ਕੇਂਦਰ ਨੇ ਵੀਆਈਪੀਜ਼ ਤੋਂ ਐੱਨਐੱਸਜੀ ਕਮਾਂਡੋ ਵਾਪਸ ਲਏ
ਨਵੀਂ ਦਿੱਲੀ, 16 ਅਕਤੂਬਰ
ਕੇਂਦਰ ਸਰਕਾਰ ਨੇ ਅਤਿਵਾਦ ਵਿਰੋਧੀ ਕਮਾਂਡੋ ਫੋਰਸ ਐੱਨਐੱਸਜੀ ਨੂੰ ਵੀਆਈਪੀ ਸੁਰੱਖਿਆ ਡਿਊਟੀਆਂ ਤੋਂ ਪੂਰੀ ਤਰ੍ਹਾਂ ਵਾਪਸ ਲੈਣ ਅਤੇ ‘ਉੱਚ-ਜੋਖਮ’ ਵਾਲੇ ਵੀਆਈਪੀਜ਼ ਨੂੰ ਅਗਲੇ ਮਹੀਨੇ ਸੀਆਰਪੀਐੱਫ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। ਗ੍ਰਹਿ ਮੰਤਰਾਲੇ ਨੇ ਵਿਸ਼ੇਸ਼ ਤੌਰ ’ਤੇ ਸਿਖਲਾਈ ਪ੍ਰਾਪਤ ਕਰਮਚਾਰੀਆਂ ਦੀ ਇੱਕ ਨਵੀਂ ਬਟਾਲੀਅਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨੂੰ ਹਾਲ ਹੀ ਵਿੱਚ ਸੰਸਦ ਸੁਰੱਖਿਆ ਡਿਊਟੀਆਂ ਤੋਂ ਵਾਪਸ ਲਿਆ ਸੀ ਅਤੇ ਇਸ ਨੂੰ ਸੀਆਰਪੀਐੱਫ ਵੀਆਈਪੀ ਸੁਰੱਖਿਆ ਵਿੰਗ ਨਾਲ ਜੋੜਿਆ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਕੌਮੀ ਸੁਰੱਖਿਆ ਗਾਰਡ (ਐੱਨਐੱਸਜੀ) ਦੇ ‘ਬਲੈਕ ਕੈਟ’ ਕਮਾਂਡੋਜ਼ ਵੱਲੋਂ ਨੌਂ ‘ਜ਼ੈੱਡ ਪਲੱਸ’ ਸ਼੍ਰੇਣੀ ਦੇ ਵੀਆਈਪੀਜ਼ ਨੂੰ ਸੁਰੱਖਿਆ ਮਹੁੱਈਆ ਕਰਵਾਈ ਜਾ ਰਹੀ ਹੈ, ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਬਸਪਾ ਸੁਪਰੀਮੋ ਮਾਇਆਵਤੀ, ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ, ਕੇਂਦਰੀ ਜਹਾਜ਼ਰਾਨੀ ਮੰਤਰੀ ਸਰਬਾਨੰਦ ਸੋਨੋਵਾਲ, ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਡੈਮੋਕ੍ਰੈਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ (ਡੀਪੀਏਪੀ) ਪ੍ਰਧਾਨ ਗੁਲਾਮ ਨਬੀ ਆਜ਼ਾਦ, ਨੈਸ਼ਨਲ ਕਾਨਫਰੰਸ (ਐੱਨਸੀ) ਪ੍ਰਧਾਨ ਫਾਰੂਖ ਅਬਦੁੱਲਾ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਸ਼ਾਮਲ ਹਨ ਅਤੇ ਹੁਣ ਇਨ੍ਹਾਂ ਨੂੰ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ।
ਡਿਊਟੀਆਂ ਦਾ ਤਬਾਦਲਾ ਮਹੀਨੇ ’ਚ ਪੂਰਾ ਹੋਣ ਦੀ ਉਮੀਦ
ਗ੍ਰਹਿ ਮੰਤਰਾਲੇ ਅਧੀਨ ਦੋਵਾਂ ਬਲਾਂ ਵਿਚਕਾਰ ਡਿਊਟੀਆਂ ਦਾ ਤਬਾਦਲਾ ਇੱਕ ਮਹੀਨੇ ਦੇ ਅੰਦਰ ਪੂਰਾ ਹੋਣ ਦੀ ਉਮੀਦ ਹੈ। ਸੀਆਰਪੀਐੱਫ, ਜਿਸ ਵਿੱਚ ਛੇ ਵੀਆਈਪੀ ਸੁਰੱਖਿਆ ਬਟਾਲੀਅਨ ਹਨ, ਨੂੰ ਇਸ ਮੰਤਵ ਲਈ ਸੱਤਵੀਂ ਬਟਾਲੀਅਨ ਸ਼ਾਮਲ ਕਰਨ ਲਈ ਕਿਹਾ ਗਿਆ ਹੈ। ਨਵੀਂ ਬਟਾਲੀਅਨ ਉਹ ਹੈ, ਜੋ ਕੁੱਝ ਮਹੀਨੇ ਪਹਿਲਾਂ ਤੱਕ ਸੰਸਦ ਦੀ ਪਹਿਰੇਦਾਰੀ ਕਰਦੀ ਸੀ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਸਾਲ ਸੁਰੱਖਿਆ ਵਿੱਚ ਹੋਈ ਉਲੰਘਣਾ ਮਗਰੋਂ ਸੰਸਦ ਦੀ ਸੁਰੱਖਿਆ ਸੀਆਰਪੀਐੱਫ ਤੋਂ ਸੀਆਈਐੱਸਐੱਫ ਨੂੰ ਸੌਂਪ ਦਿੱਤੀ ਗਈ ਸੀ। -ਪੀਟੀਆਈ