Delhi Polls: ‘ਆਪ’ ਵਫ਼ਦ ਨੇ ਚੋਣ ਕਮਿਸ਼ਨ ਨੂੰ ਮਿਲ ਕੇ ਨਵੀਂ ਦਿੱਲੀ ਹਲਕੇ ਵਿਚ ‘ਵੋਟਾਂ ਬਣਾਉਣ ਤੇ ਕੱਟਣ’ ਬਾਰੇ ਪ੍ਰਗਟਾਈ ਚਿੰਤਾ
ਨਵੀਂ ਦਿੱਲੀ ਹਲਕੇ ’ਚ 22 ਦਿਨਾਂ ਵਿੱਚ ਕੁੱਲ 5,500 ਨਵੀਆਂ ਵੋਟਾਂ ਬਣਾਈਆਂ ਗਈਆਂ: ਕੇਜਰੀਵਾਲ; ਪਾਰਟੀ ਨੇ ਲਾਏ ‘ਧੋਖਾਧੜੀ’ ਦੇ ਦੋਸ਼
ਨਵੀਂ ਦਿੱਲੀ, 9 ਜਨਵਰੀ
ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਪਾਰਟੀ ਦੇ ਵਫ਼ਦ ਨੇ ਵੀਰਵਾਰ ਨੂੰ ਚੋਣ ਕਮਿਸ਼ਨ ਨਾਲ ਮੁਲਾਕਾਤ ਕਰ ਕੇ ਦਿੱਲੀ ਵਿਧਾਨ ਸਭਾ ਦੇ ਨਵੀਂ ਦਿੱਲੀ ਹਲਕੇ ਵਿਚ ਵੋਟਾਂ ਸਬੰਧੀ ਕਥਿਤ ਬੇਨਿਯਮੀਆਂ ਬਾਰੇ ਆਪਣੀਆਂ 'ਚਿੰਤਾਵਾਂ' ਦਾ ਪ੍ਰਗਟਾਵਾ ਕੀਤਾ। ਪਾਰਟੀ ਨੇ ਨਵੀਂ ਦਿੱਲੀ ਸੀਟ 'ਤੇ ਵੱਡੀ ਗਿਣਤੀ ਵਿਚ ਨਵੀਆਂ ਵੋਟਾਂ ਬਣਾਏ ਜਾਣ ਅਤੇ ਬਹੁਤ ਸਾਰੀਆਂ ਵੋਟਾਂ ਹਟਾਏ ਜਾਣ ਭਾਵ ਵੋਟਰਾਂ ਦੇ ਨਾਂ ਵੋਟਰ ਸੂਚੀ ਵਿਚੋਂ ਕੱਟ ਦਿੱਤੇ ਜਾਣ ਦੇ ਅਹਿਮ ਮਾਮਲੇ ਉਜਾਗਰ ਕੀਤਾ।
ਪਾਰਟੀ ਨੇ ਹਲਕੇ ਵਿਚ ਵੱਡੇ ਪੱਧਰ 'ਤੇ ‘ਵੋਟਰ ਧੋਖਾਧੜੀ’ ਹੋਣ ਦਾ ਦੋਸ਼ ਲਾਇਆ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ 22 ਦਿਨਾਂ ਵਿੱਚ ਕੁੱਲ 5,500 ਵੋਟਾਂ ਦਰਜ ਕੀਤੀਆਂ ਗਈਆਂ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਵੋਟਰ ਸੂਚੀ ਵਿੱਚੋਂ 5500 ਨਾਮ ਹਟਾਉਣ ਲਈ ਅਰਜ਼ੀ ਦੇਣ ਵਾਲੇ 89 ਲੋਕਾਂ ਵਿੱਚੋਂ 18 ਵਿਅਕਤੀ ਅਜਿਹੇ ਹਨ, ਜਿਨ੍ਹਾਂ ਨੇ ਆਪਣੇ ਵੱਲੋਂ ਇਸ ਤਰ੍ਹਾਂ ਦੀ ਕੋਈ ਅਰਜ਼ੀ ਦਿੱਤੇ ਹੋਣ ਤੋਂ ਇਨਕਾਰ ਕੀਤਾ ਹੈ।
ਕੇਜਰੀਵਾਲ ਨੇ ਇੱਥੇ ਚੋਣ ਕਮਿਸ਼ਨਰਾਂ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, "ਮੁੱਖ ਚੋਣ ਕਮਿਸ਼ਨਰ ਬਾਹਰ ਹਨ, ਪਰ ਅਸੀਂ ਬਾਕੀ ਦੋ ਕਮਿਸ਼ਨਰਾਂ ਨਾਲ ਮੁਲਾਕਾਤ ਕੀਤੀ। ਅਸੀਂ ਜੋ ਮੁੱਦਾ ਉਠਾਇਆ ਸੀ ਉਨ੍ਹਾਂ ਵਿੱਚੋਂ ਇੱਕ ਇਹ ਸੀ ਕਿ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਵਿੱਚ 15 ਦਸੰਬਰ ਤੋਂ 7 ਜਨਵਰੀ ਦੇ ਵਿਚਕਾਰ, 22 ਦਿਨਾਂ ਵਿੱਚ ਕੁੱਲ 5,500 ਵੋਟਾਂ ਦਰਜ ਕੀਤੀਆਂ ਗਈਆਂ। ਇਸ ਵਿਧਾਨ ਸਭਾ ਵਿੱਚ ਕੁੱਲ ਵੋਟਾਂ 1,00,000 ਹਨ। ਇਸਦਾ ਮਤਲਬ ਹੈ ਕਿ ਪਿਛਲੇ 22 ਦਿਨਾਂ ਵਿੱਚ 5.5 ਪ੍ਰਤੀਸ਼ਤ ਵੋਟਾਂ ਬਣਾਈਆਂ ਗਈਆਂ ਸਨ, ਜੋ ਸਪੱਸ਼ਟ ਤੌਰ 'ਤੇ ਕੁਝ ਬੇਨਿਯਮੀਆਂ ਨੂੰ ਦਰਸਾਉਂਦੀਆਂ ਹਨ। ਇਨ੍ਹਾਂ ਅਰਜ਼ੀਆਂ ਵਿੱਚ ਸਮੱਸਿਆਵਾਂ ਹਨ।"
ਉਨ੍ਹਾਂ ਕਿਹਾ, "ਜਦੋਂ ਹੇਠਲੇ ਅਧਿਕਾਰੀਆਂ ਨੇ ਜਾਂਚ ਕੀਤੀ ਤਾਂ ਜਿਨ੍ਹਾਂ ਵਿਅਕਤੀਆਂ ਦੇ ਨਾਮ ਇਨ੍ਹਾਂ ਅਰਜ਼ੀਆਂ 'ਤੇ ਆਏ ਸਨ, ਉਨ੍ਹਾਂ ਨੇ ਵੋਟਾਂ ਕੱਟਣ ਲਈ ਕੋਈ ਬੇਨਤੀ ਦਿੱਤੀ ਹੋਣ ਤੋਂ ਇਨਕਾਰ ਕਰ ਦਿੱਤਾ। 89 ਲੋਕਾਂ ਨੇ 5,500 ਵੋਟਾਂ ਲਈ ਅਰਜ਼ੀ ਦਿੱਤੀ ਸੀ ਅਤੇ ਉਨ੍ਹਾਂ ਵਿੱਚੋਂ 18 ਚੋਣ ਕਮਿਸ਼ਨ ਕੋਲ ਆਏ ਅਤੇ ਕੋਈ ਵੀ ਅਰਜ਼ੀ ਜਮ੍ਹਾਂ ਕਰਨ ਤੋਂ ਇਨਕਾਰ ਕਰ ਦਿੱਤਾ। ਇਸਦਾ ਮਤਲਬ ਹੈ ਕਿ ਵੱਡੇ ਪੱਧਰ 'ਤੇ ਚੋਣ ਧੋਖਾਧੜੀ ਹੋ ਰਹੀ ਹੈ।"
'ਆਪ' ਮੁਖੀ ਨੇ ਇਹ ਵੀ ਦੋਸ਼ ਲਗਾਇਆ ਕਿ 15 ਦਸੰਬਰ ਤੋਂ ਜਨਵਰੀ ਤੱਕ 8,13,000 ਨਵੇਂ ਵੋਟਰ ਅਰਜ਼ੀਆਂ ਪ੍ਰਾਪਤ ਹੋਈਆਂ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ 'ਤੇ ਵਰ੍ਹਦਿਆਂ ਅਤੇ ਖਾਸ ਕਰਕੇ ਭਾਜਪਾ ਉਮੀਦਵਾਰ ਪਰਵੇਸ਼ ਵਰਮਾ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ 'ਤੇ ਪੈਸੇ ਵੰਡਣ ਦਾ ਦੋਸ਼ ਵੀ ਲਗਾਇਆ। ਉਨ੍ਹਾਂ ਨੇ ਭਾਜਪਾ ਵੱਲੋਂ ਐਲਾਨੇ ਗਏ ਸਿਹਤ ਕੈਂਪਾਂ ਅਤੇ ਨੌਕਰੀ ਮੇਲਿਆਂ 'ਤੇ ਵੀ ਇਤਰਾਜ਼ ਉਠਾਇਆ।
ਕੇਜਰੀਵਾਲ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਕਿਸੇ ਵੀ ‘ਭ੍ਰਿਸ਼ਟ ਕਾਰਵਾਈ’ ਵਿਰੁੱਧ ‘ਸਖਤ ਕਾਰਵਾਈ’ ਕੀਤੀ ਜਾਵੇਗੀ। -ਏਐਨਆਈ
Arvind Kejriwal, AAP, Election Commission, New Delhi Assembly, BJP, Atishi, Delhi Assembly polls