ਐੱਨਆਰਆਈ ਕੋਠੀ ਵਿਵਾਦ: ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਦੇ ਘਿਰਾਓ ਦਾ ਐਲਾਨ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 6 ਜੁਲਾਈ
ਟੋਰਾਂਟੋ (ਕੈਨੇਡਾ) ਰਹਿੰਦੇ ਇਕ ਪਰਵਾਸੀ ਪੰਜਾਬੀ ਪਰਿਵਾਰ ਦੀ ਕੋਠੀ ’ਤੇ ਜਾਅਲਸਾਜ਼ੀ ਨਾਲ ਰਜਿਸਟਰੀ ਤੇ ਇੰਤਕਾਲ ਕਰਵਾ ਕੇ ਕਬਜ਼ਾ ਕਰਨ ਅਤੇ ਕੋਠੀ ਵਿਚਲਾ ਸਮਾਨ ਖੁਰਦ ਬੁਰਦ ਕਰਨ ਲਈ ਜ਼ਿੰਮੇਵਾਰ ਸਾਰੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਹੋਣ ‘ਤੇ ਐਕਸ਼ਨ ਕਮੇਟੀ ਨੇ ਅੱਜ ਸੰਘਰਸ਼ ਦਾ ਐਲਾਨ ਕਰ ਦਿੱਤਾ। ਐੱਨਆਰਆਈ ਜਾਇਦਾਦਾਂ ਬਚਾਓ ਐਕਸ਼ਨ ਕਮੇਟੀ ਦੀ ਸਥਾਨਕ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਹਾਲ ਵਿਖੇ ਇਕੱਤਰਤਾ ‘ਚ ਜਨਤਕ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਹੋਏ। ਉਨ੍ਹਾਂ ਇਸ ਮੁੱਦੇ ‘ਤੇ ਦਸ ਜੁਲਾਈ ਨੂੰ ਉਪ ਮੰਡਲ ਮੈਜਿਸਟਰੇਟ ਅਤੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਵੱਡੇ ਵਫ਼ਦ ਦੇ ਰੂਪ ‘ਚ ਮਿਲਣ ਦਾ ਫ਼ੈਸਲਾ ਲਿਆ। ਆਗੂਆਂ ਨੇ ਕਿਹਾ ਕਿ ਉਸੇ ਦਿਨ ਅਧਿਕਾਰੀਆਂ ਨੂੰ ਕਾਰਵਾਈ ਲਈ ਇਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਜਾਵੇਗਾ ਅਤੇ ਫਿਰ ਵੀ ਕਾਰਵਾਈ ਨਾ ਹੋਣ ‘ਤੇ 17 ਜੁਲਾਈ ਨੂੰ ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਦਾ ਘਿਰਾਓ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਪਰਵਾਸੀ ਪੰਜਾਬੀ ਅਮਰਜੀਤ ਕੌਰ ਧਾਲੀਵਾਲ ਦੇ ਨਾਂ ਮੁੜ ਇੰਤਕਾਲ ਨਹੀਂ ਚੜ੍ਹਾਇਆ ਗਿਆ ਹੈ ਜਿਸ ਦਾ ਕਿ ਪਹਿਲਾਂ ਵਾਅਦਾ ਕੀਤਾ ਗਿਆ ਸੀ। ਕੈਨੇਡਾ ਤੋਂ ਆਈ ਕੁਲਦੀਪ ਕੌਰ ਨੇ ਵੀ ਇਸ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਇੰਤਕਾਲ ਵਾਪਸ ਆਪਣੀ ਸੱਸ ਦੇ ਨਾਂ ਚੜ੍ਹਾਉਣ ਲਈ ਚੱਕਰ ਲਗਾ ਰਹੀ ਹੈ।