ਖੁਰਾਕ ਉਤਪਾਦਾਂ ਦੀ ਪੌਸ਼ਟਿਕਤਾ
ਬਾਜ਼ਾਰ ਵਿਚ ਵਿਕਦੀਆਂ ਖ਼ੁਰਾਕੀ ਉਤਪਾਦਾਂ ਵਿਚ ਖੰਡ, ਲੂਣ ਅਤੇ ਵਸਾ (ਫੈਟ) ਦੀ ਜਿ਼ਆਦਾ ਮਾਤਰਾ ਪਾਏ ਜਾਣ ਦੀਆਂ ਰਿਪੋਰਟਾਂ ਉਜਾਗਰ ਹੋਣ ਨਾਲ ਜਨਤਕ ਸਿਹਤ ਅਤੇ ਪਾਰਦਰਸ਼ਤਾ ਮੁਤੱਲਕ ਨਵੇਂ ਸਿਰੇ ਤੋਂ ਵਿਚਾਰ ਚਰਚਾ ਸ਼ੁਰੂ ਹੋ ਗਈ ਹੈ। ਬੌਰਨਵੀਟਾ ਅਤੇ ਨੈਸਲੇ ਵਰਗੀਆਂ ਵੱਡੀਆਂ ਕੰਪਨੀਆਂ ਦੇ ਉਤਪਾਦਾਂ ਨੂੰ ਛਾਣਬੀਣ ਅਤੇ ਜਵਾਬਦੇਹੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੈਸਲੇ ਨੇ ਇਸ ਮਾਮਲੇ ਵਿੱਚ ਜਿ਼ੰਮੇਵਾਰੀ ਤੋਂ ਕੰਮ ਲੈਂਦਿਆਂ ਜਵਾਬ ਦਿੱਤਾ ਹੈ ਕਿ ਉਸ ਵੱਲੋਂ ਆਪਣੇ ਉਤਪਾਦਾਂ ਵਿੱਚ ਖੰਡ, ਲੂਣ ਤੇ ਵਸਾ ਦੀ ਮਾਤਰਾ ਘਟਾਈ ਗਈ ਹੈ ਅਤੇ ਇਸ ਸਬੰਧ ਵਿੱਚ ਆਲਮੀ ਖ਼ੁਰਾਕੀ ਸੇਧਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਜਿਸ ਤੋਂ ਇਹ ਗੱਲ ਝਲਕਦੀ ਹੈ ਕਿ ਕੋਈ ਵੀ ਕੰਪਨੀ ਨੂੰ ਸਿਹਤ ਨਾਲ ਜੁੜੇ ਮਿਆਰਾਂ ਦੀ ਪਾਲਣਾ ਕਰਨ ਵਿੱਚ ਢਿੱਲ-ਮੱਠ ਹੋਣ ਦੀ ਸੂਰਤ ਵਿੱਚ ਮਾਰਕਿਟ ਦੇ ਜੋਖ਼ਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖ਼ੁਰਾਕੀ ਵਸਤਾਂ ਦੀ ਇਸ ਵੱਡੀ ਫਰਮ ਵੱਲੋਂ ਪਿਛਲੇ ਕੁਝ ਸਾਲਾਂ ਦੌਰਾਨ ਮੈਗੀ ਮਸਾਲਾ ਨੂਡਲਜ਼ ਵਿੱਚ ਲੂਣ ਦੀ ਮਾਤਰਾ ਅਤੇ ਨਵਜੰਮੇ ਬੱਚਿਆਂ ਦੇ ਖਾਧ ਪਦਾਰਥਾਂ ਵਿੱਚ ਮਿੱਠੇ ਦੀ ਮਾਤਰਾ ਘੱਟ ਕਰਨ ਤੋਂ ਲੈ ਕੇ ਸਿਹਤਮੰਦ ਜੀਵਨ ਸ਼ੈਲੀ ਦੇ ਅਨੁਕੂਲ ਬਿਹਤਰ ਬਦਲ ਮੁਹੱਈਆ ਕਰਾਉਣ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਆਪਣੀ ਕਾਰੋਬਾਰੀ ਹੁਲਾਰੇ ਨੂੰ ਬਰਕਰਾਰ ਰੱਖਿਆ ਜਾ ਸਕੇ।
