ਨਰੇਗਾ ਮਜ਼ਦੂਰਾਂ ਦੀ ਛੁੱਟੀ ਦਾ ਸਮਾਂ ਬਦਲਣ ਦੀ ਮੰਗ
ਪੱਤਰ ਪ੍ਰੇਰਕ
ਅਬੋਹਰ, 27 ਦਸੰਬਰ
ਕਿਸਾਨ-ਮਜ਼ਦੂਰ ਆਗੂ ਸੁਸ਼ੀਲ ਸਿਆਗ ਸਾਬਕਾ ਪ੍ਰਧਾਨ ਸਰਪੰਚ ਯੂਨੀਅਨ ਬਲਾਕ ਅਬੋਹਰ ਨੇ ਪਿੰਡ ਢੀਂਗਾ ਵਾਲੀ ਵਿਖੇ ਅੱਜ ਸਵੇਰੇ ਨਰੇਗਾ ਮਜ਼ਦੂਰਾਂ ਦੀ ਸਮੱਸਿਆ ਸੁਣੀਆਂ। ਆਪਣੀ ਸਮੱਸਿਆਵਾਂ ਦੱਸਦਿਆਂ ਨਰੇਗਾ ਮਜ਼ਦੂਰਾਂ ਨੇ ਇੱਕ ਸੁਰ ਵਿੱਚ ਕਿਹਾ ਕਿ ਉਨ੍ਹਾਂ ਦੀ ਛੁੱਟੀ ਦਾ ਸਮਾਂ ਪੰਜ ਵਜੇ ਤੋਂ ਘਟਾ ਕੇ ਚਾਰ ਵਜੇ ਤੱਕ ਕੀਤਾ ਜਾਵੇ ਕਿਉਂਕਿ ਕੜਾਕੇ ਦੀ ਸਰਦੀ ਅਤੇ ਦਿਨ ਛੋਟੇ ਹੋਣ ਕਾਰਨ ਦਿਨ ਜਲਦੀ ਢਲ ਜਾਂਦਾ ਹੈ। ਨਰੇਗਾ ਮਜ਼ਦੂਰਾਂ ਨੇ ਦੱਸਿਆ ਕਿ ਛੁੱਟੀ ਤੋਂ ਬਾਅਦ ਉਨ੍ਹਾਂ ਨੂੰ ਪਸ਼ੂਆਂ ਲਈ ਹਰਾ ਚਾਰਾ ਲੈਣ ਜਾਣਾ ਪੈਂਦਾ ਹੈ। ਖੇਤਾਂ ਵਿੱਚ ਜਾਣਾ ਪੈਂਦਾ ਹੈ ਕਿਉਂਕਿ ਪਿੰਡ ਵਿੱਚ ਜ਼ਿਆਦਾਤਰ ਗਰੀਬ ਲੋਕ ਪਸ਼ੂ ਪਾਲਕ ਹਨ ਅਤੇ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਹਨ। ਸੁਸ਼ੀਲ ਸਿਆਗ ਨੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਤੋਂ ਮੰਗ ਕੀਤੀ ਕਿ ਮਜ਼ਦੂਰਾਂ ਦੀ ਇਸ ਮੰਗ ਨੂੰ ਜਲਦੀ ਤੋਂ ਜਲਦੀ ਪ੍ਰਵਾਨ ਕੀਤਾ ਜਾਵੇ। ਇਸ ਮੌਕੇ ਸਿਆਗ ਨੇ ਸਮੂਹ ਮਜ਼ਦੂਰਾਂ ਨੂੰ ਸ਼ਾਲ ਭੇਂਟ ਕੀਤੇ।ਜ਼ਿਕਰਯੋਗ ਹੈ ਕਿ ਸੁਸ਼ੀਲ ਸਿਆਗ ਹਰ ਵਰਗ ਦੀਆਂ ਅਸਲ ਸਮੱਸਿਆਵਾਂ ਨੂੰ ਪ੍ਰਸ਼ਾਸਨ ਅਤੇ ਸਰਕਾਰ ਦੇ ਧਿਆਨ ਵਿੱਚ ਲਿਆਉਂਦੇ ਹਨ।