਸਾਈਆਂ
ਮੇਰੇ ਗਲੇ ਫਸਾਏ ਵੇ।
ਤੜਪ ਤੜਪ ਕੇ ਮਰ ਗਈ ਅੜਿਆ
ਮੇਲ ਤੇਰੇ ਦੀ ਹਸਰਤ ਵੇ
ਐਸੇ ਇਸ਼ਕ ਦੇ ਜ਼ੁਲਮੀ ਰਾਜੇ
ਬਿਰਹੋਂ ਬਾਣ ਚਲਾਏ ਵੇ।
ਚੁਗ ਚੁਗ ਰੋੜ ਗਲੀ ਤੇਰੀ ਦੇ
ਘੁੰਗਣੀਆਂ ਵੱਤ ਚੱਬ ਲਏ ਵੇ
’ਕੱਠੇ ਕਰ ਕਰ ਕੇ ਮੈਂ ਤੀਲ੍ਹੇ
ਬੁੱਕਲ ਵਿਚ ਧੁਖਾਏ ਵੇ।
ਇਕ ਚੂਲੀ ਵੀ ਪੀ ਨਾ ਸਕੀ
ਪਿਆਰ ਦੇ ਨਿੱਤਰੇ ਪਾਣੀ ਵੇ
ਵਿੰਹਦਿਆਂ ਸਾਰ ਪਏ ਵਿਚ ਪੂਰੇ
ਜਾਂ ਮੈਂ ਹੋਂਠ ਛੁਹਾਏ ਵੇ।

Advertisement
Author Image

Advertisement