ਨੁਹਾਰ
ਰਸ਼ਪਿੰਦਰ ਪਾਲ ਕੌਰ
ਅਸੀਂ ਸਾਰੇ ਹਰ ਰੋਜ਼ ਸਵੇਰ ਸਾਰ ਆਪਣੇ ਕੰਮਕਾਰ ਨਾਲ ਦਿਨ ਦੀ ਸ਼ੁਰੂਆਤ ਕਰਦੇ ਹਾਂ। ਖੇਤ, ਫੈਕਟਰੀ, ਦੁਕਾਨ, ਦਫਤਰ ਤੇ ਸਕੂਲ ਸਾਡਾ ਟਿਕਾਣਾ ਬਣਦੇ ਹਨ। ਸਕੂਲ ਵਿੱਚ ਪੈਰ ਪਾਉਂਦਿਆਂ ਹੀ ਸਾਫ-ਸਫਾਈ ਵਾਲੀ ਬੀਬੀ ਦਾ ਸੁਆਰਿਆ ਸਾਫ-ਸੁਥਰਾ ਵਿਹੜਾ ਸੁਆਗਤ ਕਰਦਾ ਨਜ਼ਰ ਆਉਂਦਾ ਹੈ। ਚਾਹ ਪਾਣੀ ਪਿਆਉਂਦਾ ਬਾਈ ਦਿਨ ਭਰ ਆਪਣੇ ਕੰਮ ਵਿੱਚ ਜੁਟਿਆ ਨਜ਼ਰ ਆਉਂਦਾ ਹੈ। ਸਾਰੇ ਬੱਚਿਆਂ ਲਈ ਖਾਣਾ ਬਣਾਉਂਦੀਆਂ ਮਿੱਡ-ਡੇਅ ਮੀਲ ਵਾਲੀਆਂ ਬੀਬੀਆਂ ਸਵੇਰ ਤੋਂ ਰੋਟੀ ਪਾਣੀ ਦੇ ਆਹਰ ਵਿੱਚ ਜੁਟੀਆਂ ਦਿਸਦੀਆਂ ਹਨ। ਕਦੇ ਗੱਲ ਕਰਨ ਦਾ ਵਕਤ ਮਿਲੇ ਤਾਂ ਵੱਡੀ ਉਮਰ ਵਾਲੀ ਬੀਬੀ ਦੇ ਸਹਿਜ ਭਰੇ ਬੋਲ ਮਨ ਨੂੰ ਟੁੰਬਦੇ ਹਨ, “ਕੰਮ ਤਾਂ ਬੰਦੇ ਦਾ ਕਰਮ ਹੁੰਦਾ ਧੀਏ। ਕੰਮ ਕਰਾਂਗੇ ਤਾਂ ਹੀ ਜਿਊਣ ਦਾ ਸਬਬ ਬਣੂ। ਕੰਮ ਹੀ ਬੰਦੇ ਨੂੰ ਮਾਣ ਦਿਵਾਉਂਦਾ ਏ। ਵਿਹਲੇ ਰਹਿ ਕੇ ਨਾ ਘਰਾਂ ਦੀ ਪੂਰੀ ਪਵੇ ਤੇ ਨਾ ਹੀ ਜਿ਼ੰਦਗੀ ਦੀ ਗੱਡੀ ਤੁਰੇ।”
ਖਾਣਾ ਬਣਾਉਂਦੀਆਂ ਬੀਬੀਆਂ ਸਕੂਲ ਵਿੱਚ ਘਰ ਵਾਂਗ ਵਿਚਰਦੀਆਂ ਹਨ। ਅਧਿਆਪਕਾਂ ਦੇ ਸੁਖ ਦੁਖ ਵਿੱਚ ਸ਼ਾਮਲ ਹੁੰਦੀਆਂ ਹਨ। ਉਨ੍ਹਾਂ ਦਾ ਰੋਜ਼ ਦਾ ਕਰਮ ਪੜ੍ਹਾਈ ਵਾਂਗ ਹੀ ਜ਼ਰੂਰੀ ਹੁੰਦਾ ਹੈ। ਵੱਡੀ ਉਮਰ ਵਾਲੀ ਬੀਬੀ ਕੁਝ ਦਿਨ ਸਕੂਲ ਨਾ ਆਈ। ਪੁੱਛਣ ’ਤੇ ਪਤਾ ਲੱਗਾ ਕਿ ਰਿਸ਼ਤੇਦਾਰੀ ਵਿੱਚ ਜ਼ਰੂਰੀ ਕੰਮ ਗਈ ਹੈ। ਉਹ ਕੰਮ ’ਤੇ ਪਰਤੀ ਤਾਂ ਉਸ ਦੇ ਪਰਿਵਾਰ ਦੀ ਸੁਖ ਸਾਂਦ ਜਾਣ ਕੇ ਚੈਨ ਮਿਲਿਆ। ਅਗਲੇ ਦਿਨ ਵਿਹਲੇ ਵਕਤ ਬੀਬੀ ਦੀਆਂ ਗੱਲਾਂ ਸੁਣਨ ਦਾ ਸਬਬ ਬਣਿਆ, “ਸੱਚ ਦਸਦੀ ਆਂ ਧੀਏ, ਮੈਂ ਰਿਸ਼ਤੇਦਾਰੀ ਵਿੱਚ ਕਿਤੇ ਨ੍ਹੀਂ ਸੀ ਗਈ। ਮੈਨੂੰ ਤਾਂ ਮੇਰੀ ਨੂੰਹ ਕਿਸਾਨਾਂ ਮਜ਼ਦੂਰਾਂ ਦੇ ’ਕੱਠ ’ਚ ਚੰਡੀਗੜ੍ਹ ਨਾਲ ਲੈ ਗਈ ਸੀ। ਇਸ ਬਹਾਨੇ ਨਾਲੇ ਚੰਡੀਗੜ੍ਹ ਦੇਖ ਆਈ, ਨਾਲੇ ’ਕੱਠ ਦੀਆਂ ਬਰਕਤਾਂ ਮਾਣ ਆਈ।”
ਇਹ ਬੋਲ ਸੁਣ ਕੇ ਮਸਤਕ ਵਿੱਚ ਕੈਮਰੇ ਮੂਹਰੇ ਖੜ੍ਹੀ ਕਿਸਾਨ ਬੀਬੀ ਦਾ ਦ੍ਰਿਸ਼ ਸਾਕਾਰ ਹੁੰਦਾ ਹੈ। ਸੱਠਾਂ ਤੋਂ ਉੱਪਰ ਟੱਪੀ ਉਮਰ। ਸਿਰ ’ਤੇ ਬਸੰਤੀ ਚੁੰਨੀ, ਹੱਥ ਵਿੱਚ ਕਿਰਸਾਨੀ ਝੰਡਾ। ਸਾਦ-ਮੁਰਾਦੀ ਬੀਬੀ ਦੇ ਬੁਲੰਦ ਬੋਲ ਹਲੂਣਦੇ ਹਨ, “ਕਿਸਾਨ ਲਹਿਰ ਨਾਲ ਜੁੜ ਕੇ ਮੇਰਾ ਨਵਾਂ ਜਨਮ ਹੋਇਆ ਹੈ। ਪਹਿਲਾਂ ਸਾਰਾ ਦਿਨ ਘਰ ਦੇ ਕੰਮਾਂ ਵਿੱਚ ਲੱਗੇ ਰਹਿਣਾ। ਜਿ਼ੰਦਗੀ ਦੀ ਦੌੜ ਖਾਣ ਪੀਣ ਤੇ ਕੰਮ ਤੱਕ ਹੀ ਸੀਮਤ ਸੀ। ਵਿਹਲ ਮਿਲਣ ’ਤੇ ਆਂਢ-ਗੁਆਂਢ ਦੀ ਚੁਗਲੀ ਚੋਰੀ ਦੀ ਖ਼ਬਰ ਸਾਰ ਰੱਖਣੀ। ਜਦ ਕਿਸਾਨਾਂ ਦੇ ’ਕੱਠਾਂ ਵਿੱਚ ਆਉਣ ਜਾਣ ਦਾ ਸਬਬ ਬਣਿਆ ਤਾਂ ਜਿਊਣ ਦਾ ਸਲੀਕਾ ਬਦਲਣ ਲੱਗਾ। ਜਥੇਬੰਦੀ ਤੋਂ ਸਿੱਖਦਿਆਂ ਦਿਲ ਦਿਮਾਗ਼ ਦੇ ਬੂਹੇ ਖੁੱਲ੍ਹਣ ਲੱਗੇ। ਆਪਣੇ ਖੇਤਾਂ ਦੀ ਰਾਖੀ ਲਈ ਸਿਰ ਉਠਾ ਕੇ ਜਿਊਣ ਦਾ ਮਕਸਦ ਮਿਲਿਆ। ਆਪਣੇ ਬੇਗਾਨਿਆਂ ਨੂੰ ਪਛਾਣਨ ਦੀ ਸਮਝ ਆਈ। ਆਪਣੀਆਂ ਧੀਆਂ, ਭੈਣਾਂ ਦੇ ਕਾਫ਼ਲੇ ਨਾਲ ਹੱਕਾਂ ਲਈ ਲਗਦੇ ਧਰਨਿਆਂ ਤੇ ’ਕੱਠਾਂ ਵਿੱਚ ਜਾਣ ਨਾਲ ਇਹ ਵੀ ਸਮਝ ਆ ਗਈ ਕਿ ਮੰਗਿਆਂ ਕੁਛ ਨ੍ਹੀਂ ਮਿਲਦਾ। ਹੱਕ ਲੈਣ ਲਈ ਏਕਾ ਤੇ ਸੰਘਰਸ਼ ਹੀ ਕੰਮ ਆਉਂਦਾ ਹੈ।”
