ਦਿਨ ਦਿਹਾੜੇ ਐੱਨਆਰਆਈ ਔਰਤ ਦੀਆਂ ਵਾਲੀਆਂ ਝਪਟੀਆਂ
ਰਵਿੰਦਰ ਰਵੀ
ਬਰਨਾਲਾ, 3 ਸਤੰਬਰ
ਸ਼ਹਿਰ ਦੀ ਸੰਘਣੀ ਆਬਾਦੀ ਵਾਲੀ ਲੱਖੀ ਕਲੋਨੀ ਵਿੱਚ ਦਿਨ ਦਿਹਾੜੇ ਇਕ ਮੁਲਜ਼ਮ ਐੱਨਆਰਆਈ ਬਜ਼ੁਰਗ ਔਰਤ ਦੇ ਕੰਨਾਂ ’ਚ ਪਾਈਆਂ ਸੋਨੇ ਦੀਆਂ ਵਾਲੀਆਂ ਲਾਹ ਕੇ ਫਰਾਰ ਹੋ ਗਿਆ। ਘਟਨਾ ’ਤੇ ਪਹੁੰਚੀ ਪੁਲੀਸ ਦਾ ਕਹਿਣਾ ਸੀ ਕਿ ਮੁਲਜ਼ਮ ਦੀ ਸੀਸੀਟੀਵੀ ਕੈਮਰਿਆਂ ਦੀ ਮਦਦ ਰਾਹੀਂ ਭਾਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਜਾਣਕਾਰੀ ਅਨੁਸਾਰ ਲੱਖੀ ਕਲੋਨੀ ਵਸਨੀਕ ਬਿਰਧ ਔਰਤ ਅੰਗਰੇਜ਼ ਕੌਰ ਆਪਣੇ ਘਰ ਦੇ ਬਾਹਰ ਬੈਠੀ ਸੀ। ਇਸ ਦੌਰਾਨ ਅਣਪਛਾਤਾ ਵਿਅਕਤੀ ਉਸ ਨੂੰ ਗੱਲਾਂ ’ਚ ਲਾ ਕੇ ਘਰ ਦੇ ਅੰਦਰ ਲੈ ਗਿਆ ਅਤੇ ਉਸ ਦੇ ਕੰਨਾਂ ’ਚ ਪਾਈਆਂ ਦੋ ਤੋਲੇ ਸੋਨੇ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਿਆ। ਜ਼ਖ਼ਮੀ ਹੋਈ ਔਰਤ ਨੂੰ ਗੁਆਂਢੀਆਂ ਨੇ ਤੁਰੰਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖ਼ਲ ਕਰਵਾਇਆ। ਪੀੜਤ ਔਰਤ ਦਾ ਪੁੱਤਰ ਵਿਦੇਸ਼ ’ਚ ਰਹਿੰਦਾ ਹੈ। ਲੱਖੀ ਕਲੋਨੀ ਵਾਸੀਆਂ ਨੇ ਆਖਿਆ ਕਿ ਹੁਣ ਤਾਂ ਘਰਾਂ ’ਚ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਹੈ। ਪੁਲੀਸ ਦੀ ਗਸ਼ਤ ਰੱਬ ਆਸਰੇ ਹੈ। ਇਸ ਸਬੰਧੀ ਜਦੋਂ ਪੁਲੀਸ ਥਾਣਿਆਂ ’ਚ ਅਪੀਲ ਕੀਤੀ ਜਾਂਦੀ ਹੈ ਤਾਂ ਇੱਕੋ ਜਵਾਬ ਮਿਲਦਾ ਹੈ ਕਿ ਪੁਲੀਸ ਦੀ ਜ਼ਿਆਦਾ ਨਫ਼ਰੀ ਵੀਆਈਪੀ ਡਿਊਟੀ ’ਤੇ ਤਾਇਨਾਤ ਹੈ। ਜ਼ਿਕਰਯੋਗ ਹੈ ਕਿ ਪਿਛਲੇ ਲੰਮੇਂ ਸਮੇਂ ਤੋਂ ਸ਼ਹਿਰ ’ਚ ਲੁੱਟ ਖੋਹ ਅਤੇ ਚੋਰੀਆਂ ਦੀਆਂ ਘਟਨਾਵਾਂ ’ਚ ਬੇਹਤਾਸ਼ਾ ਵਾਧਾ ਹੋਣ ਦੇ ਬਾਵਜੂਦ ਪੁਲੀਸ ਕਿਸੇ ਮੁਲਜ਼ਮ ਦੀ ਪੈੜ ਨੱਪਣ ’ਚ ਜ਼ਿਆਦਾ ਕਾਮਯਾਬ ਨਹੀਂ ਹੋ ਸਕੀ। ਇਸ ਸਬੰਧੀ ਥਾਣਾ ਸਿਟੀ 2 ਦੇ ਇੰਚਾਰਜ ਲਖਵੀਰ ਸਿੰਘ ਨੇ ਕਿਹਾ ਕਿ ਕੈਮਰਿਆਂ ਦੀ ਮਦਦ ਨਾਲ ਮੁਲਜ਼ਮ ਨੂੰ ਜਲਦ ਫੜ ਲਿਆ ਜਾਵੇਗਾ।