ਐੱਨਟੀਏ ਭਲਕੇ 12 ਵਜੇ ਤੱਕ ਨਤੀਜੇ ਐਲਾਨੇ: ਸੁਪਰੀਮ ਕੋਰਟ
ਨੀਟ-ਯੂਜੀ ਵਿਵਾਦ
ਨਵੀਂ ਦਿੱਲੀ, 18 ਜੁਲਾਈ
ਸੁਪਰੀਮ ਕੋਰਟ ਨੇ ਕੌਮੀ ਟੈਸਟਿੰਗ ਏਜੰਸੀ (ਐੱਨਟੀਏ) ਨੂੰ 20 ਜੁਲਾਈ ਦੁਪਹਿਰ 12 ਵਜੇ ਤੱਕ ਨੀਟ-ਯੂਜੀ 2024 ਦੇ ਸੈਂਟਰ ਤੇ ਸ਼ਹਿਰ ਮੁਤਾਬਕ ਨਤੀਜੇ ਐਲਾਨਣ ਦੀ ਹਦਾਇਤ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਨਤੀਜਾ ਐਲਾਨੇ ਜਾਣ ਮੌਕੇ ਉਮੀਦਵਾਰਾਂ ਦੀ ਪਛਾਣ ਗੁਪਤ ਰੱਖੀ ਜਾਵੇ। ਪ੍ਰੀਖਿਆ ਵਿਚ ਕਥਿਤ ਗੜਬੜੀਆਂ ਦੇ ਦੋਸ਼ਾਂ ਨੂੰ ਮੁਖ਼ਾਤਿਬ ਹੁੰਦਿਆਂ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਪ੍ਰੀਖਿਆ ਨਵੇਂ ਸਿਰੇ ਤੋਂ ਲੈਣ ਸਬੰਧੀ ਕੋਈ ਵੀ ਹੁਕਮ ਦੇਣ ਲਈ ਇਸ ਗੱਲ ਦਾ ਠੋਸ ਅਧਾਰ ਹੋਣਾ ਚਾਹੀਦਾ ਹੈ ਕਿ ਪ੍ਰੀਖਿਆ ਦੇ ਪੂਰੇ ਅਮਲ ਦੀ ਪਵਿੱਤਰਤਾ ਅਸਰਅੰਦਾਜ਼ ਹੋਈ ਸੀ। ਸੁਪਰੀਮ ਕੋਰਟ ਨੀਟ-ਯੂਜੀ ਪ੍ਰੀਖਿਆ ਰੱਦ ਕਰਨ, ਮੁੜ ਲੈੈਣ ਤੇ 5 ਮਈ ਨੂੰ ਲਈ ਪ੍ਰੀਖਿਆ ਵਿਚ ਵੱਡੇ ਪੱਧਰ ’ਤੇ ਗੜਬੜੀਆਂ ਦੇ ਦੋਸ਼ਾਂ ਦੀ ਕੋਰਟ ਦੀ ਨਿਗਰਾਨੀ ’ਚ ਜਾਂਚ ਦੀ ਮੰਗ ਨਾਲ ਸਬੰਧਤ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਸੀ। ਸਰਬਉੱਚ ਅਦਾਲਤ ਹੁਣ ਇਸ ਮਾਮਲੇ ’ਤੇ 22 ਜੁਲਾਈ ਨੂੰ ਸੁਣਵਾਈ ਕਰੇਗੀ।
ਬੈਂਚ ਨੇ ਪੂਰਾ ਦਿਨ ਚੱਲੀ ਸੁਣਵਾਈ ਦੌਰਾਨ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਵੱਲੋਂ ਪੇਸ਼ ਵਕੀਲ ਨੂੰ ਕਿਹਾ ਕਿ ਉਹ ਪ੍ਰੀਖਿਆ ਵਿਚ ਵਿਆਪਕ ਗੜਬੜੀ (ਪ੍ਰਸ਼ਨ ਪੱਤਰ ਲੀਕ ਹੋਣ ਸਣੇ) ਦੇ ਆਪਣੇ ਦਾਅਵਿਆਂ ਨੂੰ ਸਾਬਤ ਕਰਨ ਲਈ ਸਬੂਤ ਪੇਸ਼ ਕਰੇ। ਕੋਰਟ ਨੇ ਕਿਹਾ ਕਿ ਪਹਿਲੀ ਨਜ਼ਰੇ ਜਾਪਦਾ ਹੈ ਕਿ ਪ੍ਰਸ਼ਨ ਪੱਤਰ ਸਿਰਫ਼ ਪਟਨਾ ਤੇ ਹਜ਼ਾਰੀਬਾਗ ਵਿਚ ਹੀ ਲੀਕ ਹੋਇਆ ਸੀ ਅਤੇ ਗੁਜਰਾਤ ਦੇ ਗੋਧਰਾ ਵਿਚ ਅਜਿਹਾ ਕੁਝ ਨਹੀਂ ਹੋਇਆ। ਪਟਨਾ ਤੇ ਹਜ਼ਾਰੀਬਾਗ ਵਿਚ ਕਥਿਤ ਪ੍ਰਸ਼ਨ ਪੱਤਰ ਲੀਕ ਹੋਏ ਜਦੋਂਕਿ ਗੋਧਰਾ ਵਿਚ ਇਹ ਦਾਅਵਾ ਕੀਤਾ ਗਿਆ ਸੀ ਕਿ ਪ੍ਰੀਖਿਆ ਲੈਣ ਵਾਲੇ ਵਿਅਕਤੀ ਨੇ ਕੁਝ ਉਮੀਦਵਾਰਾਂ ਦੀਆਂ ਓਐੱਮਆਰ ਸ਼ੀਟਾਂ ਭਰਨ ਲਈ ਪੈਸੇ ਲਏ ਸਨ।
ਸੋਸ਼ਲ ਮੀਡੀਆ ਪਲੈਟਫਾਰਮ ‘ਟੈਲੀਗਰਾਮ’ ਉੱਤੇ ਪ੍ਰਸ਼ਨ ਪੱਤਰ ਲੀਕ ਹੋਣ ਦੇ ਦਾਅਵਿਆਂ ਉੱਤੇ ਉਜ਼ਰ ਜਤਾਉਂਦਿਆਂ ਬੈਂਚ ਨੇ ਕਿਹਾ, ‘‘ਤੁਹਾਨੂੰ ਇਹ ਯਾਦ ਰੱਖਣਾ ਪਏਗਾ ਕਿ ਕਿਸੇ ਦਾ ਅਜਿਹਾ ਕਰਨ ਦਾ ਵਿਚਾਰ ਇਸ ਨੂੰ ਕੌਮੀ ਬੁਝਾਰਤ ਬਣਾਉਣ ਲਈ ਨਹੀਂ ਸੀ। ਲੋਕ ਪੈਸੇ ਲਈ ਵੀ ਇਹ ਕੰਮ ਕਰਦੇ ਹਨ। ਲਿਹਾਜ਼ਾ ਇਹ ਪ੍ਰੀਖਿਆ ਦੀ ਬਦਨਾਮੀ ਕਰਨ ਲਈ ਨਹੀਂ ਸੀ ਤੇ ਕੋਈ ਪੈਸਾ ਬਣਾਉਣ ਲਈ ਅਜਿਹਾ ਕਰ ਰਿਹਾ ਸੀ, ਜੋ ਸਾਫ਼ ਨਜ਼ਰ ਆਉਂਦਾ ਹੈ। ਵੱਡੇ ਪੱਧਰ ’ਤੇ ਪੇਪਰ ਲੀਕ ਕਰਨ ਲਈ ਤੁਹਾਨੂੰ ਉਸ ਪੱਧਰ ’ਤੇ ਸੰਪਰਕਾਂ ਦੀ ਲੋੜ ਪੈਂਦੀ ਹੈ ਤਾਂ ਕਿ ਤੁਸੀਂ ਵੱਖ ਵੱਖ ਸ਼ਹਿਰਾਂ ਵਿਚ ਅਜਿਹੇ ਸਾਰੇ ਅਹਿਮ ਸੰਪਰਕਾਂ ਨਾਲ ਰਾਬਤਾ ਕਰ ਸਕੋ।’’ ਬੈਂਚ, ਜਿਸ ਵਿਚ ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਵੀ ਸ਼ਾਮਲ ਹਨ, ਨੇ ਮੈਡੀਕਲ ਦਾਖ਼ਲਾ ਪ੍ਰੀਖਿਆ ਦੇ ਵਿਵਾਦ ਨਾਲ ਜੁੜੀਆਂ ਪਟੀਸ਼ਨਾਂ ’ਤੇ ਅਹਿਮ ਸੁਣਵਾਈ ਦੌਰਾਨ ਕਿਹਾ ਕਿ ਇਸ ਦਾ ‘ਸਮਾਜਿਕ ਪ੍ਰਭਾਵ’ ਵੀ ਹੈ। ਸੁਪਰੀਮ ਕੋਰਟ ਨੇ ਨੀਟ-ਯੂਜੀ ਪਟੀਸ਼ਨਾਂ ਤੋਂ ਪਹਿਲਾਂ ਸੂਚੀਬੱਧ ਕੇਸਾਂ ਨੂੰ ਮੁਲਤਵੀ ਕਰਦਿਆਂ ਕਿਹਾ, ‘‘ਅਸੀਂ ਅੱਜ ਕੇਸ ਨੂੰ ਖੋਲ੍ਹਾਂਗੇ। ਲੱਖਾਂ ਨੌਜਵਾਨ ਵਿਦਿਆਰਥੀ ਇਸ ਦੀ ਉਡੀਕ ਕਰ ਰਹੇ ਹਨ, ਆਓ ਸੁਣਵਾਈ ਤੇ ਫੈਸਲਾ ਕਰੀਏ।’’ ਬੈਂਚ ਨੇ ਪਟੀਸ਼ਨਰਾਂ ਨੂੰ ਕਿਹਾ ਕਿ ਉਹ ਸਾਬਤ ਕਰਨ ਕਿ ਪੇਪਰ ਲੀਕ ‘ਯੋਜਨਾਬੱਧ’ ਸੀ ਤੇ ਇਸ ਨਾਲ ਪੂਰੀ ਪ੍ਰੀਖਿਆ ਅਸਰਅੰਦਾਜ਼ ਹੋਈ। ਸੀਜੇਆਈ ਨੇ ਕਿਹਾ, ‘‘ਮੁੜ ਪ੍ਰੀਖਿਆ ਲੈਣ ਲਈ ਠੋਸ ਅਧਾਰ ਹੋਣਾ ਚਾਹੀਦਾ ਹੈ ਕਿ ਪੂਰੀ ਪ੍ਰੀਖਿਆ ਦੀ ਪਵਿੱਤਰਤਾ ਭੰਗ ਹੋਈ ਸੀ।’’ ਬੈਂਚ ਨੇ ਇਸ ਮਾਮਲੇ ਨੂੰ ਲੈ ਕੇ ਚੱਲ ਰਹੀ ਜਾਂਚ ਦੇ ਮੁੱਦੇ ’ਤੇ ਕਿਹਾ, ‘‘ਸੀਬੀਆਈ ਜਾਂਚ ਜਾਰੀ ਹੈ। ਸੀਬੀਆਈ ਨੇ ਸਾਨੂੰ ਜੋ ਦੱਸਿਆ ਹੈ, ਅਸੀਂ ਜੇ ਉਸ ਦਾ ਖੁਲਾਸਾ ਕਰਦੇ ਹਾਂ ਤਾਂ ਇਸ ਨਾਲ ਜਾਂਚ ਅਸਰਅੰਦਾਜ਼ ਹੋਵੇਗੀ ਤੇ ਲੋਕ ਸਮਝਦਾਰ ਬਣ ਜਾਣਗੇ।’’ ਬੈਂਚ ਐੱਨਟੀਏ ਸਣੇ ਹੋਰਨਾਂ ਵੱਲੋਂ ਦਾਇਰ 40 ਤੋਂ ਵੱਧ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਹੈ। ਐੱਨਟੀਏ ਨੇ ਨੀਟ-ਯੂਜੀ ਪ੍ਰੀਖਿਆ ਵਿਚ ਕਥਿਤ ਬੇਨੇਮੀਆਂ ਨੂੰ ਲੈ ਕੇ ਵੱਖ ਵੱਖ ਹਾਈ ਕੋਰਟਾਂ ਵਿਚ ਬਕਾਇਆ ਕੇਸਾਂ ਨੂੰ ਸੁਪਰੀਮ ਕੋਰਟ ਵਿਚ ਤਬਦੀਲ ਕੀਤੇ ਜਾਣ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 