ਛੱਤੀਸਗੜ੍ਹ: ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਨਕਸਲੀ ਹਲਾਕ
ਰਾਏਪੁਰ/ਸੁਕਮਾ, 9 ਜਨਵਰੀ
ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਨਕਸਲੀ ਮਾਰੇ ਗਏ ਹਨ। ਹੁਣ ਤੱਕ ਤਿੰਨ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਸੂਬੇ ਦੇ ਉਪ ਮੁੱਖ ਮੰਤਰੀ ਵਿਜੈ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ। ਸ਼ਰਮਾ ਨੇ ਕਿਹਾ ਕਿ ਸੁਕਮਾ ’ਚ ਨਕਸਲ ਵਿਰੋਧੀ ਮੁਹਿੰਮ ’ਚ ਸੁਰੱਖਿਆ ਬਲਾਂ ਨੂੰ ਸਫਲਤਾ ਮਿਲੀ ਹੈ। ਸ਼ਰਮਾ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ 6 ਜਨਵਰੀ ਨੂੰ ਬੀਜਾਪੁਰ ਜ਼ਿਲ੍ਹੇ ’ਚ ਨਕਸਲੀਆਂ ਵੱਲੋਂ ਕੀਤੇ ਗਏ ਆਈਈਡੀ ਧਮਾਕੇ ਦਾ ਜ਼ਿਕਰ ਕਰਦਿਆਂ ਕਿਹਾ, ‘‘ਨਕਸਲੀਆਂ ਨੇ ਜੋ ਕੀਤਾ ਉਸ ਮਗਰੋਂ ਸੁਰੱਖਿਆ ਬਲਾਂ ’ਚ ਭਾਰੀ ਗੁੱਸਾ ਹੈ।’’ ਉਧਰ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਸੁਕਮਾ ਤੇ ਬੀਜਾਪੁਰ ਜ਼ਿਲ੍ਹਿਆਂ ਦੀ ਹੱਦ ’ਤੇ ਇੱਕ ਜੰਗਲ ’ਚ ਸਾਂਝੀ ਟੀਮ ਵੱਲੋਂ ਨਕਸਲ ਵਿਰੋਧੀ ਮੁਹਿੰਮ ਚਲਾਈ ਗਈ ਸੀ ਤੇ ਇਸ ਦੌਰਾਨ ਮੁਕਾਬਲਾ ਸ਼ੁਰੂ ਹੋ ਗਿਆ। ਇਸ ਦੌਰਾਨ ਸੁਰੱਖਿਆ ਬਲਾਂ ਨੇ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ’ਚ ਨਕਸਲੀਆਂ ਵੱਲੋਂ ਲਾਏ ਦੋ ਆਈਈਡੀ ਬਰਾਮਦ ਕੀਤੇ ਹਨ, ਜਿਸ ਨੂੰ ਨਕਾਰਾ ਕਰ ਦਿੱਤਾ ਗਿਆ ਹੈ। -ਪੀਟੀਆਈ