ਉਂਝ, ਭਾਰਤ ਜਿਹੇ ਵਿਕਾਸਸ਼ੀਲ ਦੇਸ਼ਾਂ ਵਿੱਚ ਬੱਚਿਆਂ ਦੇ ਉਤਪਾਦਾਂ ਵਿੱਚ ਖੰਡ ਦੀ ਮਾਤਰਾ ਜਿ਼ਆਦਾ ਹੋਣ ਦੇ ਹਾਲੀਆ ਦੋਸ਼ ਚਿੰਤਾਜਨਕ ਹਨ ਅਤੇ ਇਨ੍ਹਾਂ ਦੀ ਘੋਖ ਕੀਤੀ ਜਾਣੀ ਚਾਹੀਦੀ ਹੈ। ਇਸ ਸਬੰਧ ਵਿੱਚ ਨੇਮਾਂ ਦੀ ਪਾਲਣਾ ਖ਼ਪਤਕਾਰਾਂ ਦਾ ਭਰੋਸਾ ਅਤੇ ਉਤਪਾਦਾਂ ਦੇ ਪੋਸ਼ਕ ਤੱਤਾਂ ਦੀ ਗੁਣਵੱਤਾ ਬਰਕਰਾਰ ਰੱਖਣ ਲਈ ਕਾਫ਼ੀ ਅਹਿਮੀਅਤ ਰੱਖਦੀ ਹੈ। ਇਸ ਤੋਂ ਇਲਾਵਾ ਇੰਡੀਗੋ ਕੰਪਨੀ ਦੀਆਂ ਉਡਾਣਾਂ ਦੌਰਾਨ ਮੁਸਾਫਿ਼ਰਾਂ ਨੂੰ ਪਰੋਸੇ ਜਾਂਦੇ ਪਕਵਾਨਾਂ ਵਿੱਚ ਲੂਣ ਦੀ ਮਾਤਰਾ ਨੂੰ ਲੈ ਕੇ ਸਰੋਕਾਰ ਪ੍ਰਗਟਾਏ ਗਏ ਹਨ ਜਿਸ ਮੁਤੱਲਕ ਪਾਰਦਰਸ਼ਤਾ ਹੋਣੀ ਜ਼ਰੂਰੀ ਹੈ। ਖਾਧ ਪਦਾਰਥਾਂ ਦੀ ਚੋਣ ਦਾ ਮੂੰਹ ਮੁਹਾਂਦਰਾ ਘੜਨ ਅਤੇ ਇਸ ਹਿਸਾਬ ਨਾਲ ਸਨਅਤੀ ਕਾਰਵਿਹਾਰ ਨੂੰ ਉਸ ਰਸਤੇ ਤੋਰਨ ਲਈ ਖਪਤਕਾਰ ਜਾਗਰੂਕਤਾ ਅਹਿਮ ਭੂਮਿਕਾ ਨਿਭਾਉਂਦੀ ਹੈ। ਜਿਵੇਂ-ਜਿਵੇਂ ਲੋਕ ਖਾਧ ਖੁਰਾਕ ਦੇ ਸਿਹਤ ’ਤੇ ਅਸਰਾਂ ਬਾਰੇ ਜਾਗਰੂਕ ਹੋ ਰਹੇ ਹਨ, ਉਸੇ ਹਿਸਾਬ ਨਾਲ ਕੰਪਨੀਆਂ ਨੂੰ ਵੀ ਖਪਤਕਾਰਾਂ ਲਈ ਪੋਸ਼ਕ ਤੱਤਾਂ ਵਾਲੇ ਖਾਧ ਪਦਾਰਥ ਮੁਹੱਈਆ ਕਰਵਾਉਣ ਦੀ ਮਜਬੂਰੀ ਬਣੇਗੀ ਅਤੇ ਉਨ੍ਹਾਂ ਨੂੰ ਇਨ੍ਹਾਂ ਬਦਲਾਂ ਨੂੰ ਤਰਜੀਹ ਦੇਣੀ ਪਵੇਗੀ; ਨਾਲ ਹੀ ਆਪਣੇ ਪਦਾਰਥਾਂ ਵਿੱਚ ਵਰਤੀ ਜਾਂਦੀ ਸਮੱਗਰੀ ਬਾਰੇ ਸਹੀ ਅਤੇ ਹੋਰ ਜਿ਼ਆਦਾ ਜਾਣਕਾਰੀ ਮੁਹੱਈਆ ਕਰਵਾਉਣੀ ਪਵੇਗੀ।
ਖ਼ੁਰਾਕ ਸਨਅਤ ਨੂੰ ਲਾਜ਼ਮੀ ਤੌਰ ’ਤੇ ਆਪਣੀ ਕਾਰਜ ਪ੍ਰਣਾਲੀ ਦਾ ਮੁਲੰਕਣ ਕਰਨਾ ਚਾਹੀਦਾ ਹੈ ਤੇ ਖ਼ੁਰਾਕ ਰੈਗੂਲੇਟਰਾਂ ਨੂੰ ਵੀ ਨਿਯਮ ਸਖ਼ਤ ਕਰਨੇ ਚਾਹੀਦੇ ਹਨ। ਖ਼ਾਸ ਤੌਰ ’ਤੇ ਭਾਰਤ ਵਿੱਚ ਇਹ ਮਹੱਤਵਪੂਰਨ ਹੈ ਜਿੱਥੇ ਖਾਣ-ਪੀਣ ਨਾਲ ਸਬੰਧਿਤ ਗ਼ੈਰ-ਲਾਗ਼ ਬਿਮਾਰੀਆਂ ਜਿਵੇਂ ਸ਼ੂਗਰ, ਮੋਟਾਪਾ, ਦਿਲ ਤੇ ਰੋਗ ਵਧ ਰਹੇ ਹਨ। ਇਨ੍ਹਾਂ ਚੁਣੌਤੀਆਂ ਤੋਂ ਪਾਰ ਪਾਉਣ ਲਈ ਖਪਤਕਾਰਾਂ ਤੇ ਖ਼ੁਰਾਕ ਉਦਯੋਗ ਦੇ ਹਿੱਤ ਧਾਰਕਾਂ ਨੂੰ ਸਾਂਝੇ ਯਤਨ ਕਰਨ ਦੀ ਲੋੜ ਹੈ ਜਿਸ ’ਚ ਖਾਣ-ਪੀਣ ਦੀਆਂ ਸਿਹਤਮੰਦ ਆਦਤਾਂ ਨੂੰ ਹੁਲਾਰਾ ਦੇਣਾ ਵੀ ਸ਼ਾਮਲ ਹੈ। ਇਸ ਮਾਮਲੇ ’ਚ ਖੰਡ, ਲੂਣ ਅਤੇ ਵਸਾ ਦੀ ਜਿ਼ਆਦਾ ਮਾਤਰਾ ਵਾਲੇ ਖ਼ੁਰਾਕੀ ਪਦਾਰਥਾਂ ’ਤੇ ਟੈਕਸ ਲਾਉਣ ਜਿਹੇ ਕਦਮ ਆਸ ਦੀ ਕਿਰਨ ਬਣ ਸਕਦੇ ਹਨ।