ਸਕੂਲ ਵਾਲੀ ਬੀਬੀ ਨੇ ਅਗਲੇ ਦਿਨ ਫੁਰਸਤ ਵੇਲੇ ਆਪਣੀ ਗੱਲ ਮੁੜ ਤੋਰੀ, “ਧੀਏ, ਮੈਂ ਤਾਂ ਆਪਣੀ ਜਿ਼ੰਦਗੀ ਵਿੱਚ ਏਡਾ ’ਕੱਠ ਪਹਿਲੀ ਵਾਰ ਦੇਖਿਆ। ਦੂਰ ਤੱਕ ਫੈਲੇ ਵੱਡੇ ਮੈਦਾਨ ਵਿੱਚ ਖੜ੍ਹੇ ਕਿਸਾਨਾਂ, ਮਜ਼ਦੂਰਾਂ ਦੇ ਸਾਧਨ। ਜਿੱਧਰ ਵੀ ਨਜ਼ਰ ਜਾਵੇ... ਬੱਸਾਂ, ਗੱਡੀਆਂ, ਟਰੈਕਟਰ-ਟਰਾਲੀਆਂ ਤੇ ਹੋਰ ਸਾਧਨਾਂ ਦੀ ਭੀੜ। ਥਾਂ ਥਾਂ ਲੱਗੇ ਲੰਗਰ। ਨਾ ਕੋਈ ਭੇਦ ਨਾ ਵਿਤਕਰਾ। ਜਿਹੜਾ ਮਰਜ਼ੀ ਖਾਵੇ। ਰੋਟੀ ਪਾਣੀ ਦਾ ਆਹਰ ਕਿਸਾਨ ਕਰਦੇ। ਰੋਟੀ ਟੁੱਕ ਤੋਂ ਵਿਹਲੇ ਹੋ ਰਾਤ ਨੂੰ ਬਹਿ ਕੇ ਵਿਚਾਰਾਂ ਕਰਦੇ। ਖੁੱਲ੍ਹੇ ਆਸਮਾਨ ਥੱਲੇ ਸੌਂਦੇ। ਮੋਰਚੇ ਵਿੱਚ ਆਈਆਂ ਔਰਤਾਂ ਦਾ ਆਪਸ ਵਿੱਚ ਵਰਤ ਵਤੀਰਾ ਮਾਵਾਂ ਦੇ ਸੁੱਚੇ ਰਿਸ਼ਤੇ ਜਿਹਾ ਲੱਗਾ। ਕਿਸਾਨ ਬੀਬੀਆਂ ਮਜ਼ਦੂਰ ਔਰਤਾਂ ਨੂੰ ਨਾਲ ਬਿਠਾਉਂਦੀਆਂ। ਮਿਲ ਬੈਠ ਕੇ ਖਾਂਦੀਆਂ, ਆਖਦੀਆਂ- ‘ਆਪਣੀ ਤਾਂ ਖੇਤਾਂ ਦੀ ਸਾਂਝ ਐ। ਮਿਲ ਕੇ ਰਹਿਣਾ ਆਪਣੀ ਲੋੜ ਐ’।
ਸਵੇਰੇ ਰੋਟੀ ਪਾਣੀ ਖਾ ਪੀ ਕੇ ਪੰਡਾਲ ਭਰਦਾ। ਪੰਡਾਲ ਨੂੰ ਬਸੰਤੀ ਚੁੰਨੀਆਂ ਤੇ ਪੱਗਾਂ ਦਾ ਰੰਗ ਚੜ੍ਹਿਆ ਹੁੰਦਾ। ਸਾਰੇ ਜਣੇ ਆਪਣੇ ਲੀਡਰਾਂ ਦੇ ਭਾਸ਼ਣ ਦਿਲ ਲਾ ਕੇ ਸੁਣਦੇ। ਮੈਂ ਦੇਖਦੀ, ਹੈਰਾਨ ਹੁੰਦੀ। ਏਨਾ ਚਿਰ ਤਾਂ ਕੋਈ ਸਤਿਸੰਗ ਵਾਲੇ ਪੰਡਾਲ ਵਿੱਚ ਟਿਕ ਕੇ ਨ੍ਹੀਂ ਬਹਿੰਦਾ। ਨਾ ਹੀ ਕੋਈ ਏਨਾ ਸਮਾਂ ਸਰਕਾਰ ਚਲਾਉਣ ਵਾਲੇ ਲੀਡਰਾਂ ਦੀ ਗੱਲ ਸੁਣੇ। ਜਿੰਨਾ ਚਿਰ ਸਟੇਜ ਚਲਦੀ, ਸਾਰੇ ਜਣੇ ਟਿਕਟਿਕੀ ਲਾ ਕੇ ਸੁਣਦੇ। ਪੰਡਾਲ ਵਿੱਚ ਬੈਠਿਆਂ ਨੂੰ ਚਾਹ ਪਾਣੀ ਮਿਲਦਾ। ਬੋਲਣ ਵਾਲੇ ਸਾਰਿਆਂ ਨੂੰ ਆਪਣੇ ਸਕੂਲ ਦੇ ਅਧਿਆਪਕਾਂ ਵਾਂਗ ਲੋੜਾਂ, ਹੱਕਾਂ ਤੇ ਸਰਕਾਰਾਂ ਦੀ ’ਕੱਲੀ ’ਕੱਲੀ ਗੱਲ ਸਮਝਾਉਂਦੇ। ਸਾਰਿਆਂ ਦੀਆਂ ਗੱਲਾਂ ਪੱਲੇ ਬੰਨ੍ਹਣ ਵਾਲੀਆਂ ਲੱਗੀਆਂ। ਮੇਰਾ ਤਾਂ ਮੁੜਨ ਨੂੰ ਦਿਲ ਨ੍ਹੀਂ ਸੀ ਕਰਦਾ ਧੀਏ! ਪਰ ਆਹ ਸਕੂਲ ਆਲੀ ਡਿਊਟੀ ਦੇ ਫਿ਼ਕਰ ਕਰ ਕੇ ਮੁੜਨਾ ਪਿਆ। ਕੱਲ੍ਹ ਧਰਨੇ ਤੋਂ ਮੁੜੇ ਨੂੰਹ ਪੁੱਤ ਨੂੰ ਮੈਂ ਆਖ ਦਿੱਤਾ ਹੈ ਕਿ ਲਗਦੀ ਵਾਹ ਛੁੱਟੀ ਵਾਲੇ ਦਿਨ ਮੈਨੂੰ ਵੀ ਨਾਲ ਲੈ ਕੇ ਜਾਇਆ ਕਰਨ’।
... ਧੀਏ, ਆਹ ਜਿ਼ੰਦਗੀ ਦੇ ਝਮੇਲੇ ਤਾਂ ਮੁੱਕਣੇ ਨ੍ਹੀਂ। ਡੇਰਿਆਂ ਤੇ ਵੋਟਾਂ ਵਾਲੇ ’ਕੱਠਾਂ ਵਿੱਚ ਭਟਕਣ ਨਾਲੋਂ ਆਹ ਰਾਹ ਸੌ ਗੁਣਾ ਚੰਗਾ। ਬਹੁਤ ਕੁਝ ਸਿੱਖਣ ਨੂੰ ਮਿਲਦਾ ਏ। ਨਾਲੇ ਔਖ ਸੌਖ ਵੇਲੇ ਮਦਦ ਆਵਦੇ ਇਨ੍ਹਾਂ ਭੈਣ ਭਰਾਵਾਂ ਨੇ ਹੀ ਕਰਨੀ ਹੈ। ਮੈਂ ਤਾਂ ਆਵਦੇ ਮਨ ਨਾਲ ਫ਼ੈਸਲਾ ਕਰ ਲਿਆ ਹੈ... ਹੁਣ ਰਹਿੰਦੀ ਉਮਰ ਸੰਘਰਸ਼ ਦਾ ਪੱਲਾ ਨ੍ਹੀਂ ਛੱਡਣਾ।” ਬੀਬੀ ਇਹ ਆਖਦਿਆਂ ਸਕੂਨ ਨਾਲ ਉੱਠੀ ਤੇ ਮਿੱਡ-ਡੇਅ ਮੀਲ ਦੀ ਇਮਾਰਤ ਵੱਲ ਹੋ ਤੁਰੀ। ਮੈਂ ਜਿ਼ੰਦਗੀ ਤੇ ਸਮਾਜ ਨੂੰ ਪੈਰਾਂ ਸਿਰ ਕਰਨ ਤੁਰੇ ਸਿਦਕਵਾਨ ਲੋਕਾਂ ਦੇ ਉੱਦਮ ਨਾਲ ਬਦਲ ਰਹੀ ਜੀਵਨ ਨੁਹਾਰ ਵਿੱਚੋਂ ਭਵਿੱਖ ਦਾ ਅਕਸ ਦੇਖ ਰਹੀ ਸਾਂ।
ਸੰਪਰਕ: rashpinderpalkaur@gmail.com