For the best experience, open
https://m.punjabitribuneonline.com
on your mobile browser.
Advertisement

ਧੀਆਂ ਨੂੰ ਲੋਰੀਆਂ ਸੁਣਾਉਣ ਵਾਲੀ ਨੁਜ਼ਹਤ ਅੱਬਾਸ

07:52 AM Aug 13, 2023 IST
ਧੀਆਂ ਨੂੰ ਲੋਰੀਆਂ ਸੁਣਾਉਣ ਵਾਲੀ ਨੁਜ਼ਹਤ ਅੱਬਾਸ
Advertisement

ਡਾ. ਦਰਸ਼ਨ ਸਿੰਘ ‘ਆਸ਼ਟ’

ਲਹਿੰਦੇ ਪੰਜਾਬ (ਪਾਕਿਸਤਾਨ) ਵਿੱਚ ਇਸ ਸਮੇਂ 13 ਕਰੋੜ ਤੋਂ ਵੱਧ ਪੰਜਾਬੀਆਂ ਦਾ ਵਸੇਬਾ ਹੈ। ਪੰਜਾਬੀਆਂ ਦੀ ਇੰਨੀ ਵੱਡੀ ਤਾਦਾਦ ਹੋਣ ਦੇ ਬਾਵਜੂਦ ਉੱਥੇ ਸਰਕਾਰੀ ਭਾਸ਼ਾ ਪੰਜਾਬੀ ਦੀ ਥਾਂ ਉਰਦੂ ਹੈ। ਵਿਸ਼ਵ ਵਿੱਚ ਪੰਜਾਬੀਆਂ ਦੀ ਸਭ ਤੋਂ ਵੱਧ ਵੱਸੋਂ ਹੋਣ ਦੇ ਬਾਵਜੂਦ ਉੱਥੇ ਕੋਈ ਵੀ ਸਕੂਲ ਅਜਿਹਾ ਨਹੀਂ ਜਿੱਥੇ ਪੰਜਾਬੀ ਬੋਲਦੇ ਬੱਚਿਆਂ ਲਈ ਸਿੱਖਿਆ ਦਾ ਮਾਧਿਅਮ ਪੰਜਾਬੀ ਹੋਵੇ। ਜੇਕਰ ਕੋਈ ਬਾਲ ਸਕੂਲ ਵਿੱਚ ਉਰਦੂ ਦੀ ਥਾਂ ਪੰਜਾਬੀ ਬੋਲਦਾ ਫੜਿਆ ਜਾਵੇ ਤਾਂ ਉਸ ਨੂੰ ਜ਼ੁਰਮਾਨਾ ਕੀਤਾ ਜਾਂਦਾ ਹੈ। ਅਜਿਹੀ ਚਿੰਤਾਜਨਕ ਸਥਿਤੀ ਵਿੱਚ ‘ਕੋਈ ਹਰਿਆ ਬੂਟ ਰਹੀਓ ਰੀ’ ਅਨੁਸਾਰ ਨੁਜ਼ਹਤ ਅੱਬਾਸ ਦਾ ਜ਼ਿਕਰ ਕਰਨਾ ਗ਼ੈਰ-ਪ੍ਰਸੰਗਿਕ ਨਹੀਂ ਹੋਵੇਗਾ ਜੋ ਲਹਿੰਦੇ ਪੰਜਾਬ ਵਿੱਚ ਪੰਜਾਬੀ ਬੋਲਦੇ ਬਾਲਾਂ ਖ਼ਾਸ ਕਰਕੇ ਧੀਆਂ ਧਿਆਣੀਆਂ ਲਈ ਪੰਜਾਬੀ ਵਿੱਚ ਮੌਲਿਕ ਲੋਰੀਆਂ ਦੀ ਸਿਰਜਣਾ ਕਰਕੇ ਨਾ ਸਿਰਫ਼ ਉਨ੍ਹਾਂ ਦਾ ਮਨ ਪ੍ਰਚਾਵਾ ਕਰ ਰਹੀ ਹੈ ਸਗੋਂ ਉਨ੍ਹਾਂ ਨੂੰ ਪੰਜਾਬੀ ਦੀ ਮਾਣਮੱਤੀ ਵਿਰਾਸਤ ਅਤੇ ਸੱਭਿਆਚਾਰ ਨਾਲ ਜੋੜਨ ਦਾ ਵੀ ਸਾਰਥਿਕ ਉਪਰਾਲਾ ਕਰ ਰਹੀ ਹੈ। ਉਸ ਦਾ ਮੰਨਣਾ ਹੈ ਕਿ ਜੇਕਰ ਬਾਲਾਂ ਦੀ ਮਾਂ ਬੋਲੀ ਤਕੜੀ ਹੋਵੇਗੀ ਅਤੇ ਬਾਲਾਂ ਦੀ ਆਪਣੀ ਬੋਲੀ, ਰਹਿਤਲ ਤੇ ਆਪਣੇ ਆਪ ਨਾਲ ਸਾਂਝ ਵਧੇਗੀ ਤਾਂ ਹੀ ਉਹ ਫ਼ਖ਼ਰ ਨਾਲ ਕਹਿ ਸਕਣਗੇ ਕਿ ਅਸੀਂ ਪੰਜਾਬੀ ਹਾਂ ਅਤੇ ਸਾਡੀ ਮਾਂ ਬੋਲੀ ਪੰਜਾਬੀ ਹੈ। ਪਿਛਲੇ ਦਿਨੀਂ ਉਸ ਨੇ ਸੰਦੀਪ ਸਿੰਘ (ਜਲੰਧਰ) ਹੋਰਾਂ ਜ਼ਰੀਏ ਮੈਨੂੰ ਲੋਰੀਆਂ ਅਤੇ ਬਾਲ ਗੀਤਾਂ ਦੀਆਂ ਸੀ.ਡੀਜ਼ ਅਤੇ ਪੁਸਤਕਾਂ ਭੇਜੀਆਂ। ਮੈਂ ਮਹਿਸੂਸ ਕੀਤਾ ਕਿ ਚੜ੍ਹਦੇ ਪੰਜਾਬ ਵਿੱਚ ਉਸ ਵੱਲੋਂ ਮਾਂ ਬੋਲੀ ਲਈ ਕੀਤੇ ਜਾ ਰਹੇ ਠੋਸ ਉੱਦਮ ਦੀ ਚਰਚਾ ਜ਼ਰੂਰ ਹੋਣੀ ਚਾਹੀਦੀ ਹੈ।
ਲਾਇਲਪੁਰ (ਅੱਜਕੱਲ੍ਹ ਨਾਂ ਫ਼ੈਸਲਾਬਾਦ) ਦੀ ਜੰਮਪਲ ਨੁਜ਼ਹਤ ਅੱਬਾਸ ਲਾਇਲਪੁਰ ਦੀ ਪਹਿਲੀ ਵਿਦਿਆਰਥਣ ਹੈ ਜੋ ਉਚੇਰੀ ਸਿੱਖਿਆ ਹਾਸਿਲ ਕਰਨ ਲਈ ਸੋਵੀਅਤ ਯੂਨੀਅਨ ਗਈ ਸੀ। ਉੱਥੇ ਉਸ ਨੇ ਰੂਸੀ ਭਾਸ਼ਾ ਤੋਂ ਇਲਾਵਾ ਇਤਿਹਾਸ ਅਤੇ ਹੋਰ ਵਿਸ਼ਿਆਂ ਦੀ ਤਾਲੀਮ ਹਾਸਿਲ ਕੀਤੀ। ਜਦੋਂ ਉਸ ਦੀ ਅੰਮੀ ਵਫ਼ਾਤ ਪਾ ਗਈ ਤਾਂ ਉਸ ਨੂੰ ਮਹਿਸੂਸ ਹੋਇਆ ਜਿਵੇਂ ਉਸ ਕੋਲੋਂ ਪੰਜਾਬੀ ਲੋਰੀਆਂ, ਥਾਲ, ਖੇਡ ਗੀਤਾਂ ਅਤੇ ਬਾਤਾਂ-ਬੁਝਾਰਤਾਂ ਦੀ ਮੁੱਲਵਾਨ ਵਿਰਾਸਤ ਹੀ ਖੁੱਸ ਗਈ ਹੋਵੇ। ਜਦੋਂ ਉਸ ਦੀ ਧੀ ਅਨੂਸ਼ਾ (1998) ਨੇ ਜਨਮ ਲਿਆ ਤਾਂ ਮਾਂ ਨੁਜ਼ਹਤ ਦੇ ਜ਼ਿਹਨ ਵਿੱਚੋਂ ਆਪਣੀ ਨੰਨ੍ਹੀ ਮੁੰਨੀ ਬਾਲੜੀ ਲਈ ਲੋਰੀਆਂ ਦਾ ਬੂਟਾ ਫਿਰ ਪੁੰਗਰਨ ਲੱਗ ਪਿਆ। ਉਸ ਨੇ ਅਨੁਭਵ ਕੀਤਾ ਕਿ ਲਹਿੰਦੇ ਪੰਜਾਬ ਵਿੱਚ ਪੰਜਾਬੀਆਂ ਦੀ ਆਪਣੀ ਜ਼ੁਬਾਨ ਦੀ ਥਾਂ ਉਰਦੂ ਵਿੱਚ ਲੋਰੀਆਂ ਕਿਉਂ? ਪਾਕਿਸਤਾਨ ਦੀ ਇੱਕ ਸੰਸਥਾ ਨਾਲ ਆਪਣੇ ਦੋ ਸਾਲਾ ਐਕਸ਼ਨ ਰਿਸਰਚ ਪ੍ਰਾਜੈਕਟ ਦੌਰਾਨ ਉਸ ਨੇ ਮਹਿਸੂਸ ਕੀਤਾ ਕਿ ਪੰਜਾਬੀ ਵਿੱਚ ਬਹੁਤੀਆਂ ਲੋਰੀਆਂ ਤਾਂ ਮੁੰਡੇ ਨੂੰ ਸੰਬੋਧਿਤ ਹਨ, ਕੁੜੀਆਂ ਨੂੰ ਕਿਉਂ ਨਹੀਂ? ਲਿੰਗ ਸਮਾਨਤਾ ਨੂੰ ਮੁੱਖ ਰੱਖਦਿਆਂ ਉਸ ਨੇ ਧੀਆਂ ਲਈ ਲੋਰੀਆਂ ਲਿਖਣ ਦਾ ਕਾਰਜ ਆਰੰਭਿਆ ਤਾਂ ਜੋ ਮੁੰਡੇ ਅਤੇ ਕੁੜੀ ਵਿੱਚ ਸੰਤੁਲਨ ਕਾਇਮ ਰੱਖਿਆ ਜਾ ਸਕੇ। ਨਤੀਜਤਨ ਉਸ ਨੇ ਪੰਜਾਬੀ ਬਾਲੜੀਆਂ ਲਈ ਇਸ ਪੱਖ ਤੋਂ ਕੰਮ ਕਰਨ ਦਾ ਅਟੱਲ ਫ਼ੈਸਲਾ ਕਰ ਲਿਆ। ਉਸ ਨੇ ਅੰਮੀ ਜਾਨ ਵਾਲੀਆਂ ਅਤੇ ਪੰਜਾਬੀ ਦੀਆਂ ਪ੍ਰਚਲਿਤ ਲੋਰੀਆਂ ਨੂੰ ਇਕੱਤ੍ਰਿਤ ਕੀਤਾ ਅਤੇ ਖ਼ੁਦ ਨਵੀਆਂ ਲੋਰੀਆਂ ਦੀ ਸਿਰਜਣਾ ਕੀਤੀ। ਉਦਾਹਰਣ ਵਜੋਂ:
ਸੌਂ ਜਾ ਮੇਰੀ ਰਾਣੀ, ਸੌਂ ਜਾ ਮੇਰੀ ਜਾਨ।
ਨੀਂਦਰ ਦੇ ਵਿੱਚ ਜਾਵੇਂਗੀ, ਪਰੀਆਂ ਕੋਲ ਬੁਲਾਵੇਂਗੀ।
ਪੀਂਘਾਂ ਉੱਚੀਆਂ ਪਾਵੇਂਗੀ, ਪਿਆਰ ਹੁਲਾਰੇ ਖਾਵੇਂਗੀ।
ਸੌਂ ਜਾ ਮੇਰੀ ਰਾਣੀ, ਸੌਂ ਜਾ ਮੇਰੀ ਜਾਨ।
ਤੜਕੇ ਤੂੰ ਉੱਠ ਜਾਵੇਂਗੀ, ਸੁਪਨੇ ਸਭ ਸੁਣਾਵੇਂਗੀ।
ਮਾਂ ਨਾਲ ਜੱਫੀ ਪਾਵੇਂਗੀ, ਮਿੱਠੀ ਚੂਰੀ ਖਾਵੇਂਗੀ।
ਸੌਂ ਗਈ ਮੇਰੀ ਰਾਣੀ, ਸੌਂ ਗਈ ਮੇਰੀ ਜਾਨ।
ਹੂੰ ਹੂੰ ਹੂੰ ਹੂੰਅ, ਹੂੰ ਹੂੰ ਹੂੰ ਹੂੰਅ