11 ਜੁਲਾਈ ਨੂੰ ਕੇਸ ਦੀ ਸੁਣਵਾਈ 18 ਜੁਲਾਈ ਲਈ ਮੁਲਤਵੀ ਕਰ ਦਿੱਤੀ ਸੀ। ਚੇਤੇ ਰਹੇ ਕਿ ਇਸ ਸਾਲ 5 ਮਈ ਨੂੰ 23.33 ਲੱਖ ਤੋਂ ਵੱਧ ਵਿਦਿਆਰਥੀਆਂ ਨੇ 571 ਸ਼ਹਿਰਾਂ (ਜਿਨ੍ਹਾਂ ਵਿਚੋਂ 14 ਵਿਦੇਸ਼ ’ਚ ਸਨ) ਦੇ 4759 ਕੇਂਦਰਾਂ ਵਿਚ ਨੀਟ-ਯੂਜੀ ਦੀ ਪ੍ਰੀਖਿਆ ਦਿੱਤੀ ਸੀ। ਕੇਂਦਰ ਸਰਕਾਰ ਤੇ ਐੱਨਟੀਏ ਨੇ ਸੁਪਰੀਮ ਕੋਰਟ ਵਿਚ ਦਾਇਰ ਹਲਫ਼ਨਾਮਿਆਂ ਰਾਹੀਂ ਦਾਅਵਾ ਕੀਤਾ ਸੀ ਕਿ ਬਿਨਾਂ ਕਿਸੇ ਸਬੂਤ ਦੇ ਪ੍ਰੀਖਿਆ ਰੱਦ ਕੀਤੇ ਜਾਣ ਨਾਲ ਲੱਖਾਂ ਇਮਾਨਦਾਰ ਉਮੀਦਵਾਰਾਂ ਦਾ ਭਵਿੱਖ ਖ਼ਤਰੇੇ ਵਿਚ ਪੈ ਸਕਦਾ ਹੈ। -ਪੀਟੀਆਈ
ਸੀਬੀਆਈ ਵੱਲੋਂ ਐੱਮਬੀਬੀਐੱਸ ਦੇ ਚਾਰ ਵਿਦਿਆਰਥੀ ਗ੍ਰਿਫ਼ਤਾਰ
ਨਵੀਂ ਦਿੱਲੀ: ਸੀਬੀਆਈ ਨੇ ਨੀਟ-ਯੂਜੀ ਪੇਪਰ ਲੀਕ ਕੇਸ ਵਿਚ ਏਮਜ਼ ਪਟਨਾ ਦੇ ਚਾਰ ਐੱਮਬੀਬੀਐੱਸ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚੋਂ ਤਿੰਨ ਵਿਦਿਆਰਥੀ ਐੱਮਬੀਬੀਐੱਸ ਤੀਜੇ ਸਾਲ- ਚੰਦਨ ਸਿੰਘ, ਰਾਹੁਲ ਅਨੰਤ ਤੇ ਕੁਮਾਰ ਸ਼ਾਨੂੰ ਅਤੇ ਇਕ ਦੂਜੇ ਸਾਲ ਦਾ ਵਿਦਿਆਰਥੀ- ਕਰਨ ਜੈਨ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਇਨ੍ਹਾਂ ਚਾਰਾਂ ਨੂੰ ਵਿਸਥਾਰਿਤ ਪੁੱਛ-ਪਤੜਾਲ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੂੰ ਏਮਜ਼ ਦੇ ਸੀਨੀਅਰ ਫੈਕਲਟੀ ਮੈਂਬਰਾਂ ਦੀ ਹਾਜ਼ਰੀ ਵਿਚ ਉਨ੍ਹਾਂ ਦੇ ਹੋਸਟਲ ਦੇ ਕਮਰਿਆਂ ਵਿਚੋਂ ਹਿਰਾਸਤ ਵਿਚ ਲਿਆ ਗਿਆ। ਉਨ੍ਹਾਂ ਕਿਹਾ ਕਿ ਏਜੰਸੀ ਨੇ ਸਬੰਧਤ ਵਿਦਿਆਰਥੀਆਂ ਦੇ ਕਮਰੇ ਸੀਲ ਕਰ ਦਿੱਤੇ ਹਨ। ਏਮਜ਼ ਪਟਨਾ ਦੇ ਡਾਇਰੈਕਟਰ ਜੀਕੇ ਪੌਲ ਨੇ ਕਿਹਾ ਕਿ ਸੀਬੀਆਈ ਉਪਰੋਕਤ ਚਾਰ ਵਿਦਿਆਰਥੀਆਂ ਨੂੰ ਆਪਣੇ ਨਾਲ ਲੈ ਕੇ ਗਈ ਹੈ। ਉਨ੍ਹਾਂ ਕਿਹਾ ਕਿ ਇਕ ਸੀਨੀਅਰ ਅਧਿਕਾਰੀ ਨੇ ਉਨ੍ਹਾਂ ਨੂੰ ਵਿਦਿਆਰਥੀਆਂ ਦੀਆਂ ਤਸਵੀਰਾਂ ਦੇ ਮੋਬਾਈਲ ਨੰਬਰ ਭੇਜੇ ਸਨ, ਜਿਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਜਾਣੀ ਸੀ। ਪੌਲ ਨੇ ਕਿਹਾ ਕਿ ਸੀਬੀਆਈ ਨੇ ਡੀਨ, ਹੋਸਟਲ ਵਾਰਡਨ ਤੇ ਡਾਇਰੈਕਟਰ ਦੇ ਓਐੱਸਡੀ ਦੀ ਮੌਜੂਦਗੀ ਵਿਚ ਵਿਦਿਆਰਥੀਆਂ ਨੂੰ ਆਪਣੀ ਹਿਰਾਸਤ ਵਿਚ ਲਿਆ। ਚਾਰ ਐੱਮਬੀਬੀਐੱਸ ਵਿਦਿਆਰਥੀਆਂ ਨੂੰ ਅਜਿਹੇ ਮੌਕੇ ਗ੍ਰਿਫ਼ਤਾਰ ਕੀਤਾ ਗਿਆ ਹੈ ਜਦੋਂ ਸੀਬੀਆਈ ਨੇ ਅਜੇ ਦੋ ਦਿਨ ਪਹਿਲਾਂ ਐੱਨਆਈਟੀ ਜਮਸ਼ੇਦਪੁਰ ਦੇ 2017 ਬੈਚ ਦੇ ਸਿਵਲ ਇੰਜਨੀਅਰ ਪੰਕਜ ਕੁਮਾਰ ਉਰਫ਼ ਆਦਿੱਤਿਆ ਨੂੰ ਗ੍ਰਿਫ਼ਤਾਰ ਕੀਤਾ ਹੈ। ਕੁਮਾਰ ਨੇ ਹਜ਼ਾਰੀਬਾਗ ਵਿਚ ਐੱਨਟੀਏ ਦੇ ਟਰੰਕ ਵਿਚੋਂ ਕਥਿਤ ਨੀਟ-ਯੂਜੀ ਪੇਪਰ ਚੋਰੀ ਕੀਤਾ ਸੀ। ਬੋਕਾਰੋ ਦੇ ਵਸਨੀਕ ਕੁਮਾਰ ਨੂੰ ਪਟਨਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੇਪਰ ਚੋਰੀ ਕਰਨ ਵਿਚ ਕੁਮਾਰ ਦੀ ਮਦਦ ਕਰਨ ਵਾਲਾ ਰਾਜੂ ਸਿੰਘ ਵੀ ਸੀਬੀਆਈ ਦੀ ਗ੍ਰਿਫ਼ਤ ਵਿਚ ਹੈ। ਮੈਡੀਕਲ ਦਾਖਲਾ ਪ੍ਰੀਖਿਆ ਵਿਚ ਕਥਿਤ ਬੇਨੇਮੀਆਂ ਦੀ ਜਾਂਚ ਕਰ ਰਹੀ ਸੀਬੀਆਈ ਹੁਣ ਤੱਕ ਇਸ ਮਾਮਲੇ ਵਿਚ 6 ਐੱਫਆਈਆਰ ਦਰਜ ਕਰ ਚੁੱਕੀ ਹੈ। -ਪੀਟੀਆਈ