ਵਿਕਸਤ ਭਾਰਤ ਲਈ ਯੋਗਦਾਨ ਦੇਣ ਪਰਵਾਸੀ ਭਾਰਤੀ: ਜੈਸ਼ੰਕਰ
ਭੁੁਬਨੇਸ਼ਵਰ, 8 ਜਨਵਰੀ
ਉੜੀਸਾ ਦੇ ਭੁੁਬਨੇਸ਼ਵਰ ’ਚ ਅੱਜ 18ਵਾਂ ਪਰਵਾਸੀ ਭਾਰਤੀ ਦਿਵਸ ਸੰਮੇਲਨ ਸ਼ੁਰੂ ਹੋਇਆ ਵਿੱਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪਰਵਾਸੀ ਭਾਰਤੀਆਂ ਤੇ ਭਾਰਤੀ ਮੂਲ ਦੇ ਵਿਅਕਤੀਆਂ ਨੂੰ ‘ਵਿਕਸਤ ਭਾਰਤ’ ਬਣਾਉਣ ’ਚ ਸਰਗਰਮ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਨੌਜਵਾਨ ਪ੍ਰੋਗਰਾਮ ਤੇ ਖੇਡ ਮੰਤਰੀ ਮਨਸੁਖ ਮਾਂਡਵੀਆ ਤੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਵੱਲੋਂ ਯੁਵਾ ਪਰਵਾਸੀ ਭਾਰਤੀ ਦਿਵਸ ਦਾ ਉਦਘਾਟਨ ਕੀਤੇ ਜਾਣ ਨਾਲ ਸੰਮੇਲਨ ਦੀ ਸ਼ੁਰੂਆਤ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉਦਘਾਟਨੀ ਸੈਸ਼ਨ ’ਚ ਹਿੱਸਾ ਲੈਣਗੇ, ਜਦਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਭਲਕੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਕਰਨਗੇ।
ਸੰਮੇਲਨ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ, ‘ਮੈਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਤੁਹਾਨੂੰ ਭਾਰਤ ਨੂੰ ਸੈਰ-ਸਪਾਟੇ ਦੀ ਥਾਂ ਵਜੋਂ ਹੁਲਾਰਾ ਦੇਣ ਦੀ ਅਪੀਲ ਕਰਦਾ ਹਾਂ। ਜੇ ਭਾਰਤੀ ਮੂਲ ਦੇ ਨੌਜਵਾਨ ਵਿਦੇਸ਼ ਤੋਂ ਆਪਣੇ ਨੌਜਵਾਨ ਦੋਸਤਾਂ ਨੂੰ ਸਾਡੀ ਖੁਸ਼ਹਾਲ ਤੇ ਵੰਨ-ਸੁਵੰਨੀ ਵਿਰਾਸਤ ਤੇ ਸੰਸਕ੍ਰਿਤੀ ਦੇ ਰੂਬਰੂ ਕਰਾਉਣ ਲਈ ਲਿਆਂਦੇ ਹਨ ਤਾਂ ਇਹ ਯਕੀਨੀ ਤੌਰ ’ਤੇ ਹਮੇਸ਼ਾ ਲਈ ਇੱਕ ਆਦਤ ਬਣ ਜਾਵੇਗੀ।’ ਜੈਸ਼ੰਕਰ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ 2014 ਤੋਂ ਭਾਰਤ ਤੇ ਵਿਕਾਸ ਲਈ ਸ਼ੁਰੂ ਕੀਤੀਆਂ ਗਈਆਂ ਵੱਖ ਵੱਖ ਮੁਹਿੰਮਾਂ ਤੇ ਪ੍ਰੋਗਰਾਮਾਂ ’ਤੇ ਰੋਸ਼ਨੀ ਪਾਉਂਦਿਆਂ ਕਿਹਾ ਕਿ ਨੌਜਵਾਨਾਂ ਲਈ ਕੰਮ ਕਰਨਾ ਮਹੱਤਵਪੂਰਨ ਹੈ ਤਾਂ ਜੋ ਉਨ੍ਹਾਂ ਦੀ ਸਮਰੱਥਾ ਦਾ ਵਿਕਾਸ ਹੋ ਸਕੇ। ਉਨ੍ਹਾਂ ਕਿਹਾ, ‘ਇਹ ਜ਼ਰੂਰੀ ਹੈ ਕਿ ਬਦਲਦੇ ਦੌਰ ਨੂੰ ਦੇਖਦਿਆਂ ਪਰਵਾਸੀ ਭਾਈਚਾਰੇ ਨੂੰ ਲਗਾਤਾਰ ਜੋੜੇ ਰੱਖਣ ਲਈ ਕੋਸ਼ਿਸ਼ਾਂ ਵਧਾਈਆਂ ਜਾਣ।’ -ਪੀਟੀਆਈ