ਹੂੰ ਹੂੰ ਹੂੰ ਹੂੰਅ, ਹੂੰ ਹੂੰ ਹੂੰ ਹੂੰਅ...।
ਮਿੱਠੀ ਆਵਾਜ਼ ਵਿੱਚ ਲੋਰੀਆਂ ਸੁਣਾਉਣ ਵਾਲੀ ਨੁਜ਼ਹਤ ਅੱਬਾਸ ਨੇ ਪੰਜਾਬੀ ਅਤੇ ਉਰਦੂ ਦੀਆਂ 29 ਲੋਰੀਆਂ ਦੀ ਸੀ.ਡੀ. ਨਸ਼ਰ ਕੀਤੀ ਹੈ ਜਿਸ ਵਿੱਚ ਨਿਰੋਲ ਲੋਰੀਆਂ ਹਨ। ਉਸ ਨੇ ਇਨ੍ਹਾਂ ਲੋਰੀਆਂ ਦੀ ਕੰਪੋਜ਼ਿੰਗ ਵੀ ਖ਼ੁਦ ਕੀਤੀ ਹੈ ਅਤੇ ਗਾਇਆ ਵੀ ਆਪ ਹੈ। ਇਨ੍ਹਾਂ ਲੋਰੀਆਂ ਵਿੱਚ ‘ਨਵੀਂ ਜ਼ਿੰਦਗੀ’, ‘ਝੂਟੇ ਮਾਈਆਂ’, ‘ਨਾਨੀ ਦਾਦੀ’, ‘ਬੱਚੀ ਮੇਰੀ ਰਾਣੀ’, ‘ਚੁੱਚੂ ਚੁੱਚੂ ਚਾਚਾ’, ‘ਚੁੰਮਾਂ ਤੇਰੀਆਂ ਅੱਖਾਂ’, ‘ਅੱਲੜ੍ਹ ਬੱਲੜ੍ਹ ਬਾਵੇ ਦਾ’, ‘ਸੌਂ ਜਾ ਮੇਰੀ ਰਾਣੀ’, ‘ਮੇਰੇ ਨਿੱਕੜੇ ਬਾਲ’ ਅਤੇ ‘ਨਿੱਕਾ ਜਿਹਾ ਦਿਲ ਮੇਰੀ ਜਿੰਦ ਵਿੱਚੋਂ ਬੋਲਦਾ’ ਵੀ ਕਮਾਲ ਦੀ ਘਾੜਤ ਹਨ। ਇਨ੍ਹਾਂ ਲੋਰੀਆਂ ਵਿੱਚ ਪੰਜਾਬੀ ਟੱਬਰ ਵਿੱਚ ਆਉਣ ਵਾਲੇ ਬਾਲ ਦੀ ਨਵੀਂ ਜ਼ਿੰਦਗੀ ਬਾਰੇ ਸੁਪਨੇ ਅਤੇ ਉਮੰਗਾਂ ਰੂਪਮਾਨ ਹੁੰਦੀਆਂ ਹਨ। ਨਾਨਕੇ ਅਤੇ ਦਾਦਕੇ ਦੇ ਗੂੜ੍ਹੇ ਰਿਸ਼ਤਿਆਂ ਨਾਲ ਪਿਆਰ ਅਤੇ ਸਾਂਝ ਦਾ ਰਿਸ਼ਤਾ ਹੈ। ਲੋਰੀਆਂ ਰਾਹੀਂ ਕੁਤਕੁਤਾੜੀਆਂ, ਮੌਜ ਮੇਲਾ, ਝੂਟੇ ਮਾਟੇ ਅਤੇ ਰਲ ਮਿਲ ਕੇ ਗਾਉਣ ਨਾਲ ਖ਼ੁਸ਼ੀ ਦੁੱਗਣੀ ਹੋਣ ਦੀਆਂ ਗੱਲਾਂ ਹਨ। ਲੈਅ ਤੇ ਤਾਲ ਦੀ ਸੰਗੀਤਕ ਮਿਠਾਸ ਵਿੱਚ ਘੁਲੀ ਹਰ ਲੋਰੀ ਦੇ ਅੰਤ ਵਿੱਚ ਗਾਇਕਾ ਦੀ ਆਵਾਜ਼ ਹੌਲੀ ਹੌਲੀ ਮੱਧਮ ਹੁੰਦੀ ਹੋਈ ਬੰਦ ਹੋ ਜਾਂਦੀ ਹੈ। ਇਹ ਲੋਰੀਆਂ ਬਾਲੜੀ ਦੇ ਜਨਮ ਤੋਂ ਲੈ ਕੇ ਸਕੂਲ ਜਾਣ ਤੱਕ ਦੀ ਅਵਸਥਾ ਨਾਲ ਤਾਅਲੁਕ ਰੱਖਦੀਆਂ ਹਨ।
