ਬਾਨੀ ਨੂੰ ਸਿਜਦਾ
ਅੱਜ ਆਪਣੇ ਸਥਾਪਨਾ ਦਿਵਸ ’ਤੇ ਅਸੀਂ ਦੂਰਦ੍ਰਿਸ਼ਟੀ ਦੇ ਮਾਲਕ ਸਰਦਾਰ ਦਿਆਲ ਸਿੰਘ ਮਜੀਠੀਆ ਨੂੰ ਯਾਦ ਕਰਦੇ ਹਾਂ ਜਿਨ੍ਹਾਂ 143 ਸਾਲ ਪਹਿਲਾਂ ਲਾਹੌਰ ਵਿੱਚ ‘ਦਿ ਟ੍ਰਿਬਿਊਨ’ ਦੀ ਸਥਾਪਨਾ ਕੀਤੀ ਸੀ। ਸਾਡੇ ਸੰਸਥਾਪਕ ਸੱਚਮੁਚ ਅਸਧਾਰਨ ਪੰਜਾਬੀ, ਸਫ਼ਲ ਕਾਰੋਬਾਰੀ, ਮੋਢੀ ਬੈਂਕਰ, ਦਾਰਸ਼ਨਿਕ, ਅਧਿਆਤਮਵਾਦੀ ਤੇ ਮਹਾਨ ਦੇਸ਼ ਭਗਤ ਸਨ ਜਿਨ੍ਹਾਂ ਆਪਣੇ ਲੋਕਾਂ ਨੂੰ ਵੱਡੇ ਪੱਧਰ ’ਤੇ ਜਾਗਰੂਕ ਕਰਨ, ਪੰਜਾਬੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਤੇ ਦੇਸ਼ ਦੀ ਆਜ਼ਾਦੀ ਲਈ ਚੱਲ ਰਹੇ ਸੰਘਰਸ਼ ਨੂੰ ਜ਼ੋਰਦਾਰ ਹੁਲਾਰਾ ਦੇਣ ਲਈ ਆਪਣੀ ਸਾਰੀ ਸੰਪਤੀ ਤੇ ਦੌਲਤ ਸਮਾਜ ਦੇ ਲੇਖੇ ਲਾ ਦਿੱਤੀ। ਆਪਣੇ ਦ੍ਰਿੜ੍ਹ ਇਰਾਦਿਆਂ ’ਤੇ ਅਟਲ, ਆਜ਼ਾਦ ਖਿਆਲ ਤੇ ਅਡੋਲ ਜਮਹੂਰੀਅਤ ਪੱਖੀ ਸਰਦਾਰ ਨੇ ਬੇਖੌ਼ਫ, ਸੁਤੰਤਰ ਤੇ ਨਿਰਪੱਖ ਪ੍ਰੈੱਸ ਨੂੰ ਵੱਡੀ ਮਹੱਤਤਾ ਦਿੱਤੀ। 2 ਫਰਵਰੀ 1881 ਨੂੰ ਪ੍ਰਕਾਸ਼ਿਤ ਪਹਿਲੀ ਸੰਪਾਦਕੀ ਉਨ੍ਹਾਂ ਦੇ ਬਹੁਮੁੱਲੇ ਸਿਧਾਂਤਾਂ, ਜੋ ਅੱਜ ਵੀ ਸਾਡੀਆਂ ਬੁਨਿਆਦੀ ਕਦਰਾਂ ਕੀਮਤਾਂ ਦਾ ਹਿੱਸਾ ਹਨ, ਵਿੱਚ ਰੰਗੀ ਹੋਈ ਸੀ।
ਇਹ ਬਹੁਤ ਮਾਣ ਤੇ ਖ਼ੁਸ਼ੀ ਦੀ ਗੱਲ ਹੈ ਕਿ ਪਿਛਲੀ ਇਕ ਸਦੀ ਤੋਂ ਵੱਧ ਸਮੇਂ ਵਿੱਚ ਲਗਾਤਾਰ ਖ਼ਤਰਿਆਂ, ਦਬਾਅ ਤੇ ਗੰਭੀਰ ਵਿੱਤੀ ਤੇ ਹੋਰ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ‘ਦਿ ਟ੍ਰਿਬਿਊਨ’ ਤੇ ਮਗਰੋਂ ਇਸ ਦੀਆਂ ਹਿੰਦੀ ਤੇ ਪੰਜਾਬੀ ਵਿੱਚ ਛਪਦੀਆਂ ਦੋ ਹੋਰ ਪ੍ਰਕਾਸ਼ਨਾਵਾਂ ਕਦੇ ਵੀ ਆਪਣੇ ਮੰਤਵ ਤੋਂ ਨਹੀਂ ਥਿੜਕੀਆਂ ਅਤੇ ਉਨ੍ਹਾਂ ਹਮੇਸ਼ਾ ਉੱਤਰ ਭਾਰਤ ਦੇ ਛੇ ਕਰੋੜ ਤੋਂ ਵੱਧ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਲਈ ਨਿਡਰ ਹੋ ਕੇ ਆਵਾਜ਼ ਉਠਾਈ।
ਅੱਜ ਦੇ ਇਸ ਮੁਬਾਰਕ ਦਿਹਾੜੇ ’ਤੇ ਟਰੱਸਟ ਮੈਂਬਰ, ਸਾਡੇ ਤਿੰਨੋਂ ਅਖ਼ਬਾਰਾਂ ਦੀ ਪ੍ਰਕਾਸ਼ਨਾ ਨਾਲ ਜੁੜੇ ਸਾਰੇ ਕਰਮਚਾਰੀ ਅਤੇ ‘ਦਿ ਟ੍ਰਿਬਿਊਨ ਸਕੂਲ’ ਦੇ ਅਧਿਆਪਕ, ਵਿਦਿਆਰਥੀ ਤੇ ਹੋਰ ਸਟਾਫ਼ ਸਾਡੇ ਸੰਸਥਾਪਕ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ ਅਤੇ ਸਾਡੀ ਸ਼ਾਨਾਂਮੱਤੀ ਵਿਰਾਸਤ ਨੂੰ ਜਿਊਂਦਾ ਰੱਖਣ ਅਤੇ ਹੋਰ ਮਜ਼ਬੂਤ ਕਰਨ ਲਈ ਉਨ੍ਹਾਂ ਦੇ ਸਮਰਪਿਤ ਯਤਨਾਂ ਨੂੰ ਜਾਰੀ ਰੱਖਣ ਦਾ ਅਹਿਦ ਲੈਂਦੇ ਹਨ।
ਐੱਨ.ਐੱਨ. ਵੋਹਰਾ
ਪ੍ਰਧਾਨ, ਦਿ ਟ੍ਰਿਬਿਊਨ ਟਰੱਸਟ, ਚੰਡੀਗੜ੍ਹ