ਜਦੋਂ ਨੁਜ਼ਹਤ ਅੱਬਾਸ ਪਹਿਲੀ ਵਾਰੀ ਆਪਣੇ ਖ਼ਾਵੰਦ ਅੱਬਾਸ, ਜੋ ਕੰਪਿਊਟਰ ਸੌਫਟਵੇਅਰ ਇੰਜੀਨੀਅਰ ਹਨ, ਨਾਲ ਨਨਕਾਣਾ ਸਾਹਿਬ ਗਈ ਸੀ ਤਾਂ ਵਾਪਸੀ ’ਤੇ ਲਾਹੌਰ ਤੱਕ ਆਉਂਦਿਆਂ ਰਾਹ ਵਿੱਚ ਮਿਲੇ ਅਨੇਕ ਬੱਚਿਆਂ ਨੂੰ ਉਸ ਨੇ ਆਪਣੀਆਂ ਇਹ ਪੰਜਾਬੀ ਲੋਰੀਆਂ ਸੁਣਾਈਆਂ, ਯਾਦ ਕਰਵਾਈਆਂ। ਬੱਚਿਆਂ ਨੇ ਇਨ੍ਹਾਂ ਨੂੰ ਖ਼ੂਬ ਪਸੰਦ ਕੀਤਾ।
ਨੁਜ਼ਹਤ ਅੱਬਾਸ ਨੇ ਆਪਣੀ ਧੀ ਦੇ ਮਨਪ੍ਰਚਾਵੇ ਲਈ ਲੋਰੀਆਂ ਤੋਂ ਬਾਅਦ ‘ਸੱਤੇ ਖ਼ੈਰਾਂ’ ਪੁਸਤਕ ਲਿਖੀ ਜਿਸ ਵਿੱਚ ਲੋਕ ਕਹਾਣੀਆਂ ਵਰਗੀ ਸ਼ੈਲੀ ਅਤੇ ਮਿਠਾਸ ਹੈ। ਇਸ ਵਿਚਲੀਆਂ ਕਹਾਣੀਆਂ ‘ਚਾਚਾ ਬੱਦਲ’, ‘ਭਾਅ ਬੂਟਾ ਤੇ ਪਰਛਾਵਾਂ’, ‘ਅੰਗ ਸੰਗ’, ‘ਕਾਲੀ ਸ਼ਹਿਜ਼ਾਦੀ’ ਆਦਿ ਸ਼ਾਮਿਲ ਹਨ। ਅਮਰਜੀਤ ਚੰਦਨ, ਜ਼ੁਬੈਰ ਅਹਿਮਦ ਅਤੇ ਕੁਝ ਹੋਰ ਅਦੀਬਾਂ ਨੇ ਉਸ ਦੀਆਂ ਇਨ੍ਹਾਂ ਬਾਤਾਂ ਨੂੰ ਗੁਰਮੁਖੀ ਵਿੱਚ ਵੀ ਢਾਲਿਆ। ਇਨ੍ਹਾਂ ਬਾਤਾਂ ਨੂੰ ਪਾਕਿਸਤਾਨ ਦੀ ਪ੍ਰਸਿੱਧ ਪੰਜਾਬੀ ਪ੍ਰਕਾਸ਼ਨ ਸੰਸਥਾ ਪੰਜਾਬ ਲੋਕ ਲਹਿਰ, ਸਾਹੀਵਾਲ ਨੇ ਛਾਪਿਆ। ਇਹ ਬਾਤਾਂ ਅੰਗਰੇਜ਼ੀ ਵਿੱਚ ਵੀ ਅਨੁਵਾਦ ਹੋ ਚੁੱਕੀਆਂ ਹਨ। ਹੁਣ ਉਸ ਨੇ ਅਣਜੰਮੀ ਬਾਲੜੀ ਲਈ 9 ਲੋਰੀਆਂ ਦੀ ਸਿਰਜਣਾ ਕੀਤੀ ਹੈ। ਯਾਨੀ ਹਰ ਮਹੀਨੇ ਲਈ ਇੱਕ ਲੋਰੀ। ਇਨ੍ਹਾਂ ਲੋਰੀਆਂ ਵਿੱਚ ਉਹ ਉਸ ਨੂੰ ਮਿੱਠੇ ਮਿੱਠੇ, ਪਿਆਰੇ ਪਿਆਰੇ ਸ਼ਬਦਾਂ ਨਾਲ ਸੰਬੋਧਤ ਹੋ ਰਹੀ ਹੈ ਕਿ ਪਰਿਵਾਰ ਦੇ ਕਿੰਨੇ ਸਾਰੇ ਪਿਆਰੇ ਪਿਆਰੇ ਵੰਨ-ਸੁਵੰਨੇ ਰਿਸ਼ਤੇ ਉਸ ਦੇ ਸੁਆਗਤ ਲਈ ਤਤਪਰ ਹਨ। ਉਸ ਦੀਆਂ ਹੋਰ ਪੁਸਤਕਾਂ ਵਿੱਚ ‘ਮਾਂ ਬਣਨ ਦਾ ਸਫ਼ਰ’ (ਉਸ ਦੀ ਪ੍ਰੈਗਨੈਂਸੀ ਡਾਇਰੀ), ‘ਮਨ ਫ਼ਕੀਰੀ ਚਸ਼ਮਾ’, ‘ਉਡਦਾ ਜਾਵੀਂ ਕਾਵਾਂ’ ਅਤੇ ‘ਪੰਜਾਬੀ ਲੋਕ ਗੀਤ’ ਆਦਿ ਸ਼ਾਮਿਲ ਹਨ।
ਨੁਜ਼ਹਤ ਅੱਬਾਸ ਨੂੰ 1985 ਵਿੱਚ ‘ਪਾਕਿਸਤਾਨੀ ਔਰਤਾਂ ਦੀ ਆਵਾਜ਼’ ਦੀ ਖੋਜਾਰਥਣ ਵਜੋਂ ਖ਼ਿਤਾਬ ਵੀ ਹਾਸਿਲ ਹੋ ਚੁੱਕਾ ਹੈ। ਉਹ ਕੌਮਾਂਤਰੀ ਪੱਧਰ ਦੀ ਪਰਉਪਕਾਰੀ (ਚੈਰਿਟੀ) ਸੰਸਥਾ ‘ਪੀਪ’ (ਪੇਰੈਂਟਸ ਅਰਲੀ ਐਜੂਕੇਸ਼ਨ ਪਾਰਟਨਰਸ਼ਿਪ) ਨਾਲ ਕਾਰਜਕਰਤਾ ਵਜੋਂ ਜੁੜੀ ਹੋਈ ਹੈ। ਉਹ ਸਾਊਥ ਏਸ਼ੀਆ ਵਿੱਚ ਜੈਂਡਰ ਕੋਆਰਡੀਨਟਰ ਵਜੋਂ ਵੀ ਆਪਣੀਆਂ ਸੇਵਾਵਾਂ ਦੇ ਰਹੀ ਹੈ।
ਇਨ੍ਹੀਂ ਦਿਨੀਂ ਉਹ ਆਕਸਫੋਰਡ ਵਿਖੇ ਰਹਿ ਰਹੀ ਹੈ ਅਤੇ ਆਖਦੀ ਹੈ:
ਮਾਲੀ ਦਾ ਕੰਮ ਪਾਣੀ ਦੇਣਾ, ਭਰ ਭਰ ਮਸ਼ਕਾਂ ਪਾਵੇ
ਮਾਲਕ ਦਾ ਕੰਮ ਫਲ-ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ।
* ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ।
ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ।
ਸੰਪਰਕ: 98144-23703

Advertisement

Advertisement
Author Image

joginder kumar

View all posts

Advertisement
Advertisement
×